ਡਾਕਟਰ ਬੀਬੀ ਦੀ ਗੁੰਡਾਗਰਦੀ, ਗਰਭਵਤੀ ਜਨਾਨੀ ਨੂੰ ਧੱਕੇ ਮਾਰ ਸਿਵਲ ਹਸਪਤਾਲ 'ਚੋਂ ਕੱਢਿਆ ਬਾਹਰ
Thursday, Aug 27, 2020 - 06:47 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ)— ਇਥੋਂ ਦੇ ਸਿਵਲ ਹਸਪਤਾਲ 'ਚ ਇਕ ਗਰਭਵਤੀ ਜਨਾਨੀ ਨੂੰ ਇਲਾਜ ਦੇ ਨਾਂ 'ਤੇ ਧੱਕੇ ਮਾਰ ਕੇ ਡਾਕਟਰ ਦੇ ਕਮਰੇ 'ਚੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਵੱਲੋਂ ਜਿੱਥੇ ਗਰਭਵਤੀ ਨੂੰ ਗਲਤ ਸ਼ਬਦ ਬੋਲੇ ਗਏ, ਉਥੇ ਹੀ ਗੈੱਟ ਆਊਟ ਕਹਿ ਕੇ ਬਾਹਰ ਕੱਢ ਦਿੱਤਾ ਗਿਆ। ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਚਰਨਜੀਤ ਦੇ ਕੋਲ ਮਾਮਲੇ ਦੀ ਸ਼ਿਕਾਇਤ ਵੀ ਪਹੁੰਚ ਗਈ ਹੈ। ਪ੍ਰਸਿੱਧ ਸਮਾਜ ਸੇਵੀ ਜੈ ਗੋਪਾਲ ਲਾਲੀ ਨੇ ਦੱਸਿਆ ਕਿ ਛੇਹਰਟਾ ਦੀ ਰਹਿਣ ਵਾਲੀ ਮੋਹਨੀ ਨਾਂ ਦੀ ਜਾਨਨੀ 3 ਮਹੀਨਿਆਂ ਤੋਂ ਗਰਭਵਤੀ ਸੀ। ਬੀਤੇ ਦਿਨ ਤੋਂ ਗਰਭਵਤੀ ਨੂੰ ਕਾਫ਼ੀ ਖੂਨ ਵਹਿ ਰਿਹਾ ਸੀ ਅਤੇ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਸੀ।
ਪਰਿਵਾਰ ਵਾਲਿਆਂ ਨੇ ਜਦੋਂ ਪਰਚੀ ਕੱਟਵਾ ਕੇ ਗਾਇਨੀ ਵਾਰਡ 'ਚ ਤਾਇਨਾਤ ਇਕ ਮਹਿਲਾ ਡਾਕਟਰ ਨੂੰ ਚੈੱਕਅਪ ਕਰਨ ਲਈ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ 'ਤੇ ਮੌਜੂਦ ਡਾਕਟਰ ਬੀਬੀ ਨੇ ਗੈੱਟ ਆਊਟ ਕਹਿੰਦੇ ਹੋਏ ਗਰਭਵਤੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇੰਨਾ ਹੀ ਨਹੀਂ ਸਗੋਂ ਇਹ ਤੱਕ ਕਹਿ ਦਿੱਤਾ ਕਿ ਤੁਹਾਡੇ ਵਰਗੇ ਲੋਕ ਹੀ ਕੋਰੋਨਾ ਨੂੰ ਫੈਲਾਉਂਦੇ ਹਨ ਅਤੇ ਇਸੇ ਕਰਕੇ ਸਾਨੂੰ ਕੋਰੋਨਾ ਹੋ ਰਿਹਾ ਹੈ। ਲਾਲੀ ਨੇ ਕਿਹਾ ਕਿ ਡਾਕਟਰ ਬੀਬੀ ਵੱਲੋਂ ਗਰਭਵਤੀ ਦੇ ਪਰਿਵਾਰ ਨੂੰ ਵੀ ਬੁਰਾ ਭਲਾ ਕਿਹਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਕੋਰੋਨਾ ਕਾਲ 'ਚ ਲੋਕਾਂ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ ਹਨ ਦੂਜਾ ਡਾਕਟਰ ਦੀ ਨਾਰਾਜ਼ਗੀ ਕਾਰਨ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੱਖਾਂ ਰੁਪਏ ਡਾਕਟਰਾਂ ਨੂੰ ਦਿੱਤੇ ਜਾਂਦੇ ਹਨ ਪਰ ਇਹ ਮਰੀਜ਼ਾਂ ਦੀ ਸੇਵਾ ਕਰਨ ਦੀ ਬਜਾਏ ਉਨ੍ਹਾਂ ਨਾਲ ਗਲਤ ਵਿਵਹਾਰ ਕਰ ਰਹੇ ਹਨ। ਲਾਲੀ ਨੇ ਕਿਹਾ ਕਿ ਇਸ ਸਬੰਧ 'ਚ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਡਾਕਟਰ ਦੀ ਈ-ਮੇਲ ਰਾਹੀ ਸ਼ਿਕਾਇਤ ਵੀ ਕਰਵਾ ਦਿੱਤੀ ਹੈ। ਲਾਲੀ ਨੇ ਕਿਹਾ ਕਿ ਜੇਕਰ ਹਸਪਤਾਲ ਪ੍ਰਸ਼ਾਸਨ ਨੇ 48 ਘੰਟਿਆਂ ਦੌਰਾਨ ਡਾਕਟਰ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਸਿਵਲ ਸਰਜਨ ਦਫ਼ਤਰ ਦੇ ਬਾਹਰ ਡਾਕਟਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਥੇ ਹੀ ਇਸ ਸਬੰਧ 'ਚ ਜਦੋਂ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਚਰਨਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਅਤੇ ਡਾਕਟਰ ਤੋਂ ਲਿਖਤੀ ਜਵਾਬ ਮੰਗਿਆ ਹੈ।