ਲਾਪ੍ਰਵਾਹੀ ਵਰਤਣ ਦੇ ਦੋਸ਼ 'ਚ ਸਸਪੈਂਡ ਹੋਣਗੇ ਨਾਕੇ 'ਤੇ ਖੜ੍ਹੇ ਪੁਲਸ ਕਰਮਚਾਰੀ

09/19/2019 1:26:44 PM

ਅੰਮ੍ਰਿਤਸਰ (ਸਫਰ) : ਛੋਟੀ ਜਿਹੀ ਸੂਚਨਾ 'ਤੇ ਜੇਕਰ ਸਮਾਂ ਰਹਿੰਦੇ ਨਾਕੇ 'ਤੇ ਖੜ੍ਹੀ ਪੁਲਸ ਨੇ ਅਮਲ ਕੀਤਾ ਹੁੰਦਾ ਤਾਂ ਸ਼ਾਇਦ ਮੰਗਲਵਾਰ ਨੂੰ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੇ ਨਿਵਾਸ ਸਥਾਨ ਤੋਂ 100 ਮੀਟਰ ਅਤੇ ਸਰਕਟ ਹਾਊਸ ਪੁਲਸ ਚੌਕੀ ਤੋਂ 200 ਮੀਟਰ ਦੂਰੀ 'ਤੇ ਚੇਨ ਸਨੈਚਰ ਦਾ ਸ਼ਿਕਾਰ ਬਣੀ ਲੜਕੀ ਰੀਆ ਸ਼ਰਮਾ ਨਾਲ ਹੋਣ ਵਾਲੀ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਅਜਿਹੀ ਹੀ ਰਿਪੋਰਟ ਥਾਣਾ ਸਿਵਲ ਲਾਈਨ ਦੇ ਇੰਚਾਰਜ ਸ਼ਿਵਦਰਸ਼ਨ ਸਿੰਘ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਵਿਭਾਗੀ ਜਾਂਚ ਤੋਂ ਬਾਅਦ ਸਜ਼ਾ ਦੇਣ ਲਈ ਲਿਖੀ ਹੈ। ਉਧਰ, ਮੀਡੀਆ 'ਚ ਸੁਰਖੀਆਂ 'ਚ ਆਏ ਇਸ ਮਾਮਲੇ 'ਚ ਦੋਵਾਂ ਜ਼ਿੰਮੇਵਾਰ ਪੁਲਸ ਕਰਮਚਾਰੀਆਂ ਦਾ ਸਸਪੈਂਡ ਹੋਣਾ ਤੈਅ ਹੈ। ਸਵੇਰ ਤੱਕ ਅਜਿਹੇ ਹੁਕਮ ਆ ਸਕਦੇ ਹਨ।

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਟ੍ਰਿਲੀਅਮ ਮਾਲ ਕੋਲ ਨਾਕੇ 'ਤੇ ਖੜ੍ਹੇ ਪੁਲਸ ਵਾਲਿਆਂ ਨੂੰ ਜੌੜਾ ਫਾਟਕ ਵਾਸੀ ਰਣਜੀਤ ਸਿੰਘ ਨੇ ਆਪਣੇ 3 ਦੋਸਤਾਂ ਨਾਲ 4 ਵਾਰ ਜਾ ਕੇ ਕਿਹਾ ਕਿ ਉਹ ਕਾਰ ਖਰੀਦਣ ਲਈ ਜਿਸ ਸ਼ੋਅਰੂਮ ਆਏ ਹਨ, ਉਥੇ ਇਕ ਵਿਅਕਤੀ ਮੂੰਹ 'ਤੇ ਕੱਪੜਾ ਬੰਨ੍ਹ ਕੇ ਬਾਈਕ 'ਤੇ ਹੀ ਖੜ੍ਹਾ ਹੈ, ਨੰਬਰ ਪਲੇਟ 'ਤੇ ਅਖਬਾਰ ਲਪੇਟ ਕੇ ਨੰਬਰ ਛੁਪਾਇਆ ਹੈ, ਹੋ ਸਕਦਾ ਹੈ ਕਿ ਉਹ ਕਿਸੇ ਵਾਰਦਾਤ ਦੀ ਫਿਰਾਕ 'ਚ ਹੋਵੇ। ਇਸ ਸ਼ਿਕਾਇਤ 'ਤੇ ਨਾਕੇ 'ਤੇ ਖੜ੍ਹੇ ਪੁਲਸ ਕਰਮਚਾਰੀਆਂ ਨੇ ਜਦੋਂ ਸ਼ਿਕਾਇਤ ਅਣਸੁਣੀ ਕਰ ਦਿੱਤੀ ਤਾਂ 4 ਦੋਸਤਾਂ ਨੇ ਕਾਰ 'ਚ ਬਾਈਕ ਸਵਾਰ ਦਾ ਪਿੱਛਾ ਕੀਤਾ ਤਾਂ ਕਿ ਅਸਲੀਅਤ ਪਤਾ ਲੱਗ ਸਕੇ। ਟ੍ਰਿਲੀਅਮ ਮਾਲ ਤੋਂ ਹੁੰਦਾ ਹੋਇਆ ਮੁਲਜ਼ਮ ਬਾਈਕ ਸਵਾਰ ਨੇ ਕੋਰਟ ਰੋਡ ਨਜ਼ਦੀਕ ਸੇਲ ਟੈਕਸ ਦਫਤਰ ਕੋਲ ਐਕਟਿਵਾ ਸਵਾਰ ਰੀਆ ਸ਼ਰਮਾ ਵਾਸੀ ਗੁਰਬਖਸ਼ ਨਗਰ ਦੇ ਗਲੇ 'ਚੋਂ ਚੇਨ ਖੋਹ ਲਈ। ਰਣਜੀਤ ਸਿੰਘ ਨੇ ਕਾਰ ਨਾਲ ਮੁਲਜ਼ਮ ਨੂੰ ਟੱਕਰ ਵੀ ਮਾਰੀ ਪਰ ਉਹ ਫਰਾਰ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਦੀ ਵੀਡੀਓ ਵਾਇਰਲ ਹੋਈ ਤਾਂ ਚੰਡੀਗੜ੍ਹ ਤੱਕ ਹੰਗਾਮਾ ਮਚ ਗਿਆ।

ਥਾਣਾ ਸਿਵਲ ਲਾਈਨ 'ਚ ਮਾਮਲਾ ਦਰਜ
ਥਾਣਾ ਸਿਵਲ ਲਾਈਨ 'ਚ ਰੀਆ ਸ਼ਰਮਾ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਸ਼ਹਿਰ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ। ਪੁਲਸ ਵਲੋਂ ਮੁਲਜ਼ਮ ਨੂੰ ਦਬੋਚਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਰੀਆ ਨੇ ਦੱਸਿਆ ਕਿ ਚੇਨ 14 ਗ੍ਰਾਮ ਸੋਨੇ ਦੀ ਸੀ। ਮਾਮਲੇ ਦੀ ਜਾਂਚ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੂੰ ਸੌਂਪੀ ਗਈ ਹੈ।

ਲਾਪ੍ਰਵਾਹੀ ਵਰਤਣ ਵਾਲਿਆਂ ਖਿਲਾਫ ਚਿੱਠੀ ਲਿਖ ਰਿਹਾ ਹਾਂ
ਟ੍ਰਿਲੀਅਮ ਮਾਲ ਕੋਲ ਜੋ ਪੁਲਸ ਕਰਮਚਾਰੀ ਤਾਇਨਾਤ ਸਨ, ਉਨ੍ਹਾਂ ਦੀ ਲਾਪ੍ਰਵਾਹੀ ਸਾਫ਼ ਝਲਕ ਰਹੀ ਹੈ। ਅਜਿਹੇ 'ਚ ਉਨ੍ਹਾਂ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਲਈ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਲਿਖ ਰਿਹਾ ਹਾਂ।

ਅਜਿਹੇ ਪੁਲਸ ਵਾਲਿਆਂ ਨੂੰ ਨੌਕਰੀ ਤੋਂ ਕੱਢ ਬੇਰੋਜ਼ਗਾਰਾਂ ਨੂੰ ਦਿਓ ਰੋਜ਼ਗਾਰ
ਅਜਿਹੇ ਪੁਲਸ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਕੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ। ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਾਉਣ ਵਾਲੇ ਕੁਝ ਪੁਲਸ ਵਾਲਿਆਂ ਕਰ ਕੇ ਪੁਲਸ ਮਹਿਕਮਾ ਬਦਨਾਮ ਹੋ ਰਿਹਾ ਹੈ।


Baljeet Kaur

Content Editor

Related News