ਅੰਮ੍ਰਿਤਸਰ ਡਰੱਗ ਫੈਕਟਰੀ ਮਾਮਲੇ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ
Tuesday, Feb 04, 2020 - 06:21 PM (IST)
ਅੰਮ੍ਰਿਤਸਰ (ਸੰਜੀਵ) : ਸੁਲਤਾਨਵਿੰਡ ਖੇਤਰ ਵਿਚ ਚਿੱਟੇ ਦੀ ਲੈਬਾਰਟਰੀ ਚਲਾ ਰਹੇ 6 ਸਮੱਗਲਰਾਂ ਦੇ ਨਾਲ ਬਰਾਮਦ ਕੀਤੀ ਗਈ 194 ਕਿਲੋ ਹੈਰੋਇਨ ਦੇ ਮਾਮਲੇ 'ਚ ਦੁਬਈ ਦੇ ਖਾਨ ਸਾਹਿਬ ਅਤੇ ਭਾਈਜਾਨ ਦਾ ਨਾਂ ਸਾਹਮਣੇ ਆਇਆ ਹੈ, ਜੋ ਪੰਜਾਬ ਵਿਚ ਇਸ ਡਰੱਗਜ਼ ਦੇ ਰੈਕੇਟ ਨੂੰ ਚਲਾ ਰਹੇ ਅੰਕੁਸ਼ ਕਪੂਰ ਦੇ ਸੰਪਰਕ ਵਿਚ ਸਨ। ਇਹੀ ਉਹ 2 ਨਾਂ ਹਨ, ਜੋ ਡਰੱਗ ਸਮੱਗਲਿੰਗ ਦੇ ਮਾਮਲੇ 'ਚ ਗੁਜਰਾਤ ਏ. ਟੀ. ਐੱਸ. ਨੂੰ ਲੋੜੀਂਦੇ ਸਨ। ਪੰਜਾਬ 'ਚ ਹੈਰੋਇਨ ਦੀ ਜ਼ਰੂਰਤ ਨੂੰ ਦੁਬਈ ਦਾ ਖਾਨ ਸਾਹਿਬ ਅਤੇ ਭਾਈਜਾਨ ਪੂਰਾ ਕਰ ਰਿਹਾ ਸੀ। ਇਨ੍ਹਾਂ ਦੋਵਾਂ ਦੇ ਮੋਬਾਇਲ ਸਕੈਨਿੰਗ ਤੋਂ ਬਾਅਦ ਪਤਾ ਲੱਗਾ ਹੈ। ਪੁਲਸ ਇਸ 'ਤੇ ਵੀ ਜਾਂਚ ਕਰ ਰਹੀ ਹੈ ਕਿ ਫੜੀ ਗਈ ਹੈਰੋਇਨ ਕਿਤੇ ਸਿਮਰਨਜੀਤ ਸਿੰਘ ਸੰਧੂ ਦੀ ਤਾਂ ਨਹੀਂ ਕਿਉਂਕਿ 300 ਕਿਲੋ ਹੈਰੋਇਨ ਦੇ ਮਾਮਲੇ ਵਿਚ ਏ. ਟੀ. ਐੱਸ. ਨੇ ਪਰਚਾ ਜ਼ਰੂਰ ਦਰਜ ਕੀਤਾ ਸੀ ਪਰ ਉਸ ਵਿਚ ਰਿਕਵਰੀ ਸਿਰਫ 5 ਕਿਲੋ ਦੀ ਹੋਈ ਸੀ। ਬਾਕੀ 295 ਕਿਲੋ ਹੈਰੋਇਨ ਨੂੰ ਪੁਲਸ ਰਿਕਵਰ ਨਹੀਂ ਕਰ ਸਕੀ ਸੀ। ਸਿਮਰਨਜੀਤ ਇਟਲੀ ਫਰਾਰ ਹੋ ਗਿਆ ਸੀ।
ਹੈਰੋਇਨ ਦੇ ਇਸ ਵੱਡੇ ਮਾਮਲੇ ਵਿਚ ਏ. ਟੀ. ਐੱਸ. ਗੁਜਰਾਤ ਵਲੋਂ ਉਸ ਦਾ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ, ਜਿਸ ਨੂੰ ਇੰਟਰਪੋਲ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਏ. ਟੀ. ਐੱਸ. ਉਸ ਨੂੰ ਭਾਰਤ ਲਿਆਉਣ ਦੀਆਂ ਰਸਮਾਂ ਪੂਰੀਆਂ ਕਰ ਰਹੀ ਹੈ। ਭਾਰਤ ਵਿਚ ਏ. ਟੀ. ਐੱਸ. ਦੀ ਜਾਂਚ ਵਿਚ ਸ਼ਾਮਲ ਹੋਣ ਤੋਂ ਬਾਅਦ ਸਪੈਸ਼ਲ ਟਾਸਕ ਫੋਰਸ ਸੰਧੂ ਨੂੰ ਪੰਜਾਬ ਲੈ ਕੇ ਆਵੇਗੀ ਅਤੇ ਬਰਾਮਦ ਕੀਤੀ ਗਈ 194 ਕਿਲੋ ਹੈਰੋਇਨ ਵਿਚ ਉਸ ਦੇ ਕੁਨੈਕਸ਼ਨ 'ਤੇ ਜਾਂਚ ਕੀਤੀ ਜਾਵੇਗੀ।
ਕਾਂਗਰਸੀ ਕੌਂਸਲਰ ਨੇ ਕਰਵਾਏ ਬਿਆਨ ਕਲਮਬੱਧ
ਸਪੈਸ਼ਲ ਟਾਸਕ ਵਲੋਂ ਬੇਨਕਾਬ ਕੀਤੀ ਗਈ ਹੈਰੋਇਨ ਦੀ ਲੈਬਾਰਟਰੀ ਦੇ ਮਾਮਲੇ ਵਿਚ ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ ਨੂੰ ਵੀ ਜਾਂਚ ਵਿਚ ਸ਼ਾਮਲ ਹੋਣ ਦਾ ਨੋਟਿਸ ਭੇਜਿਆ ਗਿਆ ਸੀ। ਅੱਜ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਫਿਲਹਾਲ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜਿਸ ਕੋਠੀ ਤੋਂ ਸਮੱਗਲਰ ਸੁਖਬੀਰ ਸਿੰਘ ਉਰਫ ਹੈਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਬਾਰੇ ਐੱਸ. ਟੀ. ਐੱਫ. ਵੱਲੋਂ ਜਾਂਚ ਕੀਤੀ ਜਾਣੀ ਸੀ। ਮਿਲੀ ਜਾਣਕਾਰੀ ਮੁਤਾਬਕ ਟਾਸਕ ਫੋਰਸ ਵਲੋਂ ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ ਨੇ ਸਾਰੇ ਸਵਾਲਾਂ ਦਾ ਸਿੱਧਾ ਸਿੱਧਾ ਜਵਾਬ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਜੀਠਾ ਰੋਡ ਸਥਿਤ ਜਿਸ ਕੋਠੀ 'ਚੋਂ ਸਮਗਲਰ ਹੈਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਉਨ੍ਹਾਂ ਦੀ ਪਤਨੀ ਅਤੇ ਬੇਟੀਆਂ ਦੇ ਨਾਂ 'ਤੇ ਹੈ, ਜਿਸ ਨੂੰ ਉਨ੍ਹਾਂ ਆਪਣੀ ਪਤਨੀ ਦੇ ਨਾਲ ਹੋਏ ਤਲਾਕ ਤੋਂ ਬਾਅਦ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਖਰੀਦ ਕੇ ਦਿੱਤੀ ਸੀ। ਕੋਠੀ ਦੇਣ ਤੋਂ ਬਾਅਦ ਉਹ ਕਦੇ ਵੀ ਉੱਥੇ ਨਹੀਂ ਗਏ। ਹੈਪੀ ਨੂੰ ਕੋਠੀ ਉਨ੍ਹਾਂ ਦੀ ਪਤਨੀ ਨੇ ਹੀ ਕਿਰਾਏ 'ਤੇ ਦਿੱਤੀ ਹੋਵੇਗੀ ਕਿਉਂਕਿ ਉਹ ਬੰਦ ਰਹਿੰਦੀ ਸੀ। ਉਨ੍ਹਾਂ ਦੀ ਪਤਨੀ ਕਪੂਰਥਲਾ 'ਚ ਨੌਕਰੀ ਕਰਦੀ ਹੈ।
ਅਨਵਰ ਮਸੀਹ ਨਹੀਂ ਹੋਇਆ ਜਾਂਚ 'ਚ ਸ਼ਾਮਲ
ਬੇਸ਼ੱਕ ਸਪੈਸ਼ਲ ਟਾਸਕ ਫੋਰਸ ਵੱਲੋਂ ਅਕਾਲੀ ਨੇਤਾ ਅਨਵਰ ਮਸੀਹ ਨੂੰ ਜਾਂਚ ਵਿਚ ਸ਼ਾਮਲ ਹੋਣ ਦਾ ਨੋਟਿਸ ਭੇਜਿਆ ਸੀ ਪਰ ਨਾ ਤਾਂ ਉਸ ਨੇ ਐੱਸ. ਟੀ. ਐੱਫ. ਦਾ ਨੋਟਿਸ ਲਿਆ ਅਤੇ ਨਾ ਹੀ ਹੁਣ ਤੱਕ ਉਹ ਐੱਸ. ਟੀ. ਐੱਫ. ਦੀ ਜਾਂਚ ਵਿਚ ਸ਼ਾਮਲ ਹੋ ਕੇ ਆਪਣਾ ਪੱਖ ਰੱਖ ਸਕਿਆ ਹੈ।
ਕੀ ਕਹਿੰਦੇ ਹਨ ਡੀ. ਐੱਸ. ਪੀ.
ਇਸ ਸੰਬੰਧੀ ਡੀ. ਐੱਸ. ਪੀ. ਸਪੈਸ਼ਲ ਟਾਸਕ ਫੋਰਸ ਵਵਿੰਦਰ ਮਹਾਜਨ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜੇਕਰ ਕਿਸੇ ਵੀ ਮੁਲਜ਼ਮ ਦੇ ਵਿਦੇਸ਼ 'ਚ ਹੋਣ ਦੇ ਸੰਕੇਤ ਮਿਲਦੇ ਹਨ ਤਾਂ ਉਸ ਨੂੰ ਗ੍ਰਿਫਤਾਰ ਕਰਨ ਲਈ ਇੰਟਰਪੋਲ ਦੀ ਵੀ ਮਦਦ ਲਈ ਜਾਵੇਗੀ। ਫਿਲਹਾਲ 6 ਮੁਲਜ਼ਮਾਂ ਤੋਂ ਗੰਭੀਰ ਪੁੱਛਗਿਛ ਕੀਤੀ ਜਾ ਰਹੀ ਹੈ। ਸਾਰੇ ਸਮੱਗਲਰਾਂ ਤੋਂ ਰਿਕਵਰ ਕੀਤੇ ਗਏ ਉਨ੍ਹਾਂ ਦੇ ਮੋਬਾਇਲ ਸਕੈਨ ਹੋ ਰਹੇ ਹਨ, ਜਿਨ੍ਹਾਂ ਤੋਂ ਬਹੁਤ ਸਾਰੇ ਨਾਂ ਸਾਹਮਣੇ ਆਏ ਹਨ। ਕੁਝ ਵਿਦੇਸ਼ੀ ਅਤੇ ਕੁਝ ਪੰਜਾਬ ਦੇ ਸਫੈਦਪੋਸ਼ ਵੀ ਹਨ, ਜਿਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ।