ਪੁਰਾਣੀ ਰੰਜਿਸ਼ ਕਾਰਨ ਝਗੜਾ, ਹਵਾਈ ਫਾਇਰ ਕਰ ਕੇ ਮਾਰਨ ਦੀ ਦਿੱਤੀ ਧਮਕੀ
Monday, Mar 12, 2018 - 03:44 AM (IST)
ਬਠਿੰਡਾ, (ਵਰਮਾ)- ਪੁਰਾਣੀ ਰੰਜਿਸ਼ ਕਾਰਨ ਪਿਤਾ-ਪੁੱਤਰ ਨੇ ਸ਼ਰਾਬ ਦੇ ਨਸ਼ੇ ਵਿਚ ਪਿੰਡ ਦੇ ਹੀ ਆਪਣੇ ਵਿਰੋਧੀ ਦੇ ਘਰ ਬਾਹਰ ਹਵਾਈ ਫਾਇਰ ਕੀਤੇ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਸ਼ਿਕਾਇਤ ਮਿਲਣ 'ਤੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਅਤੇ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ। ਰਾਮਪੁਰਾ ਫੂਲ ਦੇ ਪਿੰਡ ਭਾਈਰੂਪਾ ਦੇ ਹੀ ਭੋਲਾ ਸਿੰਘ ਤੇ ਉਸ ਦੇ ਬੇਟੇ ਸਤਨਾਮ ਸਿੰਘ ਨੇ ਮਿਲ ਕੇ ਉਨ੍ਹਾਂ ਦੇ ਘਰ ਦੇ ਬਾਹਰ 12 ਬੋਰ ਦੀ ਪਿਸਤੌਲ ਤੇ 32 ਬੋਰ ਦੀ ਪਿਸਤੌਲ ਨਾਲ ਲਗਭਗ 8-10 ਫਾਇਰ ਕੀਤੇ। ਉਨ੍ਹਾਂ ਦਾ ਇਰਾਦਾ ਉਨ੍ਹਾਂ ਨੂੰ ਜਾਨੋਂ ਮਾਰਨ ਦਾ ਸੀ ਪਰ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਨਸ਼ੇ ਦੀ ਹਾਲਤ ਵਿਚ ਦੋਵੇਂ ਘਰ ਅੰਦਰ ਦਾਖਲ ਹੋ ਗਏ ਅਤੇ ਧਮਕੀ ਦੇਣ ਲਗੇ। ਘਰ ਵਿਚ ਛੋਟੇ-ਛੋਟੇ ਬੱਚੇ ਤੇ ਲੜਕੀਆਂ ਸਨ, ਜੋ ਡਰ ਕਾਰਨ ਕਮਰੇ ਵਿਚ ਬੈਠ ਗਏ ਅਤੇ ਉਹ ਦੋਵੇਂ ਧਮਕੀਆਂ ਦਿੰਦੇ ਰਹੇ। ਉਨ੍ਹਾਂ ਦੱਸਿਆ ਕਿ ਲਗਭਗ 2 ਸਾਲ ਪਹਿਲਾਂ ਉਨ੍ਹਾਂ ਨੇ ਉਸ ਦੇ ਭਰਾ ਭੁਪਿੰਦਰ ਸਿੰਘ ਦੀ ਕੁੱਟ-ਮਾਰ ਕੀਤੀ ਸੀ, ਜਿਸ ਵਿਚ ਉਹ ਬਤੌਰ ਗਵਾਹ ਸੀ। ਹੁਣ ਉਨ੍ਹਾਂ ਨੇ ਬਦਲਾ ਲੈਣ ਦੀ ਰੰਜਿਸ਼ ਨਾਲ ਉਨ੍ਹਾਂ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਏ। ਥਾਣਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਨਾਜਮ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਭੋਲਾ ਸਿੰਘ ਤੇ ਉਸ ਦੇ ਬੇਟੇ ਸਤਨਾਮ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਦੋਵਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਜਾਵੇਗਾ।
