ਅੰਮ੍ਰਿਤਸਰ ਪੁਲਸ ਨੂੰ ਸ਼ੂਟਰ ਮੁੰਡੀ, ਪੰਡਿਤ ਅਤੇ ਜੋਕਰ ਦਾ ਨਹੀਂ ਮਿਲਿਆ ਰਿਮਾਂਡ, ਭੇਜਿਆ ਜੇਲ੍ਹ
Saturday, Oct 01, 2022 - 09:06 PM (IST)
ਅੰਮ੍ਰਿਤਸਰ (ਜਸ਼ਨ)-ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ’ਚ ਪੰਜਾਬ ਪੁਲਸ ਅਤੇ ਏਜੰਸੀਆਂ ਦੇ ਸਹਿਯੋਗ ਨਾਲ ਨੇਪਾਲ ਦੀ ਸਰਹੱਦ ਤੋਂ ਫੜੇ ਗਏ ਸ਼ੂਟਰ ਦੀਪਕ ਮੁੰਡੀ ਅਤੇ ਉਸ ਦੇ ਦੋ ਹੋਰ ਸਾਥੀਆਂ ਗੈਂਗਸਟਰ ਰਜਿੰਦਰ ਉਰਫ ਜੋਕਰ ਅਤੇ ਕਪਿਲ ਪੰਡਿਤ ਨੂੰ ਅੰਮ੍ਰਿਤਸਰ ਦੀ ਮਜੀਠਾ ਰੋਡ ਥਾਣੇ ਦੀ ਪੁਲਸ ਨੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਤਿੰਨੋਂ ਮੁਲਜ਼ਮ ਪਹਿਲਾਂ ਹੀ ਮਜੀਠਾ ਰੋਡ ਥਾਣੇ ਦੀ ਪੁਲਸ ਕੋਲ 5 ਦਿਨਾਂ ਦੇ ਰਿਮਾਂਡ ’ਤੇ ਚੱਲ ਰਹੇ ਸਨ। ਪੁਲਸ ਉਕਤ ਤਿੰਨਾਂ ਮੁਲਜ਼ਮਾਂ ਤੋਂ ਰਾਣਾ ਕੰਦੋਵਾਲੀਆ ਕਤਲ ਕੇਸ ਸਬੰਧੀ ਪੁੱਛਗਿੱਛ ਕਰ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, ਦੁਬਈ ਤੋਂ ਕਿਸ ਨੇ ਭੇਜਿਆ, ‘ਆਪ’ ਸਰਕਾਰ ਕਰਵਾਏ ਜਾਂਚ
ਇਸ ਦੌਰਾਨ ਪਲਸ ਨੇ ਮੁੜ ਉਪਰੋਕਤ ਤਿੰਨਾਂ ਦਾ ਪੁਲਸ ਰਿਮਾਂਡ ਮੰਗਦਿਆਂ ਕਿਹਾ ਕਿ ਰਾਣਾ ਕੰਦੋਵਾਲੀਆ ਦੇ ਕਤਲ ਦੇ ਮਾਮਲੇ ਵਿਚ ਹੁਣ ਹੋਰ ਜਾਣਕਾਰੀ ਹਾਸਲ ਕੀਤੀ ਜਾਣੀ ਹੈ ਪਰ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਉਪਰੋਕਤ ਤਿੰਨਾਂ ਗੈਂਗਸਟਰਾਂ ਨੂੰ ਅਗਲੇ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ। ਇਸੇ ਤਰ੍ਹਾਂ ਅੰਮ੍ਰਿਤਸਰ ਪੁਲਸ ਉਕਤ ਤਿੰਨਾਂ ਦਾ ਪੁਲਸ ਰਿਮਾਂਡ ਮੰਗਦੀ ਹੋਈ ਖਾਲੀ ਹੱਥ ਪਰਤ ਗਈ। ਜਾਣਕਾਰੀ ਅਨੁਸਾਰ ਪੁਲਸ ਨੇ ਉਪਰੋਕਤ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 8 ਦਿਨਾਂ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਅਤੇ ਪੁਲਸ ਨੂੰ ਪੂਰੀ ਉਮੀਦ ਸੀ ਕਿ ਉਹ ਤਿੰਨਾਂ ਮੁਲਜ਼ਮਾਂ ਦਾ ਪਲਸ ਰਿਮਾਂਡ ਹਾਸਲ ਕਰ ਲਵੇਗੀ ਪਰ ਜਦੋਂ ਜੱਜ ਨੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਤਾ ਪੁਲਸ ਵੀ ਹੈਰਾਨ ਰਹਿ ਗਈ। ਹੁਣ ਤਿੰਨੇ ਮੁਲਜ਼ਮ ਅਗਲੇ 14 ਦਿਨਾਂ ਲਈ ਫਤਾਹਪੁਰ ਕੇਂਦਰੀ ਜੇਲ੍ਹ ’ਚ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਗੈਂਗ ਦੇ ਖ਼ਤਰਨਾਕ ਗੈਂਗਸਟਰ ਜਾਂਬਾ ਨੂੰ STF ਨੇ ਕੀਤਾ ਗ੍ਰਿਫ਼ਤਾਰ, ਵਿਦੇਸ਼ੀ ਹਥਿਆਰ ਬਰਾਮਦ