ਦਵਾਈ ਲੈ ਕੇ ਘਰ ਪਰਤ ਰਹੇ ਪਿਓ-ਧੀ ਨਾਲ ਵਾਪਰਿਆ ਹਾਦਸਾ, ਘਰ 'ਚ ਵਿਛ ਗਏ ਸੱਥਰ
Tuesday, Jan 03, 2023 - 09:50 PM (IST)

ਬਨੂੜ (ਗੁਰਪਾਲ) : ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਹਸਪਤਾਲ ’ਚੋਂ ਦਵਾਈ ਲੈ ਕੇ ਆ ਰਹੇ ਐਕਟਿਵਾ ਸਵਾਰ ਪਿਓ-ਪੁੱਤਰ ਨੂੰ ਘੌੜਾ ਟਰਾਲਾ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਦੋਵੇਂ ਜ਼ਖਮੀ ਹੋ ਗਏ ਤੇ ਇਲਾਜ ਦੌਰਾਨ ਪਿਤਾ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਪਿੰਡ ਬੂਟਾ ਸਿੰਘ ਵਾਲਾ ਦੇ ਪੰਚ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਭਰਾ ਪਰਮਜੀਤ ਸਿੰਘ ਪੰਮੀ (45) ਆਪਣੀ 20 ਸਾਲਾ ਪੁੱਤਰੀ ਮਨਜੀਤ ਕੌਰ ਨਾਲ ਐਕਟਿਵਾ ’ਤੇ ਹਸਪਤਾਲ ’ਚੋਂ ਦਵਾਈ ਲੈਣ ਗਿਆ ਸੀ।
ਇਹ ਵੀ ਪੜ੍ਹੋ : ਘਰ ਦੇ ਵਿਹੜੇ ’ਚ ਅੱਗ ਸੇਕ ਰਹੇ ਪਿਓ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ
ਪਿਓ-ਪੁੱਤਰੀ ਜਦੋਂ ਹਸਪਤਾਲ ’ਚੋਂ ਦਵਾਈ ਲੈ ਕੇ ਵਾਪਸ ਘਰ ਪਰਤ ਰਹੇ ਸਨ ਤਾਂ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਜਲਾਲਪੁਰ ਟੀ-ਪੁਆਇੰਟ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਘੋੜਾ ਟਰਾਲਾ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ’ਚ ਦੋਵੇਂ ਪਿਓ-ਪੁੱਤਰੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ਵਿਖੇ ਭਰਤੀ ਕਰਵਾਇਆ ਜਿਥੇ ਪਰਮਜੀਤ ਸਿੰਘ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਅੱਜ ਸਵੇਰੇ ਇਲਾਜ ਦੌਰਾਨ ਹਸਪਤਾਲ ’ਚ ਦਮ ਤੋੜ ਗਿਆ। ਦੱਸਿਆ ਕਿ ਮ੍ਰਿਤਕ ਪਰਮਜੀਤ ਸਿੰਘ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ।
ਇਹ ਵੀ ਪੜ੍ਹੋ : PM ਮੋਦੀ ਨੇ ਬ੍ਰਿਟੇਨ ਦੇ ਰਾਜਾ ਚਾਰਲਸ III ਨਾਲ ਫੋਨ 'ਤੇ ਕੀਤੀ ਗੱਲ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਜਾਂਚ ਅਧਿਕਾਰੀ ਐੱਸ. ਆਈ. ਜਸਵਿੰਦਰਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਐਕਟਿਵਾ ਨੂੰ ਟੱਕਰ ਮਾਰਨ ਵਾਲੇ ਘੌੜਾ ਟਰਾਲਾ ਨੂੰ ਰਾਹਗੀਰਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਹੈ ਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਚਾਲਕ ਖਿਲਾਫ਼ ਮਾਮਲਾ ਦਰਜ ਕਰਨ ਉਪਰੰਤ ਮ੍ਰਿਤਕ ਦੇਹ ਦਾ ਪੋਸਟਮਾਰਟਮ ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।