ਜੈਕਾਰਿਆਂ ਦੀ ਗੂੰਜ ਨਾਲ ਹੋਈ ਕੋਟ ਧਰਮ ਤੋਂ ਕੌਮਾਂਤਰੀ ਨਗਰ ਕੀਰਤਨ ਦੀ ਰਵਾਨਗੀ

10/19/2019 5:03:59 PM

ਅੰਮ੍ਰਿਤਸਰ (ਦੀਪਕ ਸ਼ਰਮਾ, ਮਿੱਤਲ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਗਏ ਕੌਮਾਂਤਰੀ ਨਗਰ ਕੀਰਤਨ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵੱਖ-ਵੱਖ ਸੂਬਿਆਂ ਦੀ ਯਾਤਰਾ ਕਰਨ ਮਗਰੋਂ ਪੰਜਾਬ 'ਚ ਹਰ ਪੜਾਅ 'ਤੇ ਵੱਡੀ ਗਿਣਤੀ 'ਚ ਸੰਗਤਾਂ ਨਗਰ ਕੀਰਤਨ ਦੇ ਸਵਾਗਤ ਲਈ ਪੁੱਜ ਰਹੀਆਂ ਹਨ। ਅੱਜ ਨਗਰ ਕੀਰਤਨ ਦੀ ਮਾਨਸਾ ਦੇ ਕੋਟਧਰਮੂ ਸਥਿਤ ਗੁਰਦੁਆਰਾ ਸੂਲੀਸਰ ਸਾਹਿਬ ਤੋਂ ਬਰਨਾਲਾ ਲਈ ਰਵਾਨਾ ਹੋਣ ਸਮੇਂ ਵੀ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਸ਼ਰਧਾ ਪ੍ਰਗਟਾਈ। ਇਥੋਂ ਨਗਰ ਕੀਰਤਨ ਨੂੰ ਰਵਾਨਾ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇਦਾਰ ਅਮਰੀਕ ਸਿੰਘ ਕੋਟਸ਼ਮੀਰ, ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਮਿੱਠੂ ਸਿੰਘ ਕਾਹਨੇਕੇ, ਮਨਜੀਤ ਸਿੰਘ ਬੱਪੀਆਣਾ, ਸੁਰਜੀਤ ਸਿੰਘ ਰਾਪੁਰ, ਦਿਲਰਾਜ ਸਿੰਘ ਭੂੰਦੜ ਆਦਿ ਮੌਜੂਦ ਸਨ। 
PunjabKesari
ਗੁਰਦੁਆਰਾ ਸੂਲੀਸਰ ਸਾਹਿਬ ਵਿਖੇ ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਰਾਗੀ ਜਥਿਆਂ ਨੇ ਕੀਰਤਨ ਕੀਤਾ ਅਤੇ ਭਾਈ ਬਲਦੇਵ ਸਿੰਘ ਕਥਾਵਾਚਕ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਉਨ੍ਹਾਂ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ 'ਚ ਸ਼ਮੂਲੀਅਤ ਲਈ ਸੰਗਤ ਨੂੰ ਸ਼੍ਰੋਮਣੀ ਕਮੇਟੀ ਤਰਫੋਂ ਸੱਦਾ ਦਿੱਤਾ। ਇਸ ਦੌਰਾਨ ਨਗਰ ਕੀਰਤਨ ਦਾ ਮਾਨਸਾ ਸ਼ਹਿਰ ਵਿਖੇ ਪਹੁੰਚਣ 'ਤੇ ਸੰਗਤਾਂ ਦੀ ਵਿਸ਼ਾਲ ਹਾਜ਼ਰੀ 'ਚ ਸਵਾਗਤ ਹੋਇਆ। ਸਵਾਗਤ ਲਈ ਮਾਨਸਾ ਦੇ ਐੱਸ.ਡੀ.ਐੱਮ. ਸਰਬਜੀਤ ਕੌਰ, ਐੱਸ.ਪੀ. ਹੈੱਡ ਕੁਆਰਟਰ ਸਤਨਾਮ ਸਿੰਘ ਵੀ ਪਹੁੰਚੇ। ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਅਤੇ ਗੁਰਪ੍ਰੀਤ ਸਿੰਘ ਝੱਬਰ ਅਨੁਸਾਰ ਨਗਰ ਕੀਰਤਨ ਲਈ ਦੂਰ-ਦੁਰਾਡੇ ਤੋਂ ਵੱਡੀ ਗਿਣਤੀ 'ਚ ਸੰਗਤਾਂ ਪੁੱਜੀਆਂ ਹੋਈਆਂ ਸਨ। ਨਗਰ ਕੀਰਤਨ ਨਾਲ ਚੱਲ ਰਹੀ ਵਿਸ਼ੇਸ਼ ਬੱਸ 'ਚ ਸੁਸ਼ੋਭਿਤ ਗੁਰੂ ਸਾਹਿਬ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨਾਂ ਪ੍ਰਤੀ ਵੀ ਸੰਗਤ 'ਚ ਭਾਰੀ ਉਤਸ਼ਾਹ ਸੀ। ਉਨ੍ਹਾਂ ਦੱਸਿਆ ਕਿ ਸੰਗਤਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ। ਇਸੇ ਤਰ੍ਹਾਂ ਸੰਗਤ ਵਲੋਂ ਸਵਾਗਤੀ ਗੇਟਾਂ, ਆਤਿਸ਼ਬਾਜ਼ੀ, ਖੂਬਸੂਰਤ ਲੜੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ।


Baljeet Kaur

Content Editor

Related News