ਜਲਿਆਂਵਾਲਾ ਬਾਗ ਦੇ ਸਾਕੇ ਤੋਂ ਪਹਿਲਾਂ ਦੇ 13 ਦਿਨ

Saturday, Apr 13, 2019 - 02:10 PM (IST)

ਜਲਿਆਂਵਾਲਾ ਬਾਗ ਦੇ ਸਾਕੇ ਤੋਂ ਪਹਿਲਾਂ  ਦੇ 13 ਦਿਨ

ਅੰਮ੍ਰਿਤਸਰ : ਮਹਾਤਮਾ ਗਾਂਧੀ ਦੀ ਅਗਵਾਈ 'ਚ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ ਦੀ ਨੀਂਹ 24 ਫਰਵਰੀ 1919 ਨੂੰ ਰੱਖੀ ਗਈ। 2 ਮਾਰਚ ਨੂੰ ਅੰਦੋਲਣ ਦਾ ਮੈਨੀਫੈਸਟੋ ਪੇਸ਼ ਕੀਤਾ ਗਿਆ ਜੋ ਉਹਨਾਂ ਦਿਨਾਂ 'ਚ ਅਖ਼ਬਾਰਾਂ 'ਚ ਵੀ ਪ੍ਰਕਾਸ਼ਿਤ ਹੋਇਆ।ਇਸੇ ਲੜੀ 'ਚ 30 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿਤਾ ਗਿਆ। ਇਸ ਦੌਰਾਨ ਸਾਰੇ ਕੰਮ,ਹਰ ਦੁਕਾਨ,ਦਫਤਰ ਬੰਦ ਕਰਨ ਨੂੰ ਕਿਹਾ ਗਿਆ।ਪਰ ਇਹ ਹੜਤਾਲ 6 ਅਪ੍ਰੈਲ ਨੂੰ ਬਦਲ ਦਿੱਤੀ ਗਈ।6 ਅਪ੍ਰੈਲ ਤਾਰੀਖ਼ ਬਦਲਣ ਦੀ ਖ਼ਬਰ ਸਭ ਤੱਕ ਨਾ ਪਹੁੰਚੀ ਅਤੇ ਬਹੁਤ ਸਾਰੀਆਂ ਥਾਵਾਂ 'ਤੇ ਹੜਤਾਲ 30 ਮਾਰਚ ਨੂੰ ਹੋਈ।ਇਹ ਬਹੁਤ ਸ਼ਾਂਤਮਈ ਹੜਤਾਲ ਸੀ ਪਰ ਦਿੱਲੀ ਵਿੱਚ ਰੇਲਵੇ ਸਟੇਸ਼ਨ 'ਤੇ ਹਿੰਸਾ ਹੋਈ।ਅੰਮ੍ਰਿਤਸਰ 'ਚ ਇਸ ਵੇਲੇ 25 ਤੋਂ 30 ਹਜ਼ਾਰ ਦਾ ਇੱਕਠ ਹੋ ਗਿਆ।  

2 ਅਪ੍ਰੈਲ 1919 
ਇਸ ਦਿਨ ਪਿਛਲੇ ਦੋ ਦਿਨਾਂ ਤੋਂ ਵੀ ਵੱਧ ਇੱਕਠ ਹੋਇਆ।ਜੱਲ੍ਹਿਆਂਵਾਲ਼ੇ ਬਾਗ਼ 'ਚ ਇਸ ਇੱਕਠ ਨੂੰ ਸਵਾਮੀ ਸੱਤਿਆ ਦਿਓ ਨੇ ਸੰਬੋਧਿਤ ਕੀਤਾ ਅਤੇ ਨਾ ਮਿਲਵਰਤਨ ਸੱਤਿਆਗ੍ਰਹਿ ਅੰਦੋਲਨ ਬਾਰੇ ਰੌਲੇਟ ਕਾਨੂੰਨ ਦੇ ਵਿਰੋਧ 'ਚ ਲੋਕਾਂ ਅੱਗੇ ਆਪਣੀ ਗੱਲ ਵਿਸਥਾਰ ਨਾਲ ਰੱਖੀ।

6 ਅਪ੍ਰੈਲ 1919 
ਜਿਵੇਂ ਕਿ ਪਹਿਲਾਂ ਹੀ ਤੈਅ ਹੋਇਆ ਸੀ ਕਿ 6 ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਹੋਵੇਗੀ।ਇਸ ਨੂੰ ਲੈਕੇ ਡੀ.ਸੀ. ਮਾਈਲਜ਼ ਇਰਵਿੰਗ ਨੇ 5 ਅਪ੍ਰੈਲ ਨੂੰ ਬੈਠਕ ਸੱਦੀ ਤਾਂਕਿ ਅੰਮ੍ਰਿਤਸਰ 'ਚ ਕਿਸੇ ਤਰ੍ਹਾਂ ਵੀ ਹੜਤਾਲ ਨੂੰ ਹੁੰਗਾਰਾ ਨਾ ਮਿਲੇ।ਇਸ ਹੜਤਾਲ ਦੀ ਅਗਵਾਈ ਸਥਾਨਕ ਆਗੂ ਡਾ.ਸੈਫੂਦੀਨ ਕਿਚਲੂ ਅਤੇ ਡਾ. ਸੱਤਿਆਪਾਲ ਨੇ ਕੀਤੀ।6 ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਨੂੰ ਭਰਵਾ ਹੁੰਗਾਰਾ ਮਿਲਿਆ ਸੀ।ਮੁੰਬਈ ਦੇ ਚੌਪਾਟੀ 'ਚ ਮਹਾਤਮਾ ਗਾਂਧੀ ਨੇ 1 ਲੱਖ ਲੋਕਾਂ ਦੇ ਇੱਕਠ ਨੂੰ ਸੰਬੋਧਣ ਕੀਤਾ।ਇਸ ਤੋਂ ਅਗਲੇ ਦਿਨ ਰੌਲੇਟ ਐਕਟ ਨੂੰ ਟਿੱਚ ਜਾਣਦਿਆਂ ਬਿਨਾਂ ਮਨਜ਼ੂਰੀ ਤੋਂ 'ਸੱਤਿਆਗ੍ਰਹਿ' ਅਖ਼ਬਾਰ ਵੀ ਕੱਢਿਆ।

9 ਅਪ੍ਰੈਲ 1919
ਇਹ ਦਿਨ ਸ਼੍ਰੀ ਰਾਮ ਜੀ ਦੇ ਜਨਮ ਦੀ ਖੁਸ਼ੀ ਨੂੰ ਸਮਰਪਿਤ 'ਰਾਮ ਨੌਮੀ' ਸੀ।ਇਹ ਅੰਗਰੇਜ਼ਾਂ ਲਈ ਬਿਲਕੁਲ ਅਣਸੁਖਾਂਵੀ ਗੱਲ ਹੋ ਨਿਭੜੀ।ਹਿੰਦੂ-ਮੁਸਲਮਾਨ ਏਕਤਾ ਦੀ ਸ਼ਾਂਤਮਈ ਕਤਾਰਾਂ ਅੰਮ੍ਰਿਤਸਰ ਦੀ ਗਲ਼ੀਆਂ 'ਚ ਤੁਰ ਰਹੀਆਂ ਸਨ।ਇੱਕ ਦੂਜੇ ਨੂੰ ਸਾਂਝੇ ਘੜੇ 'ਚ ਪਾਣੀ ਪਿਆਇਆ ਜਾ ਰਿਹਾ ਸੀ ਅਤੇ ਹਿੰਦੂ-ਮੁਸਲਿਮ ਏਕਤਾ ਦੇ ਨਾਅਰੇ ਲੱਗ ਰਹੇ ਸਨ।
ਡਾ. ਹਾਫ਼ਿਜ਼ ਮੁੰਹਮਦ ਬਸ਼ੀਰ ਦੀ ਅਗਵਾਈ 'ਚ ਕਿਚਲੂ ਸੱਤਿਆਪਾਲ ਕੀ ਜੈ,ਗਾਂਧੀ ਕੀ ਜੈ ਅਤੇ ਹਿੰਦੂ-ਮੁਸਲਿਮ ਕੀ ਜੈ ਦੇ ਨਾਅਰੇ ਲੱਗ ਰਹੇ ਸਨ।ਇਸ ਦੌਰਾਨ ਅੰਗਰੇਜ਼ ਸਰਕਾਰ ਲਈ ਦੁਚਿੱਤੀ ਇਹ ਵੀ ਸੀ ਕਿ ਇਹ ਹੜਤਾਲ ਸ਼ਾਂਤਮਈ ਸੀ ਅਤੇ ਨਾਲੋਂ ਨਾਲ ਇੱਕ ਬੈਂਡ ਬਰਤਾਨਵੀਆਂ ਦਾ ਗੀਤ 'ਗੋਡ ਸੇਵ ਦੀ ਕਿੰਗ' ਪੂਰੇ ਆਦਰ ਸਤਕਾਰ ਨਾਲ ਗਾ ਰਿਹਾ ਸੀ।ਇਹ ਪੂਰਾ ਪਰਤਾਰਾ ਬਰਤਾਨੀਆਂ ਦੇ ਫੁੱਟ ਪਾਓ ਅਤੇ ਰਾਜ ਕਰੋ ਦੇ ਨਾਅਰੇ ਦਾ ਮਜ਼ਾਕ ਉਡਾ ਰਿਹਾ ਸੀ।ਦੂਜੇ ਪਾਸੇ ਮਹਾਤਮਾ ਗਾਂਧੀ ਨੂੰ ਪੰਜਾਬ ਆਉਣ ਨਹੀਂ ਦਿੱਤਾ ਗਿਆ ਅਤੇ ਹਰਿਆਣੇ ਦੇ ਪਲਵਰ ਸਟੇਸ਼ਨ ਤੋਂ ਗ੍ਰਿਫਤਾਰ ਕਰਕੇ ਵਾਪਸ ਮੋੜ ਦਿੱਤਾ ਗਿਆ। ਉਹਨਾਂ ਦਿਨਾਂ 'ਚ ਅਫਵਾਹਾਂ ਦਾ ਵੀ ਬਹੁਤ ਜ਼ੋਰ ਸੀ।ਇੱਕ ਅਫ਼ਵਾਹ ਸੀ ਕਿ 16 ਅਪ੍ਰੈਲ ਨੂੰ ਗਾਂਧੀ ਜੀ ਦੇ ਆਉਣ 'ਤੇ ਬਰਤਾਨਵੀ ਸਰਕਾਰ ਨੇ ਵੱਡੀ ਕਾਰਵਾਈ ਕਰਨੀ ਹੈ ਜਿਸ 'ਚ ਸਾਰਿਆਂ ਨੇ ਮਾਰਿਆ ਜਾਣਾ ਹੈ।   

10 ਅਪ੍ਰੈਲ 1919 
9 ਅਪ੍ਰੈਲ ਦੀ ਸ਼ਾਮ ਨੂੰ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੇ ਡਾ.ਕਿਚਲੂ ਅਤੇ ਡਾ. ਸੱਤਿਆਪਾਲ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ।10 ਅਪ੍ਰੈਲ ਸਵੇਰੇ 11 ਵਜੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਸ਼ਹਿਰ ਤੋਂ ਬਾਹਰ ਧਰਮਸ਼ਾਲਾ 'ਚ ਨਜ਼ਰਬੰਦ ਕਰਨ ਲਈ ਰਵਾਨਾ ਕਰ ਦਿੱਤਾ।ਇਹ ਖ਼ਬਰ ਸ਼ਹਿਰ 'ਚ ਫੈਲ ਗਈ ਅਤੇ ਅੰਦੋਲਣ ਲਈ ਜੁਟੀ ਭੀੜ ਨੇ ਹਿੰਸਕ ਰੂਪ ਲੈ ਲਿਆ।ਇੱਕ ਘਟਨਾ ਰੇਲਵੇ ਸਟੇਸ਼ਨ 'ਤੇ ਵਾਪਰੀ।ਲੋਕਾਂ ਦੀ ਭੀੜ ਭੰਡਾਰੀ ਪੁੱਲ 'ਤੇ ਸੀ ਜੀਹਨੂੰ ਪੁਲਿਸ ਨੇ ਰੋਕਣ ਦੀ ਕੌਸ਼ਿਸ਼ ਕੀਤਾ।ਇਸ ਧੱਕਾ ਮੁੱਕੀ 'ਚ ਵੱਧ ਰਹੀ ਭੀੜ ਡੀ.ਸੀ. ਦਫਤਰ ਨੂੰ ਘੇਰਨ ਦੀ ਤਿਆਰੀ 'ਚ ਸੀ।ਇਸ ਦੌਰਾਨ ਗੋਲੀਬਾਰੀ 'ਚ 20 ਜਣੇ ਮਾਰੇ ਗਏ।ਹਾਲ ਬਾਜ਼ਾਰ ਵਿਖੇ ਤਿੰਨ ਬੈਂਕ,3 ਡਾਕਘਰ ਅਤੇ ਇੱਕ ਚਰਚ 'ਤੇ ਵੀ ਹਮਲਾ ਹੋ ਗਿਆ।ਨੈਸ਼ਨਲ ਬੈਂਕ ਸਟੀਵਰਟ ਅਤੇ ਸਕੋਟ ਦਾ ਸੀ ਅਤੇ ਅਲਾਂਈਸ ਬੈਂਕ 'ਚ ਥੋਮਸਨ ਸੀ।ਰੋਸ ਅਤੇ ਥੌਮਸਨ ਨੂੰ ਬੈਂਕ ਦੇ ਆਪਣੇ ਭਾਰਤੀ ਕਲਰਕਾਂ ਨੇ ਕਿਸੇ ਤਰ੍ਹਾਂ ਬਚਾ ਲਿਆ।ਇਸੇ ਦੌਰਾਨ 5 ਯੂਰੂਪੀਆਂ ਨੂੰ ਵੀ ਮਾਰਿਆ ਗਿਆ।ਸ਼ਹਿਰ ਦੇ ਦੂਜੇ ਹਿੱਸੇ ਰੇਲਵੇ ਸਟੇਸ਼ਨ 'ਤੇ ਅੱਗ ਲਾ ਦਿੱਤੀ ਗਈ।ਇਸ ਦੌਰਾਨ 2 ਵਜੇ ਦੁਪਹਿਰ ਕੈਪਟਨ ਕਰੈਂਪਟਨ ਆਪਣੀ 1 ਗੋਰਖਾ ਬਟਾਲੀਅਨ ਦੇ 260 ਫੌਜੀਆਂ ਨਾਲ ਪੇਸ਼ਾਵਰ ਜਾ ਰਿਹਾ ਸੀ।ਸਟੇਸ਼ਨ ਦੇ ਹਲਾਤ ਵੇਖ ਉਹਨਾਂ ਉੱਥੇ ਮੋਰਚਾ ਸਾਂਭ ਲਿਆ।ਇਸ ਦੌਰਾਨ ਭੀੜ ਵੱਲੋਂ ਡਾਗਾਂ ਮਾਰਕੇ ਗਾਰਡ ਰਬਿਨਸਨ ਦਾ ਕਤਲ ਕਰ ਦਿੱਤਾ ਅਤੇ ਸਟੇਸ਼ਨ ਮਾਸਟਰ ਬੈਨੇਟ ਜ਼ਖ਼ਮੀ ਹੋ ਗਿਆ।ਸਟੇਸ਼ਨ 'ਤੇ ਹੋਈ ਇਸੇ ਹਿੰਸਾ 10 ਭਾਰਤੀ ਮਾਰੇ ਗਏ ਅਤੇ 30 ਤੋਂ ਵਧੇਰੇ ਜ਼ਖ਼ਮੀ ਹੋ ਗਏ।ਅੰਮ੍ਰਿਤਸਰ ਦੀ ਅੰਦਰੂਨ ਕੰਧ ਦੇ ਪੁਰਾਣੇ ਸ਼ਹਿਰ 'ਚ ਜਨਾਨਾ ਹਸਪਤਾਲ ਦੀ ਡਾਕਟਰ ਈਸਡਨ 'ਤੇ ਹਮਲਾ ਹੋਇਆ ਪਰ ਮੌਕੇ 'ਤੇ ਬਚਾ ਲਿਆ ਗਿਆ।ਦੂਜੇ ਪਾਸੇ ਕੁੜੀਆਂ ਦੇ ਮਿਸ਼ਨ ਡੇ ਸਕੂਲ ਦੀ ਸੁਪਰੀਟੈਡਿੰਟ ਮਾਰਸੀਲਾ ਸ਼ੇਅਰਵੁੱਡ ਵੀ ਹਿੰਸਕ ਭੀੜ ਦਾ ਸ਼ਿਕਾਰ ਹੋਈ।ਸ਼ੇਅਰਵੁੱਡ ਨਾਲ ਇਹ ਘਟਨਾ ਕੂਚਾ ਕੌੜੀਆਂਵਾਲ਼ਾ 'ਚ ਵਾਪਰੀ।10 ਅਪ੍ਰੈਲ ਦੇ ਇਸ ਦਿਨ ਦੀਆਂ ਹਿੰਸਕ ਘਟਨਾਵਾਂ ਨੇ ਅੰਮ੍ਰਿਤਸਰ ਦਾ ਮਾਹੌਲ ਕਾਫੀ ਨਾਜ਼ੁਕ ਕਰ ਦਿੱਤਾ ਸੀ।  

11 ਅਪ੍ਰੈਲ 1919 
ਪਿਛਲੇ ਦਿਨ ਦੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਹਲਾਤ ਨਾਜ਼ੁਕ ਤਾਂ ਸਨ ਹੀ ਪਰ ਅਫ਼ਵਾਹਾਂ ਨੇ ਵੀ ਜ਼ੋਰ ਫੜ੍ਹ ਲਿਆ।ਇੱਕ ਅਫ਼ਵਾਹ ਸੀ ਕਿ ਅੰਮ੍ਰਿਤਸਰ 'ਤੇ ਹਵਾਈ ਜਹਾਜ਼ਾਂ ਨਾਲ ਬੰਬ ਧਮਾਕੇ ਕੀਤੇ ਜਾਣਗੇ।ਹੁਣ ਤੱਕ ਹਿੰਸਾ ਦੌਰਾਨ ਮਾਰੇ ਗਿਆਂ ਨੂੰ ਸਸਕਾਰ ਅਤੇ ਦਫਨਾਉਣ ਲਈ 2 ਵਜੇ ਤੱਕ ਦਾ ਸਮਾਂ ਦਿੱਤਾ।ਡੀ.ਸੀ. ਦਾ ਹੁਕਮ ਸੀ ਕਿ ਸਸਕਾਰ ਅਤੇ ਜਨਾਜ਼ੇ ਦੌਰਾਨ ਬਹੁਤੀ ਭੀੜ ਨਹੀਂ ਹੋ ਸਕਦੀ।ਸਾਰੀਆਂ ਲਾਸ਼ਾਂ ਨੂੰ ਅੰਤਿਮ ਕਿਰਿਆ ਲਈ ਸੁਲਤਾਨਵਿੰਡ ਦੇ ਇਲਾਕੇ 'ਚ ਪਹੁੰਚਾਇਆ ਗਿਆ। ਏ.ਜੇ.ਡਬਲਿਊ ਕਿਚਨ ਕਮਿਸ਼ਨਰ ਲਾਹੌਰ ਡਿਵੀਜਨ ਨੂੰ ਸਾਰੇ ਹਲਾਤ ਦਾ ਚਾਰਜ ਦਿੱਤਾ ਗਿਆ।ਬਾਕੀ ਕਾਰਵਾਈ ਫੌਜ ਹਵਾਲੇ ਕਰ ਦਿੱਤੀ ਅਤੇ ਜਲੰਧਰ ਤੋਂ ਜਨਰਲ ਡਾਇਰ ਆਪਣੀ 45 ਵੀਂ ਬ੍ਰਿਗੇਡ ਨਾਲ ਰਾਤ 9 ਵਜੇ ਅੰਮ੍ਰਿਤਸਰ ਆ ਗਿਆ।ਜਨਰਲ ਡਾਇਰ ਨੇ ਇੱਥੇ ਰਾਮ ਬਾਗ਼ 'ਚ ਆਪਣਾ ਫੌਜੀ ਕੈਂਪ ਸਥਾਪਿਤ ਕਰ ਲਿਆ। 

12 ਅਪ੍ਰੈਲ 1919 
ਜਨਰਲ ਡਾਇਰ ਨੇ ਪੂਰੇ ਸ਼ਹਿਰ ਦੀ ਗਸ਼ਤ ਕੀਤੀ।ਇਸ ਦੌਰਾਨ ਡਾਇਰ ਨਾਲ 400 ਫੌਜੀ ਅਤੇ 2 ਕਾਰਾਂ ਸਨ।ਦੂਜੇ ਪਾਸੇ ਅੰਦੋਲਨਕਾਰੀਆਂ ਵੱਲੋਂ ਹਿੰਦੂ ਸਭਾ ਸਕੂਲ 'ਚ ਜੱਲ੍ਹਿਆਂਵਾਲ਼ੇ ਬਾਗ਼ 'ਚ ਇੱਕਠ ਕਰਨ ਦਾ ਸੱਦਾ ਦਿੱਤਾ ਗਿਆ।

ਕਾਲਾ ਐਤਵਾਰ 13 ਅਪ੍ਰੈਲ 1919
ਐਤਵਾਰ ਨੂੰ ਹਲਾਤ ਬਹੁਤ ਨਾਜ਼ੁਕ ਸਨ।10 ਅਪ੍ਰੈਲ ਤੋਂ ਸ਼੍ਰੀ ਹਰਿਮੰਦਰ ਸਾਹਿਬ ਸੰਗਤਾਂ ਵਿਸਾਖੀ ਮੌਕੇ ਇਕੱਠੀਆਂ ਹੋ ਰਹੀਆਂ ਸਨ।ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਅਜਿਹੇ ਹਿੰਸਕ ਹਲਾਤ ਅਤੇ ਸੱਤਿਆਗ੍ਰਹਿ ਅੰਦੋਲਣ ਦਾ ਜਮਘਟ ਸੀ।ਉਹਨਾਂ ਦਿਨਾਂ ਦੇ ਸ਼ਹਿਰ ਦੇ ਹਲਾਤ ਕੀ ਸਨ ਇਸ ਦਾ ਜ਼ਿਕਰ ਉੱਪਰ ਕਰ ਚੁੱਕੇ ਹਾਂ। ਸਵੇਰੇ ਜਨਰਲ ਡਾਇਰ ਅਤੇ ਮਾਈਲਜ਼ ਇਰਵਿੰਗ ਨੇ ਸ਼ਹਿਰ 'ਚ ਗਸ਼ਤ ਕੀਤੀ ਅਤੇ ਪੰਜਾਬੀ-ਉਰਦੂ 'ਚ ਹੋਕਾ ਦਿੱਤਾ ਕਿ ਸ਼ਹਿਰ 'ਚ ਇੱਕਠ ਨਾ ਕੀਤਾ ਜਾਵੇ,ਇੰਝ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ।ਇਹ ਹੋਕਾ ਜੱਲ੍ਹਿਆਂਵਾਲ਼ਾ ਬਾਗ਼ ਤੋਂ ਦੂਰ 19 ਹੋਰਨਾਂ ਥਾਵਾਂ 'ਤੇ ਦਿੱਤਾ ਗਿਆ ਸੀ।ਖ਼ਾਲਸੇ ਦੇ ਜਨਮ ਦਿਨ ਨੂੰ ਮਨਾਉਂਦੀਆਂ ਸੰਗਤਾਂ ਵਿਹਲ 'ਚ ਬਾਗ਼ ਵਾਲੀ ਥਾਂ 'ਤੇ ਆਰਾਮ ਕਰਨ ਲਈ ਬੈਠੀਆਂ ਸਨ।ਦੂਜੇ ਪਾਸੇ ਸੱਤਿਆਗ੍ਰਹਿ ਦੇ ਹੱਕ 'ਚ ਰੌਲੇਟ ਐਕਟ ਦੇ ਵਿਰੋਧ 'ਚ ਵੀ ਇੱਥੇ ਲੋਕ ਇੱਕਠੇ ਹੋਣ ਲੱਗੇ।ਇੱਕਠ 'ਚ ਅੰਦੋਲਣਕਾਰੀ ਵੀ ਸਨ,ਦੂਰ ਦੁਰਾਡਿਓਂ ਆਏ ਲੋਕ ਵੀ ਅਤੇ ਇਹਨਾਂ ਲੋਕਾਂ 'ਚ ਬੱਚੇ,ਜਨਾਨੀਆਂ,ਬਜ਼ੁਰਗ ਹਰ ਕੋਈ ਸੀ।

ਦੁਪਹਿਰ 1.30 ਵਜੇ ਜਨਰਲ ਡਾਇਰ ਨੂੰ ਖ਼ਬਰ ਪਹੁੰਚੀ ਕਿ ਬਾਗ਼ 'ਚ ਇੱਕਠ ਹੋ ਰਿਹਾ ਹੈ ਅਤੇ ਇਹਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।ਉਸ ਦਿਨ ਸ਼ਾਮ 5 ਵਜੇ ਤੱਕ 15000-20000 ਲੋਕਾਂ ਦਾ ਵੱਡਾ ਇੱਕਠ ਜਲ੍ਹਿਆਂਵਾਲ਼ੇ ਬਾਗ਼ 'ਚ ਸੀ।ਉਸ ਸਮੇਂ ਸਟੇਜ  ਤੋਂ ਵੱਖ ਵੱਖ ਬੁਲਾਰੇ ਲੋਕਾਂ ਨੂੰ ਰੌਲੇਟ ਐਕਟ ਦੇ ਵਿਰੋਧ 'ਚ ਸੰਬੋਧਿਤ ਹੋ ਰਹੇ ਸਨ।ਬ੍ਰਿਜ ਬੈਕਾਲ ਆਪਣੀ 'ਫਰਿਆਦ' ਕਵਿਤਾ ਸੁਣਾਕੇ ਮੰਚ ਤੋਂ ਹੇਠਾਂ ਆਇਆ ਸੀ ਅਤੇ 'ਵਕਤ' ਸਮਾਚਾਰ ਦਾ ਸੰਪਾਦਕ ਦੁਰਗਾ ਦਾਸ ਵੈਦ ਸਟੇਜ ਤੋਂ ਸੰਬੋਧਣ ਹੋਣ ਆ ਗਿਆ ਸੀ।ਜਨਰਲ ਡਾਇਰ ਨੇ ਬਿਨਾਂ ਚੇਤਾਵਨੀ ਤੋਂ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ।10 ਮਿੰਟ 'ਚ 15000 ਨਿੱਹਥੇ ਲੋਕਾਂ ਦੀ ਕੁਰਲਾਹਟ ਨਾਲ ਧਰਤੀ ਥਰਥਰਾ ਗਈ।ਕਹਿੰਦੇ ਹਨ ਕਿ ਡਾਇਰ ਨੇ 1650 ਰੌਂਦ ਚਲਾਏ ਜਿਹਨਾਂ 'ਚੋਂ 303 ਗੋਲ਼ੀਆਂ ਦੇ ਨਿਸ਼ਾਨ ਅਜੇ ਵੀ ਕੰਧਾਂ 'ਤੇ ਮੌਜੂਦ ਹਨ।ਕਈਆਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਬਾਗ਼ ਦੇ ਖ਼ੂਹ 'ਚ ਛਾਲਾਂ ਮਾਰੀਆਂ।ਇਸ ਵਹਿਸ਼ਤ ਭਰੀ ਕਾਰਵਾਈ 'ਚ 400 ਤੋਂ 2000 ਬੰਦਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਪਰ ਅਜੇ ਤੱਕ ਕੋਈ ਵੀ ਪੁਖ਼ਤਾ ਗਿਣਤੀ ਸਾਹਮਣੇ ਨਹੀਂ ਆਈ।ਇਸ ਦੌਰਾਨ ਫੌਜ ਅਤੇ ਲੋਕਾਂ 'ਚ 40 ਗਜ਼ ਦਾ ਫਾਸਲਾ ਸੀ।ਡਾਇਰ ਦੀ ਇਸ ਕਾਰਵਾਈ 'ਚ 54 ਸਿੱਖ ਰੈਜੀਮੈਂਟ,29 ਗੋਰਖਾ ਅਤੇ ਸਿੰਧੀ,ਬਲੋਚੀ ਪਠਾਣਾਂ ਦੀ 59 ਸਿੰਧ ਰਾਈਫਲ ਨੇ ਹਿੱਸਾ ਲਿਆ। 

14 ਅਪ੍ਰੈਲ ਨੂੰ ਜਨਰਲ ਡਾਇਰ ਦਾ ਸੰਬੋਧਨ
ਤੁਸੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਂ ਇੱਕ ਸਿਪਾਹੀ 'ਤੇ ਫੌਜੀ ਹਾਂ।ਜੇਕਰ ਤੁਸੀ ਅਮਨ ਚਾਹੁੰਦੇ ਹੋ ਤਾਂ ਮੇਰੇ ਹੁਕਮ ਮੰਨੋ ਅਤੇ ਸਾਰੇ ਆਪਣੀਆਂ ਦੁਕਾਨਾਂ ਖੋਲ੍ਹੋ, ਨਹੀਂ ਤਾਂ ਮੈਂ ਗੋਲੀ ਮਾਰ ਦਿਆਂਗਾ।ਮੇਰੇ ਲਈ ਫਰਾਂਸ ਦਾ ਜੰਗ-ਏ-ਮੈਦਾਨ ਅਤੇ ਅੰਮ੍ਰਿਤਸਰ ਇੱਕੋ ਬਰਾਬਰ ਹੈ।ਮੈਂ ਇੱਕ ਫੌਜੀ ਹੋਣ ਦੇ ਨਾਤੇ ਸਿੱਧਾ-ਸਾਧਾ ਚੱਲਾਂਗਾ।ਨਾ ਮੈਂ ਸੱਜੇ ਜਾਵਾਂਗਾ…ਨਾ ਹੀ ਖੱਬੇ …ਦੁਕਾਨਾਂ ਤਾਕਤ ਨਾਲ ਅਤੇ ਬੰਦੂਕਾਂ ਨਾਲ ਖੁਲਵਾ ਲਈਆਂ ਜਾਣਗੀਆਂ।ਤੁਸੀਂ ਸਰਕਾਰ ਦਾ ਵਿਰੋਧ ਕਰਦੇ ਹੋ ਅਤੇ ਬੰਗਾਲ ਦੇਸ਼-ਧ੍ਰੋਹ ਦੀ ਗੱਲ ਕਰਦਾ ਹੋ।ਮੈਂ ਇਹਨਾਂ ਸਭ ਦੀ ਰਿਪੋਰਟ ਕਰਾਂਗਾ।ਮੈਨੂੰ ਫੌਜ 'ਚ ਆਪਣੀਆਂ ਸੇਵਾਵਾਂ ਨਿਭਾਉਂਦੇ ਤੀਹ ਵਰ੍ਹੇ ਹੋ ਚੱਲੇ ਹਨ।ਮੈਂ ਸਮਝਦਾ ਹਾਂ ਕਿ ਭਾਰਤੀ ਫੌਜੀ ਅਤੇ ਸਿੱਖ ਬਹੁਤ ਚੰਗੇ ਹੁੰਦੇ ਹਨ।ਜੇਕਰ ਤੁਹਾਨੂੰ ਕੋਈ ਬਦਮਾਸ਼ ਤੰਗ ਕਰਦਾ ਹੈ ਤਾਂ ਇਸਦੀ ਖਬਰ ਮੈਨੂੰ ਦਿਉ ਮੈਂ ਉਸ 'ਤੇ ਗੋਲੀ ਚਲਾ ਦਿਆਂਗਾ। ਇਸ ਲਈ ਮੇਰਾ ਹੁਕਮ ਮੰਨੋ ਅਤੇ ਆਪਣੀਆਂ ਦੁਕਾਨਾਂ ਖੋਲ੍ਹੋ।ਜੇ ਤੁਸੀਂ ਜੰਗ ਚਾਹੁੰਦੇ ਹੋ ਤਾਂ ਬੋਲ ਦਿਉ।ਤੁਸੀਂ ਬ੍ਰਿਟਿਸ਼ ਲੋਕਾਂ ਨੂੰ ਮਾਰਕੇ ਬਹੁਤ ਵੱਡੀ ਗਲਤੀ ਕੀਤੀ ਹੈ,ਜਿਸਦਾ ਬਦਲਾ ਤੁਹਾਡੇ ਤੋਂ ਅਤੇ ਤੁਹਾਡੇ ਬੱਚਿਆਂ ਤੋਂ ਲਿਆ ਜਾਵੇਗਾ।''

15 ਅਪ੍ਰੈਲ ਮਾਰਸ਼ਲ ਲਾਅ
13 ਅਪ੍ਰੈਲ ਦੀ ਘਟਨਾ ਤੋਂ ਬਾਅਦ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਾ ਦਿੱਤਾ ਗਿਆ।ਇਸ ਤੋਂ ਬਾਅਦ ਜਨਰਲ ਡਾਇਰ ਨੇ ਫਿਰ ਸ਼ਹਿਰ ਨੂੰ ਸੰਬੋਧਿਤ ਕੀਤਾ।ਹੁਣ ਸ਼ਹਿਰ 'ਚ ਮਾਰਸ਼ਲ ਲਾਅ ਲਾਗੂ ਸੀ।ਪ੍ਰੈਸ ਨੂੰ ਪੂਰੀ ਤਰ੍ਹਾਂ ਜਬਤ ਕਰ ਲਿਆ ਗਿਆ।ਅੰਮ੍ਰਿਤਸਰ ਦੀਆਂ ਤਮਾਮ ਖ਼ਬਰਾਂ ਦੇਸ਼ ਦੁਨੀਆਂ ਦੇ ਦੂਜੇ ਹਿੱਸੇ ਬਹੁਤ ਦੇਰ ਨਾਲ ਪਹੁੰਚੀਆਂ।ਬਾਗ਼ 'ਚ ਜ਼ਖ਼ਮੀਆਂ ਦੀ ਹਾਲਤ ਬਹੁਤ ਨਾਜ਼ੁਕ ਸੀ।ਉਹਨਾਂ ਨੂੰ ਮੁੱਢਲੀ ਡਾਕਟਰੀ ਜਾਂਚ ਦੀ ਕੋਈ ਸਹੂਲਤ ਜਾਂ ਬੰਦੋਬਸਤ ਨਹੀਂ ਸੀ।ਕੂਚਾ ਕੌੜਿਆਂਵਾਲ਼ੇ ਜਿੱਥੇ ਸ਼ੀਅਰਵੁੱਡ ਨਾਲ ਹਾਦਸਾ ਹੋਇਆ ਸੀ 'ਚ ਅੰਗਰੇਜ਼ਾਂ ਨੇ ਅਜਬ ਦਸਤੂਰ ਚਲਾਇਆ।ਇਸ ਗਲੀ 'ਚੋਂ ਸਭ ਨੂੰ ਲੰਮੇ ਪੈਕੇ ਘਿਸਰਕੇ ਤੁਰਨਾ ਪੈਂਦਾ ਸੀ।ਅਜਿਹਾ ਕਰਨ 'ਤੇ ਕੜਿੱਕੀ ਨਾਲ ਬੰਨ੍ਹ ਨੰਗਾ ਕਰ ਕੌੜੇ ਮਾਰੇ ਜਾਂਦੇ ਸਨ।ਇਸ ਸਾਕੇ 'ਚ ਬੀਬੀ ਅਤਰ ਕੌਰ ਅਤੇ ਰਤਨਾ ਦੇਵੀ ਦਾ ਜ਼ਿਕਰ ਉੱਚੇਚਾ ਆਉਂਦਾ ਹੈ।ਬੀਬੀ ਅਤਰ ਕੌਰ ਆਪਣੇ ਛੇ ਮਹੀਨੇ ਦੇ ਗਰਭ ਨਾਲ ਸੀ ਅਤੇ ਆਪਣੇ ਪਤੀ ਭਾਗ ਮੱਲ ਭਾਟੀਆ ਦੀ ਲੋਥ ਨੂੰ ਆਪ ਆਪਣੇ ਮੋਢੇ 'ਤੇ ਢੋਇਆ।ਇਸ ਦੌਰਾਨ ਉਹਨੇ ਹੋਰਨਾਂ ਜ਼ਖ਼ਮੀਆਂ ਦੀ ਮਦਦ ਵੀ ਕੀਤੀ।ਮਾਰਸ਼ਲ ਲਾਅ ਹੋਣ ਕਰਕੇ ਕੋਈ ਇੱਕ ਦੂਜੇ ਦੀ ਮਦਦ ਨੂੰ ਅੱਗੇ ਨਹੀਂ ਸੀ ਵੱਧ ਰਿਹਾ।ਇਸ ਖ਼ੂਨੀ ਵਿਸਾਖੀ ਨੂੰ ਰਤਨਾ ਦੇਵੀ ਦੇ ਪਤੀ ਦਾ ਵੀ ਕਤਲ ਹੋਇਆ।ਰਤਨਾ ਦੇਵੀ ਸਾਰੀ ਰਾਤ ਆਪਣੇ ਪਤੀ ਦੀ ਲੋਥ ਲਈ ਪਹਿਰਾ ਦਿੰਦੀ ਰਹੀ।ਬਾਗ਼ 'ਚ ਲਾਸ਼ਾਂ ਦੇ ਢੇਰ ਸਨ ਅਤੇ ਅਵਾਰਾ ਕੁੱਤਿਆਂ ਦੀ ਹੇੜ ਲਾਸ਼ਾਂ ਨੂੰ ਸੁੰਘਦੀ ਫਿਰਦੀ ਸੀ।ਰਤਨਾ ਦੇਵੀ ਸਾਰੀ ਰਾਤ ਜਾਗਦੀ ਰਹੀ ਤਾਂ ਕਿ ਉਹਦੇ ਘਰਵਾਲੇ ਦੀ ਲਾਸ਼ ਨੂੰ ਕੋਈ ਜਾਨਵਰ ਮੂੰਹ ਨਾ ਮਾਰੇ।ਸਵੇਰ ਹੁੰਦਿਆਂ ਰਤਨਾ ਦੇਵੀ ਆਪਣੇ ਘਰਵਾਲੇ ਦੀ ਲੋਥ ਚੁੱਕਕੇ ਘਰਾਂ ਨੂੰ ਪਰਤ ਰਹੀ ਸੀ।ਅਸੀਂ ਸਮਝ ਸਕਦੇ ਹਾਂ ਕਿ ਉਹਨਾਂ ਦਿਨਾਂ 'ਚ ਕਿੰਨੇ ਪਰਿਵਾਰਾਂ ਦੇ ਜਨਾਜੇ ਅਜਾਈਂ ਉੱਠ ਗਏ।ਇਹ ਸਾਕਾ 100 ਸਾਲ ਬਾਅਦ ਵੀ ਮਨੁੱਖਤਾ ਦੇ ਘਾਣ ਵਾਲਾ ਵੱਡਾ ਜ਼ਖ਼ਮ ਹੈ।


author

Baljeet Kaur

Content Editor

Related News