ਸ਼ਰਾਬ ਦੇ ਨਸ਼ੇ 'ਚ ਪ੍ਰੇਮੀ ਨੇ ਸਟਾਫ ਨਰਸ 'ਤੇ ਦਾਗੀ ਗੋਲੀ

Thursday, Aug 01, 2019 - 10:54 AM (IST)

ਸ਼ਰਾਬ ਦੇ ਨਸ਼ੇ 'ਚ ਪ੍ਰੇਮੀ ਨੇ ਸਟਾਫ ਨਰਸ 'ਤੇ ਦਾਗੀ ਗੋਲੀ

ਅੰਮ੍ਰਿਤਸਰ (ਸੰਜੀਵ) : ਸ਼ਰਾਬ ਦੇ ਨਸ਼ੇ 'ਚ ਧੁੱਤ ਪ੍ਰੇਮੀ ਨੇ ਜਬਰੀ ਪੀ. ਜੀ. 'ਚ ਦਾਖਲ ਹੋ ਕੇ ਆਪਣੀ ਸਟਾਫ ਨਰਸ ਦੋਸਤ ਨੂੰ ਪਹਿਲਾਂ ਬੁਰੀ ਤਰ੍ਹਾਂ ਕੁੱਟਿਆ ਅਤੇ ਹੋਰ ਲੜਕੀਆਂ ਅਤੇ ਪੀ. ਜੀ. ਦੇ ਕਰਮਚਾਰੀਆਂ ਨੂੰ ਇਕੱਠਾ ਹੁੰਦੇ ਦੇਖ ਕੇ ਰਿਵਾਲਵਰ ਨਾਲ ਗੋਲੀ ਚਲਾ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਪ੍ਰੇਮਪਾਲ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਪੀੜਤਾ ਹਰਪ੍ਰੀਤ ਕੌਰ ਦੀ ਸ਼ਿਕਾਇਤ 'ਤੇ ਅੰਮ੍ਰਿਤਪਾਲ ਸਿੰਘ ਵਾਸੀ ਰਈਆ ਵਿਰੁੱਧ ਹੱਤਿਆ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਲਿਆ। ਪੁਲਸ ਦੀ ਇਕ ਵਿਸ਼ੇਸ਼ ਟੀਮ ਦੇਰ ਰਾਤ ਲੜਕੇ ਦੇ ਘਰ ਰਈਆ ਪਹੁੰਚੀ, ਜਿਥੋਂ ਉਸ ਨੂੰ ਗ੍ਰਿਫਤਾਰ ਕਰ ਕੇ ਅੰਮ੍ਰਿਤਸਰ ਲਿਆਂਦਾ ਗਿਆ, ਜਿਸ ਦੇ ਕਬਜ਼ੇ 'ਚੋਂ ਵਾਰਦਾਤ 'ਚ ਇਸਤੇਮਾਲ ਕੀਤਾ 32 ਬੋਰ ਦਾ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ।

ਪੁਲਸ ਅਨੁਸਾਰ ਇਹ ਹੈ ਮਾਮਲਾ
ਹਰਪ੍ਰੀਤ ਕੌਰ ਦੀ ਪਿਛਲੇ ਕਰੀਬ 3-4 ਸਾਲਾਂ ਤੋਂ ਅੰਮ੍ਰਿਤਪਾਲ ਸਿੰਘ ਨਾਲ ਦੋਸਤੀ ਸੀ। ਹਰਪ੍ਰੀਤ ਸਥਾਨਕ ਬਾਈਪਾਸ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਬਤੌਰ ਸਟਾਫ ਨਰਸ ਕੰਮ ਕਰ ਰਹੀ ਹੈ ਅਤੇ ਅੰਮ੍ਰਿਤਪਾਲ ਰਈਆ 'ਚ ਇਕ ਦੁੱਧ ਦੀ ਡੇਅਰੀ ਚਲਾਉਂਦਾ ਹੈ। ਪਿਛਲੀ ਦੇਰ ਰਾਤ ਅੰਮ੍ਰਿਤਪਾਲ ਸ਼ਰਾਬ ਦੇ ਨਸ਼ੇ 'ਚ ਅੰਮ੍ਰਿਤਸਰ ਆਇਆ ਅਤੇ ਹਰਪ੍ਰੀਤ ਕੌਰ ਨੂੰ ਮਿਲਣ ਉਸ ਦੇ ਪੀ. ਜੀ. ਦੇ ਬਾਹਰ ਪੁੱਜਾ, ਜਿਥੇ ਉਸ ਨੇ ਉਸ ਨੂੰ ਫੋਨ ਕੀਤਾ ਅਤੇ ਬਾਹਰ ਆਉਣ ਨੂੰ ਕਿਹਾ, ਜਦੋਂ ਹਰਪ੍ਰੀਤ ਨੇ ਬਾਹਰ ਆਉਣ ਤੋਂ ਮਨ੍ਹਾ ਕੀਤਾ ਤਾਂ ਉਹ ਜਬਰੀ ਉਸ ਦੇ ਪੀ. ਜੀ. 'ਚ ਦਾਖਲ ਹੋ ਗਿਆ ਅਤੇ ਕਮਰੇ ਦੇ ਬਾਹਰ ਆਉਂਦੇ ਹੀ ਉਸ ਨੇ ਪਹਿਲਾਂ ਤਾਂ ਹਰਪ੍ਰੀਤ ਨੂੰ ਕੁੱਟਿਆ ਤੇ ਫਿਰ ਉਸ ਨੂੰ ਮਿਲਣ ਲਈ ਬਾਹਰ ਆਉਣ 'ਤੇ ਦਬਾਅ ਬਣਾਉਣ ਲੱਗਾ। ਰੌਲਾ ਸੁਣ ਕੇ ਪੀ. ਜੀ. 'ਚ ਰਹਿ ਰਹੀਆਂ ਹੋਰ ਲੜਕੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਜਦੋਂ ਪੀ. ਜੀ. ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ ਤਾਂ ਅੰਮ੍ਰਿਤਪਾਲ ਨੇ ਆਪਣੀ ਡੱਬ 'ਚੋਂ ਪਿਸਤੌਲ ਕੱਢਿਆ ਅਤੇ ਗੋਲੀ ਚਲਾ ਦਿੱਤੀ। ਗੋਲੀ ਚੱਲਦੇ ਹੀ ਪੀ. ਜੀ. 'ਚ ਹੜਕੰਪ ਮਚ ਗਿਆ ਅਤੇ ਮੌਕੇ ਪਾ ਕੇ ਅੰਮ੍ਰਿਤਪਾਲ ਉਥੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਮੁਲਜ਼ਮ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ।

ਕੀ ਕਹਿਣਾ ਹੈ ਥਾਣਾ ਮੁਖੀ ਦਾ
ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਪ੍ਰੇਮਪਾਲ ਸਿੰਘ ਦਾ ਕਹਿਣਾ ਹੈ ਕਿ ਲੜਕੀ ਅਤੇ ਲੜਕੇ 'ਚ ਪਿਛਲੇ ਕਈ ਸਾਲਾਂ ਤੋਂ ਦੋਸਤੀ ਸੀ ਅਤੇ ਲੜਕਾ ਅਕਸਰ ਉਸ ਨੂੰ ਮਿਲਣ ਆਉਂਦਾ ਸੀ। ਪਿਛਲੇ ਦੇਰ ਰਾਤ ਵੀ ਉਹ ਮਿਲਣ ਲਈ ਆਇਆ ਤੇ ਜਦੋਂ ਲੜਕੀ ਨੇ ਬਾਹਰ ਆਉਣ ਤੋਂ ਮਨ੍ਹਾ ਕੀਤਾ ਤਾਂ ਉਸ ਨੇ ਅੰਦਰ ਦਾਖਲ ਹੋ ਕੇ ਗੋਲੀ ਚਲਾ ਦਿੱਤੀ ਅਤੇ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਸ ਦੀ ਇਕ ਸਪੈਸ਼ਲ ਟੀਮ ਉਸ ਨੂੰ ਦੇਰ ਰਾਤ ਗ੍ਰਿਫਤਾਰ ਕਰ ਕੇ ਲੈ ਕੇ ਆਈ।

ਲਾਇਸੈਂਸ ਰੱਦ ਕਰਨ ਬਾਰੇ ਵੀ ਲਿਖਿਆ ਜਾਵੇਗਾ
ਦੇਰ ਰਾਤ ਅੰਮ੍ਰਿਤਪਾਲ ਵੱਲੋਂ ਚਲਾਈ ਗਈ ਗੋਲੀ ਦੀ ਘਟਨਾ ਨਾਲ ਦਹਿਸ਼ਤ 'ਚ ਆਈਆਂ ਪੀ. ਜੀ. ਦੀਆਂ ਲੜਕੀਆਂ ਨੂੰ ਦੇਖ ਕੇ ਪੁਲਸ ਉਸ ਦੇ ਲਾਇਸੈਂਸ ਨੂੰ ਰੱਦ ਕਰਨ ਬਾਰੇ ਵੀ ਲਿਖੇਗੀ। ਮੁਲਜ਼ਮ ਵੱਲੋਂ ਨਸ਼ੇ 'ਚ ਗੋਲੀ ਚਲਾਈ ਗਈ ਸੀ ਅਤੇ ਜੇਕਰ ਇਹ ਗੋਲੀ ਕਿਸੇ ਵੀ ਲੜਕੀ ਨੂੰ ਲੱਗ ਜਾਂਦੀ ਤਾਂ ਇਸ 'ਚ ਨੁਕਸਾਨ ਜ਼ਿਆਦਾ ਹੋ ਸਕਦਾ ਸੀ।

ਕੀ ਮਾਪਦੰਡਾਂ 'ਤੇ ਠੀਕ ਉੱਤਰਦਾ ਹੈ ਪੀ. ਜੀ.
ਜਿਹੜੇ ਪੀ. ਜੀ. 'ਚ ਲੜਕੀਆਂ ਰਹਿ ਰਹੀਆਂ ਹਨ, ਕੀ ਉਹ ਮਾਪਦੰਡਾਂ ਦੇ ਆਧਾਰ 'ਤੇ ਬਣਾਇਆ ਗਿਆ ਹੈ। ਕੀ ਪੀ. ਜੀ. 'ਚ ਲੜਕੀਆਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਹੈ। ਕੀ ਪੀ. ਜੀ. ਦੇ ਬਾਹਰੋਂ ਉਨ੍ਹਾਂ ਦੇ ਕਮਰਿਆਂ ਤੱਕ ਪੁੱਜਣ ਦੇ ਰਸਤੇ 'ਚ ਕੋਈ ਸੁਰੱਖਿਆ ਕਰਮਚਾਰੀ ਤਾਇਨਾਤ ਹੈ? ਇਹ ਸੁਲਗਦੇ ਸਵਾਲ ਪੁਲਸ ਲਈ ਇਕ ਵੱਡੀ ਜਾਂਚ ਦਾ ਵਿਸ਼ਾ ਹੈ।


author

Baljeet Kaur

Content Editor

Related News