ਅੰਮ੍ਰਿਤਸਰ ਧਮਾਕੇ 'ਤੇ ਡੀ. ਜੀ. ਪੀ. ਦੀ ਸਫਾਈ, ਗਲਤ ਬੰਦੇ ਨਹੀਂ ਫੜੇ (ਵੀਡੀਓ)
Saturday, Nov 24, 2018 - 06:55 PM (IST)
ਚੰਡੀਗੜ੍ਹ : ਅੰਮ੍ਰਿਤਸਰ ਬੰਬ ਧਮਾਕੇ ਵਿਚ ਫੜੇ ਗਏ ਦੋਸ਼ੀਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉੱਠ ਰਹੇ ਸਵਾਲਾਂ 'ਤੇ ਪੰਜਾਬ ਦੇ ਡੀ.ਜੀ. ਪੀ. ਸੁਰੇਸ਼ ਅਰੋੜਾ ਨੇ ਸਪੱਸ਼ਟੀਕਰਨ ਦਿੱਤਾ ਹੈ। ਡੀ. ਜੀ. ਪੀ. ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਇਸ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸਾਫ ਕੀਤਾ ਕਿ ਪੁਲਸ ਨੇ ਤੱਥਾਂ ਦੇ ਆਧਾਰ 'ਤੇ ਹੀ ਮਾਮਲੇ ਦੇ ਦੋਸ਼ੀਆਂ ਨੂੰ ਫੜਿਆ ਹੈ। ਡੀ.ਜੀ. ਪੀ. ਨੇ ਦਾਅਵਾ ਕੀਤਾ ਕਿ ਪੁਲਸ ਕੋਲ ਅੱਤਵਾਦੀਆਂ ਖਿਲਾਫ ਪੁਖਤਾ ਸਬੂਤ ਹਨ ਅਤੇ ਮਾਮਲੇ ਨੂੰ ਮੁਕਾਮ ਤੱਕ ਪਹੁੰਚਾਇਆ ਜਾਵੇਗਾ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿਚ ਐਤਵਾਰ ਸਵੇਰੇ ਕਰੀਬ 11.30 ਵਜੇ ਧਮਾਕਾ ਹੋਇਆ ਸੀ ਅਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 72 ਘੰਟੇ ਦੇ ਅੰਦਰ ਧਮਾਕੇ ਦੇ ਪਹਿਲੇ ਦੋਸ਼ੀ ਬਿਕਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਸੀ। ਬਿਕਰਮਜੀਤ ਦੀ ਨਿਸ਼ਾਨਦੇਹੀ 'ਤੇ ਹੀ ਪੁਲਸ ਨੇ ਅਵਤਾਰ ਸਿੰਘ ਦੀ ਗ੍ਰਿਫਤਾਰੀ ਲਈ ਜਾਲ ਵਿਛਾਇਆ ਅਤੇ ਅਗਲੇ ਤਿੰਨ ਦੇ ਅੰਦਰ ਹੀ ਮਾਮਲੇ ਦਾ ਦੂਜਾ ਦੋਸ਼ੀ ਵੀ ਫੜਿਆ ਗਿਆ ਹੈ।
ਇਸ ਦੌਰਾਨ ਡੀ. ਜੀ. ਪੀ. ਨੇ ਬਹਿਬਲ ਕਲਾਂ ਮਾਮਲੇ ਵਿਚ ਫੜੇ ਗਏ ਦੋਸ਼ੀਆਂ ਨੂੰ ਅਦਾਲਤ ਵਲੋਂ ਛੱਡੇ ਜਾਣ ਦੇ ਸਵਾਲ ਦੇ ਜਵਾਬ ਵਿਚ ਦਾਅਵਾ ਕੀਤਾ ਕਿ ਇਹ ਮਾਮਲਾ ਬਿਲਕੁਲ ਅਲੱਗ ਹੈ ਅਤੇ ਪੁਲਸ ਨੇ ਪੂਰੀ ਛਾਣਬੀਣ ਤੋਂ ਬਾਅਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।