ਜ਼ੰਜੀਰਾਂ 'ਚ ਬੱਝੀ ਫਰਾਰ ਹੋਈ ਕੁੜੀ ਦੇ ਮਾਮਲੇ 'ਚ ਆਇਆ ਨਾਟਕੀ ਮੋੜ

Tuesday, Sep 17, 2019 - 10:24 AM (IST)

ਜ਼ੰਜੀਰਾਂ 'ਚ ਬੱਝੀ ਫਰਾਰ ਹੋਈ ਕੁੜੀ ਦੇ ਮਾਮਲੇ 'ਚ ਆਇਆ ਨਾਟਕੀ ਮੋੜ

ਅੰਮ੍ਰਿਤਸਰ (ਸਫਰ) - ਰਣਜੀਤ ਐਵੀਨਿਊ ਦੇ ਲਾਲ ਕੁਆਰਟਰ 'ਚ ਰਹਿਣ ਵਾਲੀ ਨਸ਼ੇ ਲਈ ਜ਼ੰਜੀਰਾਂ 'ਚ ਬੰਨ੍ਹੀ ਕੁੜੀ, ਜੋ ਨਸ਼ੇ ਦੇ ਸੌਦਾਗਰਾਂ ਨਾਲ 'ਫੁਰਰ' ਹੋ ਗਈ ਸੀ, ਦੇ ਮਾਮਲੇ 'ਚ ਇਕ ਨਾਟਕੀ ਮੋੜ ਆ ਗਿਆ ਹੈ। ਕੁੜੀ ਦੇ ਫਰਾਰ ਹੋਣ ਮਗਰੋਂ ਉਸ ਦੀ ਮਾਂ ਅਤੇ ਭੈਣ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣਾ ਰਣਜੀਤ ਐਵੀਨਿਊ 'ਚ ਦਰਜ ਕਰਵਾਈ ਸੀ, ਜਿਸ ਦਾ ਪਤਾ ਲੱਗਣ 'ਤੇ ਉਹ ਕੁੜੀ ਥਾਣਾ ਪਹੁੰਚ ਗਈ। ਉਸ ਨੇ ਥਾਣਾ ਰਣਜੀਤ ਐਵੀਨਿਊ ਦੇ ਮੁਖੀ ਕਮਲਮੀਤ ਸਿੰਘ ਦੇ ਸਾਹਮਣੇ ਪੇਸ਼ ਹੋ ਕੇ ਕਿਹਾ ਕਿ 'ਉਹ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਗਈ ਹੈ, ਪਰਿਵਾਰ ਵਾਲੇ ਗਲਤ ਇਲਜ਼ਾਮ ਲਾ ਰਹੇ ਹਨ।'

ਦੂਜੇ ਪਾਸੇ ਕੁੜੀ ਦੀ ਮਾਂ ਅਤੇ ਭੈਣ ਦੇ ਨਾਲ ਇਲਾਕੇ ਦੀਆਂ ਔਰਤਾਂ ਨੇ ਸੋਮਵਾਰ ਦੁਪਹਿਰ ਨੂੰ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਭੈਣ ਨੂੰ ਨਸ਼ਾ ਵੇਚਣ ਵਾਲਿਆਂ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ। ਉਹ ਉਸ ਨੂੰ ਨਸ਼ੇ ਦੀ ਡੋਜ਼ ਦੇ ਕੇ ਨਸ਼ਾ ਵਿਕਾ ਰਹੇ ਹਨ। ਉਸ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਕੇ ਨਸ਼ੇ ਦਾ ਨੈੱਟਵਰਕ ਚਲਾ ਰਹੇ ਹਨ। ਦੱਸ ਦੇਈਏ ਕਿ ਇਸ ਮਾਮਲੇ 'ਚ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਵੱਡਾ ਕਦਮ ਚੁੱਕਣ ਦੀ ਤਾਕ 'ਚ ਹੈ। ਪੁਲਸ ਇਸ ਮਾਮਲੇ 'ਚ ਉੱਚ ਅਧਿਕਾਰੀਆਂ ਦੇ ਆਦੇਸ਼ਾਂ 'ਤੇ ਇਸ ਮਾਮਲੇ 'ਚ ਵੱਡਾ ਫੈਸਲਾ ਲੈਣ ਦੀ ਗੱਲ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਥਾਣਾ ਰਣਜੀਤ ਐਵੀਨਿਊ ਇੰਚਾਰਜ ਕਮਲਮੀਤ ਸਿੰਘ ਕਰ ਚੁੱਕੇ ਹਨ।


author

rajwinder kaur

Content Editor

Related News