ਖਾਕੀ ਹੋਈ ਦਾਗਦਾਰ : ਪੁਲਸ ਮੁਲਾਜ਼ਮ 'ਤੇ ਲੱਗੇ ਜਬਰ-ਜ਼ਨਾਹ ਦੇ ਦੋਸ਼
Wednesday, Oct 30, 2019 - 01:54 PM (IST)
ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਦੀ ਇਕ ਕੁੜੀ ਨੇ ਪੁਲਸ ਮੁਲਾਜ਼ਮ 'ਤੇ ਨੌਕਰੀ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਪਟਿਆਲਾ 'ਚ ਤਾਇਨਾਤ ਇਕ ਪੁਲਸ ਮੁਲਾਜ਼ਮ ਪਿਛਲੇ ਕਾਫੀ ਸਮੇਂ ਤੋਂ ਉਸ ਦੇ ਸਪੰਰਕ 'ਚ ਸੀ। ਉਹ ਪਿਛਲੇ 4 ਸਾਲਾ ਤੋਂ ਉਸ ਨੂੰ ਪੰਜਾਬ ਪੁਲਸ 'ਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਜ਼ਬਰ-ਜਨਾਹ ਕਰਦਾ ਰਿਹਾ। ਉਸ ਨੇ ਦੱਸਿਆ ਕਿ ਉਕਤ ਪੁਲਸ ਵਾਲੇ ਦੇ ਦੋ ਬੱਚੇ ਵੀ ਹਨ ਅਤੇ ਉਸ ਦਾ ਪਤਨੀ ਨਾਲ ਤਲਾਕ ਦਾ ਕੇਸ ਕੋਰਟ 'ਚ ਚੱਲ ਰਿਹਾ ਹੈ। ਪੀੜਤਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਸ ਨੇ ਪਟਿਆਲਾ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਸੀ, ਜਿਥੇ ਉਸ ਦਾ ਰਾਜ਼ੀਨਾਮਾ ਹੋ ਗਿਆ ਸੀ ਪਰ ਹੁਣ ਉਸ ਨੇ ਫਿਰ ਤੋਂ ਮੈਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪੀੜਤਾ ਨੇ ਦੱਸਿਆ ਕਿ ਉਹ ਆਪਣੇ ਭਰਾ ਸਮੇਤ ਉਨ੍ਹਾਂ ਦੇ ਦਫਤਰ 'ਚ ਉਸ ਨੂੰ ਧਮਕਾਉਣ ਆਇਆ ਸੀ ਤੇ ਉਸ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਸ਼ਕਲ ਨਾਲ ਉਸ ਨੇ ਖੁਦ ਨੂੰ ਬਚਾਅ ਲਿਆ। ਉਸ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਵੀ ਕੀਤੀ ਪਰ ਅਜੇ ਤੱਕ ਪੁਲਸ ਨੇ ਵੀ ਉਸ ਦੀ ਕੋਈ ਨਹੀਂ ਸੁਣਵਾਈ ਕੀਤੀ। ਉਸ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ।
ਇਸ ਮਾਮਲੇ ਸਬੰਧੀ ਜਦੋਂ ਮੀਡੀਆ ਨੇ ਪੁਲਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੀਡੀਆ 'ਤੇ ਹੀ ਭੜਕ ਗਏ, ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਹੀ ਨਹੀਂ ਆਈ। ਪੁਲਸ ਨੇ ਮੀਡੀਆ ਦੇ ਕੈਮਰੇ ਤੱਕ ਬੰਦ ਕਰਵਾ ਦਿੱਤੇ ਅਤੇ ਉਨ੍ਹਾਂ ਨੂੰ ਧੱਕੇ ਮਾਰਕੇ ਥਾਣੇ 'ਚ ਬਾਹਰ ਕੱਢ ਦਿੱਤਾ।