ਪਰਿਵਾਰ 'ਤੇ ਕੁਦਰਤ ਦਾ ਕਹਿਰ : ਮੰਦਬੁੱਧੀ ਬੱਚੀ ਦੇ ਸਿਰ ਤੋਂ ਉੱਠ ਗਿਆ ਮਾਪਿਆਂ ਦਾ ਸਾਇਆ

Saturday, Mar 07, 2020 - 11:02 AM (IST)

ਪਰਿਵਾਰ 'ਤੇ ਕੁਦਰਤ ਦਾ ਕਹਿਰ : ਮੰਦਬੁੱਧੀ ਬੱਚੀ ਦੇ ਸਿਰ ਤੋਂ ਉੱਠ ਗਿਆ ਮਾਪਿਆਂ ਦਾ ਸਾਇਆ

ਅੰਮ੍ਰਿਤਸਰ (ਰਮਨ) : ਬੁੱਧਵਾਰ ਤੋਂ ਪੈ ਰਿਹਾ ਮੀਂਹ ਭਗਤਾਂਵਾਲਾ ਦੇ ਪਿੰਡ ਮੂਲੇਚੱਕ ਦੀ ਭਾਈ ਵੀਰ ਸਿੰਘ ਕਾਲੋਨੀ 'ਚ ਵੀਰਵਾਰ ਦੇਰ ਰਾਤ ਇਕ ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ, ਜਿਸ ਵਿਚ 6 ਸਾਲਾ ਨੈਨਾ ਜੋ ਬੋਲ ਵੀ ਨਹੀਂ ਪਾਉਂਦੀ ਅਤੇ ਗੁਆਂਢੀਆਂ ਅਨੁਸਾਰ ਮੰਦਬੁੱਧੀ ਹੈ, ਨੂੰ ਪਹਿਲਾਂ ਹੀ ਕੁਦਰਤ ਦੀ ਮਾਰ ਝੱਲਣੀ ਪੈ ਰਹੀ ਹੈ, ਜਿਸ 'ਤੇ ਇਹ ਰਾਤ ਕਾਲ ਤੋਂ ਘੱਟ ਨਹੀਂ ਰਹੀ, ਜਿਸ ਦੇ ਸਿਰ ਤੋਂ ਆਪਣੇ ਮਾਪਿਆਂ ਦਾ ਸਹਾਰਾ ਵੀ ਉਠ ਗਿਆ। ਕੀ ਹੁਣ ਇਸ ਬੱਚੀ ਨੂੰ ਕੋਈ ਹੋਰ ਪਰਿਵਾਰਕ ਮੈਂਬਰ ਮਾਂ-ਬਾਪ ਦਾ ਪਿਆਰ ਦੇਵੇਗਾ। ਰਾਤ ਨੂੰ ਅਜੇ ਕੁਮਾਰ ਆਪਣੀ ਪਤਨੀ ਮਾਨਵੀ, 6 ਸਾਲ ਦੀ ਬੇਟੀ ਨੈਨਾ ਅਤੇ 2 ਜੌੜੇ 6 ਮਹੀਨਿਆਂ ਦੇ ਬੱਚਿਆਂ ਯੁਗਰਾਜ ਅਤੇ ਮੰਨਤ ਨਾਲ ਸੁੱਤੇ ਪਏ ਸਨ।

ਅਚਾਨਕ ਮੀਂਹ 'ਚ ਘਰ ਦੀ ਕੱਚੀ ਛੱਤ ਡਿੱਗਣ ਮੌਕੇ ਜੌੜੇ ਬੱਚਿਆਂ ਸਮੇਤ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ 6 ਸਾਲਾ ਨੈਨਾ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਅੰਤਿਮ ਸੰਸਕਾਰ ਕਰਵਾਇਆ ਗਿਆ। ਇਲਾਕੇ ਦੇ ਲੋਕਾਂ ਨੇ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। ਇਸ ਦੌਰਾਨ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਕੌਂਸਲਰ ਵਿਕਾਸ ਸੋਨੀ ਅੰਤਿਮ ਸੰਸਕਾਰ 'ਤੇ ਪੁੱਜੇ। ਸੋਨੀ ਨੇ ਕਿਹਾ ਕਿ ਮੰਤਰੀ ਸਾਹਿਬ ਨੇ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੌਕੇ 'ਤੇ ਐਗਜ਼ੀਕਿਊਟਿਵ ਮੈਜਿਸਟ੍ਰੇਟ ਅਰਚਨਾ ਸ਼ਰਮਾ, ਏ. ਡੀ. ਸੀ. ਪੀ. ਹਰਜੀਤ ਸਿੰਘ ਧਾਲੀਵਾਲ, ਕੌਂਸਲਰ ਰੀਨਾ ਚੋਪੜਾ, ਪਰਮਜੀਤ ਚੋਪੜਾ, ਏ. ਸੀ. ਪੀ. ਸੈਂਟਰਲ ਸੁਖਜਿੰਦਰ ਸਿੰਘ, ਥਾਣਾ ਇੰਚਾਰਜ ਸੁਖਬੀਰ ਸਿੰਘ, ਏ. ਟੀ. ਪੀ. ਸੰਜੀਵ ਦੇਵਗਨ ਆਦਿ ਮੌਜੂਦ ਸਨ।

PunjabKesariਨੈਨਾ ਦੇ ਗੁਆਂਢੀ ਸ਼ਮਸ਼ੇਰ ਸਿੰਘ, ਕਾਰਜ ਸਿੰਘ ਤੇ ਸੰਨੀ ਨੇ ਦੱਸਿਆ ਕਿ ਉਹ ਰਾਤ 2 ਵਜੇ ਘਰ 'ਚ ਸੌਂ ਰਹੇ ਸਨ, ਅਚਾਨਕ ਕੁਝ ਡਿੱਗਣ ਦੀ ਆਵਾਜ਼ ਆਈ, ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਅਜੇ ਦੇ ਘਰੋਂ ਧੂੜ ਨਿਕਲ ਰਹੀ ਸੀ ਅਤੇ ਛੱਤ ਡਿੱਗ ਚੁੱਕੀ ਸੀ। ਉਹ ਕੰਧ ਟੱਪ ਕੇ ਉਸ ਦੇ ਘਰ ਗਏ ਅਤੇ ਗੇਟ ਖੋਲ੍ਹਿਆ। ਇਸ ਤੋਂ ਬਾਅਦ ਸਾਰੇ ਇਲਾਕਾ ਨਿਵਾਸੀ ਇਕੱਠੇ ਹੋ ਗਏ ਅਤੇ ਉਨ੍ਹਾਂ ਚਾਰੇ ਮ੍ਰਿਤਕ ਦੇਹਾਂ ਅਤੇ ਜ਼ਖ਼ਮੀ ਬੱਚੀ ਨੂੰ ਕੱਢ ਕੇ 108 ਐਂਬੂਲੈਂਸ 'ਚ ਹਸਪਤਾਲ ਭੇਜਿਆ। ਅਜੇ, ਉਸ ਦੀ ਪਤਨੀ ਤੇ 2 ਛੋਟੇ ਬੱਚਿਆਂ ਦੀ ਮੌਕੇ 'ਤੇ ਮੌਤ ਹੋ ਗਈ ਸੀ। ਜ਼ਖ਼ਮੀ ਨੈਨਾ ਨੂੰ ਇਲਾਜ ਤੋਂ ਬਾਅਦ ਉਸ ਦੇ ਮਾਮਾ ਵਿਕਰਮ ਆਪਣੇ ਘਰ ਲੈ ਗਏ।

 

ਇਹ ਵੀ ਪੜ੍ਹੋ : ਕਹਿਰ ਬਣੀ ਬਾਰਿਸ਼, ਘਰ ਦੀ ਛੱਤ ਡਿੱਗਣ ਨਾਲ ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

ਮਿੱਟੀ ਪਾਉਣ ਕਾਰਣ ਛੱਤ ਹੋ ਗਈ ਸੀ ਭਾਰੀ
ਲੋਕਾਂ ਨੇ ਦੱਸਿਆ ਕਿ ਉਕਤ ਪਰਿਵਾਰ ਕਈ ਸਾਲਾਂ ਤੋਂ ਇਥੇ ਰਹਿੰਦਾ ਸੀ। ਪਹਿਲਾਂ ਅਜੇ ਦੇ ਨਾਲ ਉਸ ਦੇ ਮਾਤਾ-ਪਿਤਾ ਵੀ ਰਹਿੰਦੇ ਸਨ ਪਰ ਉਹ ਪਿਛਲੇ 2 ਸਾਲਾਂ ਤੋਂ ਵੱਖ-ਵੱਖ ਰਹਿ ਰਹੇ ਸਨ। ਕੁਝ ਮਹੀਨੇ ਪਹਿਲਾਂ ਛੱਤ ਤੋਂ ਪਾਣੀ ਆਉਣ ਲੱਗਾ ਤਾਂ ਅਜੇ ਨੇ ਛੱਤ 'ਤੇ ਮਿੱਟੀ ਪਾ ਦਿੱਤੀ, ਜਿਸ ਕਾਰਣ ਛੱਤ 'ਤੇ ਜ਼ਿਆਦਾ ਭਾਰ ਪੈਣ ਨਾਲ ਮੀਂਹ ਤੋਂ ਬਾਅਦ ਦੇਰ ਰਾਤ ਡਿੱਗ ਗਈ। ਘਰ ਦੇ ਕਮਰਿਆਂ ਦਾ ਲੈਵਲ ਵੀ ਕਾਫ਼ੀ ਹੇਠਾਂ ਸੀ, ਜਿਸ ਕਾਰਣ ਜਦੋਂ ਛੱਤ ਡਿੱਗੀ ਤਾਂ ਲੋਹੇ ਦਾ ਗਾਰਡਰ ਉਨ੍ਹਾਂ ਦੇ ਉਪਰ ਆ ਡਿੱਗਾ। ਮਿਤ੍ਰਕ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 2 ਸਾਲ ਤੋਂ ਵੱਖਰੇ ਰਹਿ ਰਹੇ ਸਨ।

PunjabKesari3 ਮੰਜ਼ਿਲਾ ਮਕਾਨ ਬਣਾਉਣ ਦਾ ਸੀ ਸੁਪਨਾ
ਦੋਸਤ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਰਾਤ ਹੀ ਉਨ੍ਹਾਂ ਨੂੰ ਇਨਵਰਟਰ ਦੇ 3 ਹਜ਼ਾਰ ਰੁਪਏ ਦੇ ਕੇ ਗਿਆ ਸੀ, ਜੋ ਬੀਤੇ ਦਿਨੀਂ ਉਸ ਨੇ ਲਵਾਇਆ ਸੀ। ਉਸ ਨੇ ਦੱਸਿਆ ਕਿ ਅਜੇ ਇਕ ਮਿਹਨਤੀ ਵਿਅਕਤੀ ਸੀ ਅਤੇ ਸੁਪਨੇ ਵੱਡੇ ਸਨ। ਉਹ ਸ਼ਹਿਰ ਵਿਚ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਰਾਤ ਨੂੰ ਕਹਿ ਰਿਹਾ ਸੀ ਭਾਅ ਜੀ ਮੈਂ ਲੋਨ ਲੈ ਰਿਹਾ ਹਾਂ, ਉਸ ਨਾਲ 3 ਮੰਜ਼ਿਲਾ ਮਕਾਨ ਵੀ ਬਣੇਗਾ ਅਤੇ ਉਹ ਗੱਡੀ ਵੀ ਲਵੇਗਾ। ਜਦੋਂ ਉਸ ਨੂੰ ਸਵੇਰੇ ਪਤਾ ਲੱਗਾ ਕਿ ਅਜੇ ਦੇ ਨਾਲ ਅਜਿਹਾ ਹੋ ਗਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।

6 ਮਹੀਨੇ ਪਹਿਲਾਂ ਜੌੜੇ ਬੱਚਿਆਂ ਦੇ ਵੰਡੇ ਸਨ ਲੱਡੂ, ਇਲਾਕੇ 'ਚ ਛਾਈ ਸੋਗ ਦੀ ਲਹਿਰ
ਛੱਤ ਦੇ ਹੇਠਾਂ ਪਰਿਵਾਰ ਦੀ ਮੌਤ ਦੀ ਖਬਰ ਇਲਾਕੇ 'ਚ ਜਿਵੇਂ ਹੀ ਫੈਲੀ, ਹਰ ਪਾਸੇ ਸੋਗ ਦੀ ਲਹਿਰ ਛਾ ਗਈ। 6 ਮਹੀਨੇ ਪਹਿਲਾਂ ਇਸ ਘਰ ਵਿਚ ਜੌੜੇ ਬੱਚਿਆਂ ਦੇ ਆਉਣ 'ਤੇ ਜਿਥੇ ਲੱਡੂ ਵੰਡੇ ਗਏ, ਉਥੇ ਸਾਰਿਆਂ ਦੀਆਂ ਅੱਖਾਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦੇਖ ਕੇ ਨਮ ਹੋ ਗਈਆਂ। ਇਲਾਕੇ ਦੇ ਲੋਕਾਂ ਨੇ ਨਮ ਅੱਖਾਂ ਨਾਲ ਕਿਹਾ ਕਿ ਇਹ ਘਟਨਾ ਉਨ੍ਹਾਂ ਦੇ ਦਿਮਾਗ 'ਚੋਂ ਨਹੀਂ ਨਿਕਲੇਗੀ।

PunjabKesariਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਵੀ ਨਹੀਂ ਲਿਆ ਲਾਭ
ਅਜੇ ਨੇ ਪਿਛਲੇ ਸਾਲਾਂ ਤੋਂ ਚੱਲਦੀ ਆ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਵੀ ਨਹੀਂ ਲਿਆ। ਹਾਲਾਂਕਿ ਨਗਰ ਨਿਗਮ ਨੇ ਪਿਛਲੇ ਮਹੀਨੇ ਵੀ 150 ਦੇ ਲਗਭਗ ਗਰੀਬ ਲੋਕਾਂ ਨੂੰ ਇਸ ਦਾ ਲਾਭ ਦਿੱਤਾ ਸੀ। ਨਿਗਮ 'ਚ ਆਵਾਸ ਯੋਜਨਾ ਨੂੰ ਲੈ ਕੇ ਦਸਤਾਵੇਜ਼ ਪਿਛਲੇ ਸਮੇਂ 'ਚ ਜਮ੍ਹਾ ਕਰਵਾਏ ਗਏ ਸਨ, ਜਿਸ ਤਹਿਤ ਸਰਵੇ ਵੀ ਹੋਇਆ ਸੀ, ਜਿਸ ਵਿਚ ਕਈ ਲੋਕਾਂ ਨੂੰ ਗ੍ਰਾਂਟ ਵੀ ਮਿਲੀ ਪਰ ਅਜੇ ਨੂੰ ਜਾਂ ਤਾਂ ਇਸ ਸਕੀਮ ਦਾ ਪਤਾ ਨਹੀਂ ਸੀ ਜਾਂ ਕਿਸੇ ਨੇ ਉਸ ਨੂੰ ਜਾਣਕਾਰੀ ਨਹੀਂ ਦਿੱਤੀ, ਜੇਕਰ ਇਸ ਸਕੀਮ ਦਾ ਪਤਾ ਹੁੰਦਾ ਅਤੇ ਇਸ ਦਾ ਲਾਭ ਲਿਆ ਹੁੰਦਾ ਤਾਂ ਸ਼ਾਇਦ ਪੱਕੀ ਛੱਤ ਹੁੰਦੀ ਅਤੇ ਇਹ 4 ਕੀਮਤੀ ਜਾਨਾਂ ਬਚ ਜਾਂਦੀਆਂ।

PunjabKesari

ਸ਼ਹਿਰ 'ਚ ਦਰਜਨਾਂ ਇਮਾਰਤਾਂ ਖਸਤਾਹਾਲ
ਸ਼ਹਿਰ 'ਚ ਅਜਿਹੀਆਂ ਦਰਜਨਾਂ ਇਮਾਰਤਾਂ ਦੇ ਹੇਠਾਂ ਲੋਕ ਰਹਿ ਰਹੇ ਹਨ। ਪਿਛਲੇ ਸਾਲ ਵੀ ਇਕ ਬਜ਼ੁਰਗ ਦੀ ਮੀਂਹ ਕਾਰਣ ਬਿਲਡਿੰਗ ਡਿੱਗਣ ਨਾਲ ਮੌਤ ਹੋ ਗਈ ਸੀ, ਜਿਸ ਨਾਲ ਸ਼ਹਿਰ 'ਚ ਹਾਈ ਅਲਰਟ ਹੋਣ 'ਤੇ ਖਸਤਾਹਾਲ ਇਮਾਰਤਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ। ਉਹ ਇਨ੍ਹਾਂ ਇਮਾਰਤਾਂ 'ਚ ਨਹੀਂ ਰਹੇ ਪਰ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ। ਕੁਝ ਦਿਨਾਂ ਬਾਅਦ ਲੋਕ ਇਨ੍ਹਾਂ ਇਮਾਰਤਾ 'ਚ ਰਹਿਣ ਲੱਗ ਪਏ ਸਨ। ਅੱਜ ਵੀ ਕਈ ਲੋਕ ਇਨ੍ਹਾਂ ਖਸਤਾਹਾਲ ਇਮਾਰਤਾਂ 'ਚ ਰਹਿ ਰਹੇ ਹਨ ਪਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ, ਹਰ ਵਾਰ ਨਿਗਮ ਦਾ ਐੱਮ. ਟੀ. ਪੀ. ਵਿਭਾਗ ਸਰਵੇ ਕਰਨ 'ਚ ਲੱਗਾ ਰਹਿੰਦਾ ਹੈ ਅਤੇ ਲੋਕਾਂ ਦੀ ਜਾਨ ਇਨ੍ਹਾਂ ਖਸਤਾਹਾਲ ਇਮਾਰਤਾਂ 'ਚ ਜਾਂਦੀ ਰਹਿੰਦੀ ਹੈ। ਇਸ ਸਬੰਧੀ ਕੌਂਸਲਰ ਚੋਪੜਾ ਨੇ ਕਿਹਾ ਕਿ ਘਟਨਾ ਬਹੁਤ ਹੀ ਦੁੱਖਦਾਈ ਹੈ। ਉਨ੍ਹਾਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਮੁਆਵਜ਼ਾ ਮਿਲੇਗਾ, ਉਹ ਬੱਚੀ ਨੂੰ ਦਿਵਾਇਆ ਜਾਵੇਗਾ।


author

Baljeet Kaur

Content Editor

Related News