ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦੇਣ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਹਿਮ ਕਦਮ

05/17/2020 3:47:27 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਕਰੀਬ 11 ਲੱਖ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦੇਣ ਲਈ ਇਕ ਅਹਿਮ ਕਦਮ ਚੁਕਦਿਆਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਸ਼ੂਆਂ ਨੂੰ ਗਲਘੋਟੂ, ਸਵਾਈਨ ਬੁਖ਼ਾਰ ਅਤੇ ਪੱਟਸੋਜ਼ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਮੁਫ਼ਤ ਲਾਏ ਜਾਣਗੇ। ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ 'ਚ ਹੁਣ ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਲਾਏ ਜਾਂਦੇ ਸਾਰੇ ਟੀਕੇ ਮੁਫ਼ਤ ਹੋ ਜਾਣਗੇ।

ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਨੇ ਇਹ ਫ਼ੈਸਲਾ ਕੋਰੋਨਾ ਮਹਾਂਮਾਰੀ ਨਾਲ ਹੋਏ ਨੁਕਸਾਨ ਕਾਰਨ ਪਸ਼ੂ ਪਾਲਕਾਂ ਨੂੰ ਕੁਝ ਰਾਹਤ ਦੇਣ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕੱਲੀ ਗਲਘੋਟੂ ਬਿਮਾਰੀ ਦੇ ਬਚਾਅ ਦਾ ਟੀਕਾ ਲਵਾਉਣ ਲਈ ਪਸ਼ੂ ਪਾਲਕਾਂ ਨੂੰ ਹਰ ਵਰ੍ਹੇ ਕਰੀਬ ਸਵਾ ਤਿੰਨ ਕਰੋੜ ਰੁਪਏ ਦਾ ਖ਼ਰਚ ਕਰਨਾ ਪੈਂਦਾ ਸੀ, ਜੋ ਹੁਣ ਬਿਲਕੁਲ ਮੁਫ਼ਤ ਲਾਇਆ ਜਾਵੇਗਾ। ਸੂਬੇ 'ਚ ਇਹ ਟੀਕਾ ਹਰ ਵਰ੍ਹੇ ਤਕਰੀਬਨ 65 ਲੱਖ ਪਸ਼ੂਆਂ ਨੂੰ ਲਾਇਆ ਜਾਂਦਾ ਹੈ।

ਬਾਜਵਾ ਨੇ ਦੱਸਿਆ ਕਿ ਗਲਘੋਟੂ ਤੋਂ ਬਿਨਾਂ ਪੰਜਾਬ ਸਰਕਾਰ ਨੇ ਸਵਾਈਨ ਬੁਖ਼ਾਰ ਅਤੇ ਪੱਟ ਸੋਜ਼ ਬੀਮਾਰੀਆਂ ਦੇ ਬਚਾਅ ਲਈ ਲਾਏ ਜਾਣ ਵਾਲੇ ਟੀਕੇ ਵੀ ਮੁਫ਼ਤ ਲਾਉਣ ਦਾ ਫੈਸਲਾ ਕੀਤਾ ਹੈ। ਪਸ਼ੂ ਪਾਲਣ ਮੰਤਰੀ ਨੇ ਦਸਿਆ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ 'ਚ ਟੀਕਾਕਰਨ ਪ੍ਰੋਗਰਾਤ ਤਹਿਤ ਪਸ਼ੂਆਂ ਅਤੇ ਮਰਗੀਆਂ ਨੂੰ ਰੋਗਾਂ ਤੋਂ ਬਚਾਉਣ ਲਾਏ ਜਾਂਦੇ ਸਾਰੇ ਹੀ ਟੀਕੇ ਮੁਫ਼ਤ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਮੂੰਹਖ਼ੁਰ ਅਤੇ ਫਲ ਸਿੱਟਣ ਦੀ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਪਹਿਲਾਂ ਹੀ ਮੁਫ਼ਤ ਲਾਏ ਜਾਂਦੇ ਹਨ। ਇਸੇ ਤਰਾਂ ਹੀ ਬੱਕਰੀਆਂ ਨੂੰ ਲੱਗਣ ਵਾਲਾ ਪੀ. ਪੀ. ਆਰ. ਅਤੇ ਮਰਗੀਆਂ ਨੂੰ ਲੱਗਣ ਵਾਲੀ ਰਾਣੀਖੇਤ ਵੈਕਸੀਨ ਦੇ ਟੀਕੇ ਵੀ ਮੁਫ਼ਤ ਲਾਏ ਜਾ ਰਹੇ ਹਨ।

ਬਾਜਵਾ ਨੇ ਦੱਸਿਆ ਕਿ ਪੰਜਬ ਸਰਕਾਰ ਦੇ ਇਸ ਫੈਸਲੇ ਨਾਲ ਸਾਰੇ ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋ ਬਚਾਉਣ ਲਈ ਸਫ਼ਲਤਾ ਦਾ ਮਿੱਥਿਆ ਗਿਆ ਟੀਚਾ ਹਾਸਲ 'ਚ ਬਹੁਤ ਵੱਡੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਤੰਦਰੁਸਤ ਅਤੇ ਬੀਮਾਰੀਆਂ ਤੋਂ ਮੁਕਤ ਪਸ਼ੂਆਂ ਅਤੇ ਮੁਰਗੀਆਂ ਦਾ ਸਿੱਧਾ ਸਬੰਧ ਮਨੁੱਖਾਂ ਦੀ ਸਿਹਤ ਨਾਲ ਵੀ ਹੈ। ਇਸ ਲਈ ਇਹ ਫ਼ੈਸਲਾ ਜਿੱਥੇ ਪਸ਼ੂਆਂ ਦੀ ਸਿਹਤ 'ਚ ਸੁਧਾਰ ਲਿਆਵੇਗਾ 'ਤੇ ਪੰਜਾਬ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਵਧਾਉਣ 'ਚ ਵੀ ਮਦਦਗਾਰ ਸਾਬਤ ਹੋਵੇਗਾ।
 


Babita

Content Editor

Related News