ਕਾਂਗਰਸੀ ਨੇਤਾ ਦੀ ਗੱਡੀ 'ਤੇ ਤੇਜ਼ਾਬ ਸੁੱਟ ਕੇ ਲੁੱਟਣ ਦੀ ਕੋਸ਼ਿਸ਼

10/13/2019 9:29:36 AM

ਅੰਮ੍ਰਿਤਸਰ (ਸੰਜੀਵ) : ਅੱਜ ਦਿਨ-ਦਿਹਾੜੇ ਥਾਣਾ ਗੇਟ ਹਕੀਮਾਂ ਤੋਂ ਕੁਝ ਦੂਰੀ 'ਤੇ ਜਾ ਰਹੇ ਕਾਂਗਰਸੀ ਨੇਤਾ ਵਰਿੰਦਰ ਸਹਿਦੇਵ ਦੀ ਕਾਰ 'ਤੇ ਤੇਜ਼ਾਬ ਸੁੱਟ ਕੇ ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਕ ਲੁਟੇਰਾ ਗੱਡੀ 'ਚ ਪਿਆ ਬੈਗ ਕੱਢ ਕੇ ਫਰਾਰ ਹੋ ਗਿਆ, ਜਦੋਂ ਕਿ ਉਸ ਨੂੰ ਦੇਖ ਰਹੇ ਲੋਕਾਂ ਨੇ ਜਦੋਂ ਉਸ ਦਾ ਪਿੱਛਾ ਕੀਤਾ ਤਾਂ ਉਹ ਬੈਗ ਸੜਕ 'ਤੇ ਸੁੱਟ ਕੇ ਆਪਣੇ ਸਾਥੀ ਨਾਲ ਭੱਜ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਨੇਤਾ ਵਰਿੰਦਰ ਸਹਿਦੇਵ ਨੇ ਦੱਸਿਆ ਕਿ ਉਹ ਸਵੇਰੇ 11 ਵਜੇ ਦੇ ਕਰੀਬ ਘਰੋਂ ਆਪਣੀ ਕਾਰ ਨੰ. ਪੀ ਬੀ 02 ਸੀ ਜੀ 9100 'ਚ ਕੰਮ ਲਈ ਨਿਕਲਿਆ, ਜਿਵੇਂ ਹੀ ਉਹ ਥਾਣਾ ਗੇਟ ਹਕੀਮਾਂ ਕੋਲ ਪੁੱਜਾ ਤਾਂ ਇੰਨੇ 'ਚ ਇਕ ਨੌਜਵਾਨ ਨੇ ਉਸ ਦੀ ਕਾਰ ਦੇ ਬੋਨਟ 'ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਨਾਲ ਧੂੰਆਂ ਉੱਠਣ ਲੱਗਾ ਤੇ ਉਸ ਦੀ ਦੁਰਗੰਧ ਨਾਲ ਉਸ ਦੀ ਹਾਲਤ ਵਿਗੜ ਗਈ, ਜਿਵੇਂ ਹੀ ਉਹ ਕਾਰ 'ਚੋਂ ਨਿਕਲ ਕੇ ਬੋਨਟ ਨੂੰ ਦੇਖਣ ਲੱਗਾ ਤਾਂ ਲੁਟੇਰਿਆਂ ਦੇ ਇਕ ਸਾਥੀ ਨੇ ਪਿੱਛੋਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਸ 'ਚ ਪਿਆ ਬੈਗ ਲੈ ਕੇ ਫਰਾਰ ਹੋ ਗਿਆ, ਜਿਸ ਵਿਚ ਏ. ਟੀ. ਐੱਮ. ਕਾਰਡ ਤੇ ਜ਼ਰੂਰੀ ਦਸਤਾਵੇਜ਼ ਸਨ। ਲੁਟੇਰੇ ਨੂੰ ਬੈਗ ਲੈ ਕੇ ਭੱਜਦਾ ਦੇਖ ਲੋਕਾਂ ਨੇ ਰੌਲਾ ਪਾ ਦਿੱਤਾ, ਜਿਸ 'ਤੇ ਉਸ ਨੇ ਬੈਗ ਸੜਕ 'ਤੇ ਸੁੱਟ ਦਿੱਤਾ ਤੇ ਆਪਣੇ ਸਾਥੀ ਨਾਲ ਫਰਾਰ ਹੋ ਗਿਆ।

ਥਾਣਾ ਗੇਟ ਹਕੀਮਾਂ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਗ੍ਰਿਫਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ।


Baljeet Kaur

Content Editor

Related News