ਸ਼ੁਭਕਰਨ ਦੀ ਮੌਤ ਦੇ ਮਾਮਲੇ ’ਤੇ ਆਈ ਅਹਿਮ ਰਿਪੋਰਟ, ਹਰਿਆਣਾ ਦੀ ਸਰਹੱਦ ’ਤੇ ਵਾਪਰੀ ਸੀ ਇਹ ਅਣਹੋਣੀ

Wednesday, May 29, 2024 - 06:08 AM (IST)

ਚੰਡੀਗੜ੍ਹ (ਹਾਂਡਾ)– ਕਿਸਾਨ ਅੰਦੋਲਨ ’ਚ ਪ੍ਰਦਰਸ਼ਨ ਦੌਰਾਨ ਸ਼ੁਭਕਰਨ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਗਠਿਤ ਨਿਆਂਇਕ ਜਾਂਚ ਕਮੇਟੀ ਨੇ ਆਪਣੀ ਅੰਤ੍ਰਿਮ ਰਿਪੋਰਟ ਹਾਈਕੋਰਟ ਨੂੰ ਸੌਂਪ ਦਿੱਤੀ ਹੈ।

ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੀ ਸਰਹੱਦ ’ਤੇ ਹੋਈ ਸੀ, ਇਸ ਲਈ ਕਿਸ ਹਥਿਆਰ ਦੀ ਵਰਤੋਂ ਕੀਤੀ ਗਈ ਸੀ ਤੇ ਉਸ ਦੀ ਮੌਤ ਦੇ ਜ਼ਿੰਮੇਵਾਰ ਕੌਣ ਹਨ, ਇਸ ਦਾ ਫ਼ੈਸਲਾ ਹੋਣਾ ਬਾਕੀ ਹੈ। ਇਸ ਰਿਪੋਰਟ ਨੂੰ ਰਿਕਾਰਡ ’ਤੇ ਲੈਂਦਿਆਂ ਹਾਈਕੋਰਟ ਨੇ ਪੋਸਟਮਾਰਟਮ ਰਿਪੋਰਟ ਤੇ ਹੋਰ ਫੋਰੈਂਸਿਕ ਸਬੂਤ ਜਾਂਚ ਕਮੇਟੀ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਪਾਰਾ 49 ਡਿਗਰੀ ਪਾਰ, ਗਰਮੀ ਨੇ ਤੋੜੇ ਕਈ ਸਾਲਾਂ ਦੇ ਰਿਕਾਰਡ, 3 ਦਿਨ ਰੈੱਡ, ਆਰੇਂਜ ਤੇ ਯੈਲੋ ਅਲਰਟ

ਸ਼ੁਭਕਰਨ ਦੀ 21 ਫਰਵਰੀ ਨੂੰ ਪੰਜਾਬ-ਹਰਿਆਣਾ ਸਰਹੱਦ ’ਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਾਰੰਟੀ ਵਾਲੇ ਕਾਨੂੰਨ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨ ਦੌਰਾਨ ਮੌਤ ਹੋ ਗਈ ਸੀ। ਦੋਸ਼ ਹੈ ਕਿ ਉਸ ਦੀ ਮੌਤ ਹਰਿਆਣਾ ਪੁਲਸ ਵਲੋਂ ਚਲਾਈ ਗਈ ਗੋਲੀ ਕਾਰਨ ਹੋਈ ਸੀ। ਇਸ ਮਾਮਲੇ ’ਚ ਪੰਚਕੂਲਾ ਨਿਵਾਸੀ ਐਡਵੋਕੇਟ ਉਦੈ ਪ੍ਰਤਾਪ ਸਿੰਘ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ।

7 ਮਾਰਚ ਨੂੰ ਹਾਈ ਕੋਰਟ ਨੇ ਸ਼ੁਭਕਰਨ ਦੀ ਮੌਤ ਦੀ ਜਾਂਚ ਲਈ ਹਾਈਕੋਰਟ ਦੇ ਸੇਵਾਮੁਕਤ ਜੱਜ ਜੈਸ਼੍ਰੀ ਠਾਕੁਰ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਸੀ। ਤਿੰਨ ਮੈਂਬਰੀ ਕਮੇਟੀ ’ਚ ਉਨ੍ਹਾਂ ਨਾਲ ਹਰਿਆਣਾ ਦੇ ਏ. ਡੀ. ਜੀ. ਪੀ. ਅਮਿਤਾਭ ਸਿੰਘ ਢਿੱਲੋਂ ਤੇ ਪੰਜਾਬ ਦੇ ਏ. ਡੀ. ਜੀ. ਪੀ. ਪ੍ਰਮੋਦ ਬਾਨ ਸ਼ਾਮਲ ਸਨ। ਕਮੇਟੀ ਨੇ ਜਾਂਚ ਕਰਨੀ ਸੀ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੇ ਅਧਿਕਾਰ ਖ਼ੇਤਰ ’ਚ ਹੋਈ ਸੀ ਜਾਂ ਪੰਜਾਬ ਦੇ, ਮੌਤ ਦਾ ਕਾਰਨ ਕੀ ਸੀ ਤੇ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ?

ਇਸ ਦੇ ਨਾਲ ਹੀ ਹਾਲਾਤ ਮੁਤਾਬਕ ਅੰਦੋਲਨਕਾਰੀਆਂ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ? ਕਮੇਟੀ ਨੇ ਸ਼ੁਭਕਰਨ ਦੀ ਮੌਤ ਦੇ ਮੁਆਵਜ਼ੇ ਬਾਰੇ ਵੀ ਫ਼ੈਸਲਾ ਲੈਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News