ਪੰਜਾਬ ਨੂੰ ਕਾਂਗਰਸ ਤੇ ਅਕਾਲੀਆਂ ਤੋਂ ਨਿਜਾਤ ਦਿਵਾਏਗਾ ਮਹਾਗਠਜੋੜ : ਖਹਿਰਾ

01/12/2019 1:18:12 PM

ਅੰਮ੍ਰਿਤਸਰ(ਮਮਤਾ, ਵੜੈਚ)— ਪੰਜਾਬ ਨੂੰ ਕਾਂਗਰਸ ਤੇ ਅਕਾਲੀ ਦਲ ਬਾਦਲ ਤੋਂ ਨਿਜਾਤ ਦਿਵਾਉਣ ਲਈ ਸਮੂਹ ਵਿਰੋਧੀ ਦਲ ਇਕ ਮਹਾਗਠਜੋੜ ਬਣਾ ਕੇ ਲੋਕ ਸਭਾ ਚੋਣਾਂ ਇਕਜੁੱਟ ਹੋ ਕੇ ਲੜਨਗੇ। ਇਹ ਦਾਅਵਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਕੀਤਾ। ਉਹ ਸ਼ੁੱਕਰਵਾਰ ਨੂੰ ਪਾਰਟੀ ਗਠਿਤ ਕਰਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਵਾਲਮੀਕਿ ਤੀਰਥ, ਰਾਮਤੀਰਥ ਤੇ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਣ ਪੁੱਜੇ।

ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਤੋਂ ਬਲ ਮੰਗਣ ਆਏ ਹਨ ਕਿ ਪੰਜਾਬ ਵਿਚ ਲੰਬੇ ਸਮੇਂ ਤੋਂ ਰਾਜ ਕਰ ਕੇ ਇਥੇ ਲੁੱਟ-ਖਸੁੱਟ ਕਰ ਰਹੇ 2 ਦਲਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਰਗੀਆਂ ਤਾਕਤਵਰ ਪਾਰਟੀਆਂ ਨਾਲ ਉਹ ਲੜ ਸਕਣ। ਉਨ੍ਹਾਂ ਕਿਹਾ ਕਿ ਦਿੱਲੀ 'ਚ ਕਰਵਾਏ ਗਏ '84 ਦੰਗਿਆਂ ਦਾ ਦਾਗ ਜਿਥੇ ਕਾਂਗਰਸ ਦੇ ਦਾਮਨ ਤੋਂ ਅੱਜ ਤੱਕ ਨਹੀਂ ਹਟਿਆ, ਉਥੇ ਹੀ ਸਿੱਖਾਂ ਦੀ ਤਰਜਮਾਨੀ ਕਰਨ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਐੱਸ. ਜੀ. ਪੀ. ਸੀ. ਨੂੰ ਤਬਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਆਪਣੇ ਹਿੱਤਾਂ ਦੀ ਪੂਰਤੀ 'ਚ ਲੱਗੇ ਰਹੇ ਤੇ ਕਿਸੇ ਦੀ ਸਾਰ ਨਹੀਂ ਲਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਣ ਤੱਕ ਕਾਰਜਕਾਲ ਦੌਰਾਨ ਬਾਦਲ ਪਰਿਵਾਰ ਦੇ ਕਾਲੇ ਕਾਰੋਬਾਰ ਬੰਦ ਨਹੀਂ ਹੋਏ ਸਗੋਂ ਹੋਰ ਵਧੇ ਹਨ। ਉਨ੍ਹਾਂ ਆਪਣੇ 'ਤੇ ਕਾਂਗਰਸ ਦੀ ਬੀ ਟੀਮ ਹੋਣ ਦੇ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜੇਕਰ ਉਹ ਉਸ ਦੇ ਨਾਲ ਹੁੰਦੇ ਤਾਂ ਕਾਂਗਰਸ ਐੱਨ. ਡੀ. ਪੀ. ਸੀ. ਐਕਟ ਤਹਿਤ ਡਰੱਗਜ਼ ਦੇ ਮਾਮਲੇ 'ਚ ਉਨ੍ਹਾਂ ਨੂੰ ਨਾ ਫਸਾਉਂਦੀ ਤੇ ਨਾ ਹੀ ਉਹ ਰਾਣਾ ਗੁਰਜੀਤ ਦੇ ਗ਼ੈਰ-ਕਾਨੂੰਨੀ ਮਾਈਨਿੰਗ ਮਾਫੀਆ ਦਾ ਪਰਦਾਫਾਸ਼ ਕਰ ਕੇ ਉਨ੍ਹਾਂ ਨੂੰ ਅਸਤੀਫਾ ਦਿਵਾਉਂਦੀ। ਇਸ ਮੌਕੇ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਪਰਗਟ ਸਿੰਘ  ਚੋਗਾਵਾਂ, ਜਹਾਂਗੀਰ, ਸੁਰਿੰਦਰ ਕੰਵਲ ਸਮੇਤ ਪਾਰਟੀ ਦੇ ਸਮੂਹ ਕਾਰਜਕਰਤਾ ਮੌਜੂਦ ਸਨ। ਇਸ ਉਪਰੰਤ ਉਹ 'ਆਪ' ਦੇ ਸਾਬਕਾ ਜ਼ਿਲਾ ਪ੍ਰਧਾਨ ਸੁਰੇਸ਼ ਸ਼ਰਮਾ ਦਾ ਹਾਲ ਪੁੱਛਣ ਉਨ੍ਹਾਂ ਦੇ  ਨਿਵਾਸ 'ਤੇ ਗਏ ਤੇ ਸਿੱਖ ਦੰਗਿਆਂ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਦੇ ਘਰ ਵੀ ਗਏ ਅਤੇ  ਉਨ੍ਹਾਂ ਨੂੰ ਸਨਮਾਨਿਤ ਕੀਤਾ।


cherry

Content Editor

Related News