ਮੋਬਾਇਲ ਟਾਵਰ ਲਾਉਣ ਆਏ ਮੁਲਾਜ਼ਮਾਂ ''ਤੇ ਫੁੱਟਿਆ ਲੋਕਾਂ ਦਾ ਗੁੱਸਾ, ਗੱਡੀ ਨੂੰ ਅੱਗ ਲਾਉਣ ਦੀ ਕੀਤੀ ਕੋਸ਼ਿਸ਼
Wednesday, Mar 31, 2021 - 12:52 AM (IST)
ਜਲੰਧਰ (ਇੰਟ.)- ਪੰਜਾਬ ਵਿਚ ਜੀਓ ਤੋਂ ਬਾਅਦ ਹੁਣ ਏਅਰਟੈੱਲ ਕੰਪਨੀ ਦੇ ਮੋਬਾਇਲ ਟਾਵਰ 'ਤੇ ਲੋਕਾਂ ਦਾ ਗੁੱਸਾ ਫੁੱਟਿਆ ਹੈ। ਜਲੰਧਰ ਵਿਚ ਕੁਝ ਲੋਕਾਂ ਨੇ ਏਅਰਟੈੱਲ ਦਾ ਮੋਬਾਇਲ ਟਾਵਰ ਲਗਾਉਣ ਦਾ ਵਿਰੋਧ ਕਰ ਦਿੱਤਾ। ਟਾਵਰ ਲਾਉਣ ਆਏ ਮੁਲਾਜ਼ਮਾਂ ਨਾਲ ਕੁੱਟਮਾਰ ਕਰ ਕੇ ਉਥੋਂ ਭਜਾ ਦਿੱਤਾ ਅਤੇ ਜਿਸ ਗੱਡੀ ਵਿਚ ਟਾਵਰ ਲਿਆਂਦਾ ਗਿਆ, ਉਸ ਨੂੰ ਵੀ ਅੱਗ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਪਿੱਛੋਂ ਹਮਲਾਵਰ ਟਾਵਰ ਦੇ ਬੇਸ ਲਈ ਲਿਆਂਦਾ ਸਾਮਾਨ ਵੀ ਚੋਰੀ ਕਰ ਲੈ ਗਏ। ਪੁਲਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਮੰਤਰੀ ਦੇ ਪਰਿਵਾਰ ਦਾ ਕੋਰੋਨਾ ਟੀਕਾਕਰਨ 'ਤੇ ਵਿਵਾਦ
ਇਕ ਵੈੱਬਸਾਈਟ ਦੀ ਖਬਰ ਮੁਤਾਬਕ ਅਜੇ ਮਲਹੋਤਰਾ ਨੇ ਦੱਸਿਆ ਕਿ ਉਹ ਭਾਰਤੀ ਏਅਰਟੈੱਲ ਇੰਡੀਆ ਲਿਮਟਿਡ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਹੈੱਡ ਸਾਈਟ ਇੰਜੀਨੀਅਰ ਹਨ। ਉਨ੍ਹਾਂ ਨੇ ਫਿਲੌਰ ਦੀ ਅਕਲਪੁਰ ਰੋਡ 'ਤੇ ਮੁਹੱਲਾ ਰਵੀਦਾਸਪੁਰਾ ਦਾ ਇਕ ਪਲਾਟ ਕਿਰਾਏ 'ਤੇ ਲਿਆ ਸੀ। ਜਿਸ ਵਿਚ ਉਹ ਏਅਰਟੈੱਲ ਕੰਪਨੀ ਦਾ ਮੋਬਾਇਲ ਟਾਵਰ ਲਗਾ ਰਹੇ ਹਨ। ਇਸ ਦਾ ਗ੍ਰਾਉਂਡ ਬੇਸ ਬਣ ਕੇ ਤਿਆਰ ਹੋ ਚੁੱਕਾ ਹੈ। ਜਿਸ 'ਤੇ 8 ਲੱਖ ਰੁਪਏ ਖਰਚ ਕੀਤੇ ਗਏ ਹਨ। ਐਤਵਾਰ ਨੂੰ ਦੁਪਹਿਰ 2 ਵਜੇ ਉਨ੍ਹਾਂ ਦੀ ਕੰਪਨੀ ਦੇ ਮੁਲਾਜ਼ਮ ਪਲਾਟ ਵਿਚ ਬਣਾਏ ਬੇਸ ਵਿਚ ਮੋਬਾਇਲ ਟਾਵਰ ਖੜ੍ਹਾ ਕਰਨ ਲਈ ਗਏ ਸਨ। ਮੋਬਾਇਲ ਟਾਵਰ ਲਗਾਉਣ ਲਈ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਫਿਲੌਰ ਤੋਂ ਜ਼ਰੂਰੀ ਮਨਜ਼ੂਰੀ ਵੀ ਲੈ ਲਈ ਹੈ ਜਿਸ ਬਦਲੇ ਤਕਰੀਬਨ ਸਵਾ ਲੱਖ ਰੁਪਏ ਵੀ ਜਮ੍ਹਾ ਕਰ ਚੁੱਕੇ ਹਨ।
ਇਹ ਵੀ ਪੜ੍ਹੋ-ਪੁਲਸ ਹੱਥੇ ਚੜ੍ਹਿਆ ਸਿੱਧੂ ਮੂਸੇਵਾਲਾ ਦਾ ਫੈਨ ; ਕਾਰ 'ਤੇ ਲਿਖਵਾਇਆ 'ਬਲੈਕਲਿਸਟਿਡ', ਕੱਟਿਆ ਚਲਾਨ
ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਮੁਲਾਜ਼ਮ ਇਥੇ ਟਾਵਰ ਲਗਾਉਣ ਲਈ ਗਏ ਤਾਂ ਉਥੇ ਕੁਝ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਮੁਲਾਜ਼ਮਾਂ ਨਾਲ ਗਾਲ੍ਹਮੰਦਾ ਕੀਤਾ ਗਿਆ ਅਤੇ ਪਲਾਟ 'ਤੇ ਵੀ ਗਲਤ ਤਰੀਕੇ ਨਾਲ ਕਬਜ਼ਾ ਕੀਤਾ ਗਿਆ। ਉਨ੍ਹਾਂ ਨੇ ਮੋਬਾਇਲ ਟਾਵਰ ਵਾਲੀ ਗੱਡੀ ਨੂੰ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਮੁਲਾਜ਼ਮਾਂ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਅਜੇ ਮੁਤਾਬਕ ਜਿਨ੍ਹਾਂ ਲੋਕਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਉਨ੍ਹਾਂ ਵਿਚ ਸਿੰਦਾ ਖੇਲੀਆ, ਰਾਣਾ ਡਰਾਈਵਰ, ਬਿੰਦਰ ਡਰਾਈਵਰ ਅਤੇ ਡਾ. ਹੇਮਰਾਜ ਹੇਮੀ ਦੇ ਨਾਲ 10-11 ਹੋਰ ਲੋਕ ਸਨ।
ਇਹ ਵੀ ਪੜ੍ਹੋ-ਪ੍ਰਾਈਵੇਟ ਸਕੂਲਾਂ ਦੀ ਮਨਮਾਨੀ 'ਤੇ ਡਿਪਟੀ ਕਮਿਸ਼ਨਰ ਨੇ ਲਿਆ ਸਖ਼ਤ ਨੋਟਿਸ
ਇਨ੍ਹਾਂ ਵਿਚੋਂ ਕੁਝ ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਦੇ ਮੁਲਾਜ਼ਮ ਪਲਾਟ 'ਤੇ ਗਏ ਤਾਂ ਉਥੇ ਮੋਬਾਇਲ ਟਾਵਰ ਵਾਲੇ ਬੇਸ ਤੋਂ 72 ਵੋਲਟ ਅਤੇ ਇਕ ਟੈਂਪਲੇਸ ਪਲੇਟ ਗਾਇਬ ਸੀ। ਉਨ੍ਹਾਂ ਨੇ ਕਿਹਾ ਕਿ ਇਹ ਵੀ ਇਨ੍ਹਾਂ ਮੁਲਜ਼ਮਾਂ ਨੇ ਚੋਰੀ ਕੀਤੇ ਹਨ। ਇਸ ਮਾਮਲੇ ਵਿਚ ਅਜੇ ਮਲਹੋਤਰਾ ਮੁਤਾਬਕ ਉਨ੍ਹਾਂ ਨੇ 23 ਮਾਰਚ ਨੂੰ ਵੀ ਸ਼ਿਕਾਇਤ ਦਿੱਤੀ ਸੀ। ਇਸ ਦੇ ਬਾਵਜੂਦ ਇੰਨੀ ਵੱਡੀ ਘਟਨਾ ਵਾਪਰ ਗਈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੀ ਮਨਜ਼ੂਰੀ ਲਈ ਹੈ ਅਤੇ ਫੀਸ ਵੀ ਭਰੀ ਹੈ, ਇਸ ਦੇ ਬਾਵਜੂਦ ਉਨ੍ਹਾਂ ਨੂੰ ਮੋਬਾਇਲ ਟਾਵਰ ਨਹੀਂ ਲਗਾਉਣ ਦਿੱਤਾ ਜਾ ਰਿਹਾ। ਉਨ੍ਹਾਂ ਨੇ ਪੁਲਸ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣਾ ਕੰਮ ਕਰ ਸਕਣ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।