ਜਿਸਮਫਰੋਸ਼ੀ ਦੇ ਅੱਡਿਆਂ 'ਚੋਂ ਗ੍ਰਿਫਤਾਰ ਥਾਈਲੈਂਡ ਦੀਆਂ 8 ਲੜਕੀਆਂ ਹੋਣਗੀਆਂ ਡਿਪੋਰਟ

2020-01-29T10:02:03.767

ਅੰਮ੍ਰਿਤਸਰ (ਸੰਜੀਵ) : ਮਸਾਜ ਸੈਂਟਰਾਂ ਦੀ ਆੜ 'ਚ ਚੱਲ ਰਹੇ ਜਿਸਮਫਰੋਸ਼ੀ ਦੇ  ਅੱਡੇ ਬੇਨਕਾਬ ਕਰ ਕੇ ਥਾਣਾ ਸਿਵਲ ਲਾਈਨ ਦੀ ਪੁਲਸ ਨੇ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਦੇ ਨਿਰਦੇਸ਼ਾਂ 'ਤੇ ਕੇਂਦਰੀ ਜੇਲ ਭੇਜ ਦਿੱਤਾ ਗਿਆ ਹੈ, ਜਦਕਿ ਦੂਜੇ ਪਾਸੇ ਸਪਾ ਸੈਂਟਰਾਂ ਤੋਂ ਹਿਰਾਸਤ ਵਿਚ ਲਈਆਂ ਗਈਆਂ 8 ਵਿਦੇਸ਼ੀ ਅਤੇ 4 ਭਾਰਤੀ ਲੜਕੀਆਂ ਨੂੰ ਪੁੱਛਗਿਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਸਪਾ ਸੈਂਟਰਾਂ 'ਚ ਕੰਮ ਕਰ ਰਹੀਆਂ 12 ਲੜਕੀਆਂ ਨੂੰ ਪੁੱਛਗਿਛ ਲਈ ਹਿਰਾਸਤ 'ਚ ਲਿਆ ਗਿਆ ਸੀ, ਜਿਨ੍ਹਾਂ 'ਚ 8 ਥਾਈਲੈਂਡ ਦੀਆਂ ਰਹਿਣ ਵਾਲੀਆਂ ਸਨ ਅਤੇ 2 ਦਿੱਲੀ ਤੇ 2 ਅੰਮ੍ਰਿਤਸਰ ਦੀਆਂ ਸਨ। ਇਨ੍ਹਾਂ ਤੋਂ ਹੋਈ ਪੁੱਛਗਿਛ ਵਿਚ ਇਹ ਗੱਲ ਸਾਹਮਣੀ ਆਈ ਕਿ ਸਪਾ ਸੈਂਟਰ ਇਨ੍ਹਾਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਸਨ ਅਤੇ ਇਨ੍ਹਾਂ ਤੋਂ ਜਬਰੀ ਕੰਮ ਕਰਵਾਇਆ ਜਾਂਦਾ ਸੀ। ਮਸਾਜ ਦੀ ਆੜ 'ਚ ਉਨ੍ਹਾਂ ਨੂੰ ਧੰਦੇ ਵਿਚ ਵੀ ਝੋਕਿਆ ਜਾਂਦਾ ਸੀ। ਸਾਰੀਆਂ ਲੜਕੀਆਂ ਪੈਸਿਆਂ ਦੀ ਮਜਬੂਰੀ 'ਚ ਆ ਕੇ ਕੰਮ ਕਰ ਰਹੀਆਂ ਸਨ, ਜਿਨ੍ਹਾਂ ਨੂੰ ਪੁਲਸ ਨੇ ਰੈਸਕਿਊ ਕਰ ਕੇ ਸਪਾ ਸੈਂਟਰਾਂ ਦੇ ਕਬਜ਼ੇ ਤੋਂ ਛੁਡਾਇਆ।

ਗ੍ਰਿਫਤਾਰ ਕੀਤੇ ਮੁਲਜ਼ਮ
ਦੇਰ ਰਾਤ ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਡਾਇਮੰਡ ਸਪਾ ਮਦਨ ਮੋਹਨ ਮਾਲਵੀਆ ਰੋਡ 'ਤੇ ਹੋਈ ਛਾਪੇਮਾਰੀ 'ਚ ਸਪਾ ਦੇ ਮਾਲਕ ਪਿੰ੍ਰਸਜੋਤ ਸਿੰਘ ਸਮੇਤ ਉਸ ਦੇ ਕਰਮਚਾਰੀ ਅਮਨ, ਲਖਵਿੰਦਰ ਸਿੰਘ ਅਤੇ ਗਾਹਕ ਰਿਤਿਨ ਮਹਾਜਨ ਨੂੰ ਗ੍ਰਿਫਤਾਰ ਕੀਤਾ ਗਿਆ। ਜਦਕਿ ਕੁਈਨਜ਼ ਰੋਡ ਸਥਿਤ ਮਾਈ ਸਪਾ ਸੈਂਟਰ ਤੋਂ ਮੈਨੇਜਰ ਸਤਬੀਰ ਸਿੰਘ ਦੇ ਨਾਲ ਗਾਹਕ ਮਨਜੀਤ ਸਿੰਘ, ਜਸਪ੍ਰੀਤ ਸਿੰਘ, ਰਾਜਵੰਸ਼ ਅਤੇ ਰਿਸ਼ਭ ਸ਼ਿੰਗਾਰੀ ਨੂੰ ਗ੍ਰਿਫਤਾਰ ਕੀਤਾ ਗਿਆ, ਉਥੇ ਹੀ ਕੁਈਨਜ਼ ਰੋਡ 'ਤੇ ਸਥਿਤ 13 ਸਪਾ ਸੈਂਟਰਾਂ 'ਤੇ ਹੋਈ ਛਾਪੇਮਾਰੀ 'ਚ ਸਪਾ ਦੇ ਮਾਲਕ ਗੌਤਮ ਸਮੇਤ ਉਨ੍ਹਾਂ ਦੇ ਗਾਹਕ ਅਨਿਲ ਸ਼ਰਮਾ, ਹਰਪ੍ਰੀਤ ਸਿੰਘ ਅਤੇ ਰਿਤਿਕ ਖੋਖਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਸਾਰਿਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਵਿਦੇਸ਼ੀ ਲੜਕੀਆਂ ਦੀ ਰਿਪੋਰਟ ਭੇਜੀ ਜਾਵੇਗੀ ਵਿਦੇਸ਼ ਮੰਤਰਾਲਾ
ਸਪਾ ਸੈਂਟਰਾਂ ਤੋਂ ਫੜੀਆ ਗਈਆਂ 8 ਵਿਦੇਸ਼ੀ ਲੜਕੀਆਂ ਥਾਈਲੈਂਡ ਦੀਆਂ ਰਹਿਣ ਵਾਲੀਆਂ ਹਨ, ਜਿਨ੍ਹਾਂ ਦੇ ਪਾਸਪੋਰਟ ਅਤੇ ਹੋਰ ਕਾਗਜ਼ਾਤ ਪੁਲਸ ਵੱਲੋਂ ਜ਼ਬਤ ਕਰ ਲਏ ਗਏ ਹਨ। ਇਹ ਸਾਰੀਆਂ ਲੜਕੀਆਂ ਆਪਣੇ ਦੇਸ਼ ਤੋਂ ਭਾਰਤ ਘੁੰਮਣ ਲਈ ਟੂਰਿਸਟ ਵੀਜ਼ੇ 'ਤੇ ਆਈਆਂ ਸਨ ਅਤੇ ਮਸਾਜ ਸੈਂਟਰਾਂ 'ਚ ਕੰਮ ਕਰ ਰਹੀਆਂ ਸੀ। ਬਿਨਾਂ ਵਰਕ ਪਰਮਿਟ ਦੇ ਕੰਮ ਕਰਨ ਵਾਲੀਆਂ ਇਨ੍ਹਾਂ ਸਾਰੀਆਂ ਲੜਕੀਆਂ ਦੀ ਰਿਪੋਰਟ ਬਣਾ ਕੇ ਪੁਲਸ ਵਿਦੇਸ਼ ਮੰਤਰਾਲਾ ਨੂੰ ਭੇਜ ਰਹੀ ਹੈ, ਜਿਸ ਤੋਂ ਬਾਅਦ ਇਨ੍ਹਾਂ ਦੇ ਦੇਸ਼ ਡਿਪੋਰਟ ਕਰ ਦਿੱਤਾ ਜਾਵੇਗਾ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੂੰ ਇਨਪੁਟ ਮਿਲੀ ਸੀ ਕਿ ਇਨ੍ਹਾਂ ਮਸਾਜ ਸੈਂਟਰਾਂ 'ਚ ਗ਼ੈਰ-ਕਾਨੂੰਨੀ ਧੰਦਾ ਕੀਤਾ ਜਾ ਰਿਹਾ ਹੈ, ਜਦੋਂ ਇਥੇ ਛਾਪੇਮਾਰੀ ਕੀਤੀ ਗਈ ਤਾਂ ਇਥੋਂ ਗਾਹਕਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਫੜਿਆ ਗਿਆ ਅਤੇ ਮੌਕੇ ਤੋਂ ਕੁਝ ਸ਼ੱਕੀ ਸਾਮਾਨ ਵੀ ਬਰਾਮਦ ਹੋਇਆ। ਪੁਲਸ ਵੱਲੋਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ, ਜਦੋਂ ਕਿ ਪੀੜਤ ਲੜਕੀਆਂ ਨੂੰ ਛੱਡ ਦਿੱਤਾ ਗਿਆ ਹੈ।

ਸ਼ਹਿਰ 'ਚ 100 ਤੋਂ ਵੱਧ ਥਾਈਲੈਂਡ ਦੀਆਂ ਲੜਕੀਆਂ ਕੰਮ ਕਰ ਰਹੀਆਂ ਹਨ ਮਸਾਜ ਸੈਂਟਰਾਂ 'ਚ
ਅੰਮ੍ਰਿਤਸਰ 'ਚ 100 ਤੋਂ ਵੱਧ ਮਸਾਜ ਸੈਂਟਰ ਚੱਲ ਰਹੇ ਹਨ, ਜਿਥੇ 100 ਤੋਂ ਵੱਧ ਹੀ ਥਾਈਲੈਂਡ ਦੀਆਂ ਲੜਕੀਆਂ ਕੰਮ ਕਰ ਰਹੀਆਂ ਹਨ। ਫਿਲਹਾਲ ਪੁਲਸ 8 ਵਿਦੇਸ਼ੀ ਲੜਕੀਆਂ ਨੂੰ ਫੜ ਕੇ ਬੇਸ਼ੱਕ ਆਪਣੀ ਪਿੱਠ ਥਪਥਪਾ ਰਹੀ ਹੈ ਪਰ ਸ਼ਹਿਰ 'ਚ ਚੱਲ ਰਹੇ ਹੋਰ ਮਸਾਜ ਸੈਂਟਰਾਂ 'ਚ ਵੀ ਮਸਾਜ ਦੀ ਆੜ 'ਚ ਗ਼ੈਰ-ਕਾਨੂੰਨੀ ਧੰਦਾ ਚੱਲ ਰਿਹਾ ਹੈ। ਕੀ ਪੁਲਸ ਇਨ੍ਹਾਂ ਸੈਂਟਰਾਂ 'ਤੇ ਵੀ ਕਾਨੂੰਨੀ ਕਾਰਵਾਈ ਕਰੇਗੀ? ਕੀ ਇਨ੍ਹਾਂ ਸੈਂਟਰਾਂ 'ਚ ਕੰਮ ਕਰ ਰਹੀਆਂ ਵਿਦੇਸ਼ੀ ਲੜਕੀਆਂ ਨੂੰ ਵੀ ਫੜ ਕੇ ਡਿਪੋਰਟ ਕੀਤਾ ਜਾਵੇਗਾ? ਕੀ ਇਨ੍ਹਾਂ ਸੈਂਟਰਾਂ ਦੇ ਮਾਲਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ? ਕੀ ਗ਼ੈਰ-ਕਾਨੂੰਨੀ ਰੂਪ ਨਾਲ ਚੱਲ ਰਹੇ ਮਸਾਜ ਸੈਂਟਰਾਂ ਨੂੰ ਵੀ ਸੀਲ ਕੀਤਾ ਜਾਵੇਗਾ? ਇਹ ਕੁਝ ਅਜਿਹੇ ਸਵਾਲ ਹਨ, ਜੋ ਉੱਚ ਪੁਲਸ ਅਧਿਕਾਰੀਆਂ ਲਈ ਗੰਭੀਰ ਜਾਂਚ ਦਾ ਵਿਸ਼ਾ ਹੈ।


Baljeet Kaur

Content Editor

Related News