ਡੰਪ ’ਤੇ ਪਲਾਂਟ ਨਹੀਂ ਲੱਗਣ ਦਿਆਂਗੇ : ਇਲਾਕਾ ਨਿਵਾਸੀ
Thursday, Feb 14, 2019 - 04:33 AM (IST)
ਅੰਮ੍ਰਿਤਸਰ (ਛੀਨਾ)-ਭਗਤਾਂਵਾਲਾ ਕੂਡ਼ੇ ਦੇ ਡੰਪ ਨੇਡ਼ਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਹੈ ਕਿ ਡੰਪ ’ਤੇ ਸਾਲਿਡ ਵੈਸਟ ਪਲਾਂਟ ਲਾਉਣ ਦਾ ਯਤਨ ਨਾ ਕੀਤਾ ਜਾਵੇ ਨਹੀਂ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਇਸ ਮਸਲੇ ਸਬੰਧੀ ਅੱਜ ਇਲਾਕਾ ਨਿਵਾਸੀਆਂ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਬੋਲਦਿਆਂ ਅਨਿਲ ਚੋਪਡ਼ਾ ਤੇ ਜਥੇ. ਮੁਖਤਿਆਰ ਸਿੰਘ ਸਮੇਤ ਵੱਖ-ਵੱਖ ਆਗੂਆਂ ਨੇ ਕਿਹਾ ਕਿ ਡੰਪ ’ਤੇ ਸਾਲਿਡ ਵੈਸਟ ਪਲਾਂਟ ਲਗਾਉਣ ਦੇ ਵਿਰੋਧ ’ਚ ਪਾਰਟੀ ਬਦਲਣ ਵਾਲੇ ਹਲਕਾ ਦੱਖਣੀ ਦੇ ਕਾਂਗਰਸੀ ਵਿਧਾਇਕ ਨੂੰ ਹੁਣ ਆਪਣੇ ਕਹੇ ਬੋਲਾਂ ’ਤੇ ਕਾਇਮ ਰਹਣਿਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਵੇਲੇ ਡੰਪ ’ਤੇ ਸਾਲਿਡ ਵੈਸਟ ਪਲਾਂਟ ਲਗਾਉਣ ਦੀਆਂ ਸਾਰੀਆਂ ਤਿਆਰੀਆਂ ਨੂੰ ਹਲਕਾ ਦੱਖਣੀ ਦੇ ਕਾਂਗਰਸੀ ਵਿਧਾਇਕ ਨੇ ਲੋਕਾ ਦੀ ਅਗਵਾਈ ਕਰਦਿਆਂ ਅੱਗੇ ਹੋ ਕੇ ਰੋਕਿਆ ਸੀ ਜਿਸ ਸਦਕਾ ਹਲਕੇ ਦੇ ਲੋਕਾਂ ਨੇ ਚੋਣਾਂ ’ਚ ਉਨ੍ਹਾਂ ਦਾ ਭਰਪੂਰ ਸਮੱਰਥਨ ਕਰਦਿਆਂ ਉਨ੍ਹਾਂ ਹੱਥ ਹਲਕਾ ਦੱਖਣੀ ਦੀ ਫਿਰ ਵਾਗਡੋਰ ਸੋਂਪੀ ਸੀ ਤਾਂ ਜੋ ਉਹ ਇਸ ਡੰਪ ਨੂੰ ਹਮੇਸ਼ਾਂ ਲਈ ਚੁਕਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਗੇ ਪਰ ਹੁਣ ਉਹੀ ਵਿਧਾਇਕ ਸਾਲਿਡ ਵੈਸਟ ਪਲਾਂਟ ਲਗਾਉਣ ਲਈ ਮਿਸ਼ਨਰੀ ਮੰਗਵਾਉਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡੰਪ ’ਤੇ ਪਲਾਂਟ ਹੀ ਲਗਵਾਉਣਾ ਸੀ ਤੇ ਫਿਰ ਉਸ ਵਾਸਤੇ ਏਨੀ ਲੰਮੀ ਚੌਡ਼ੀ ਡਰਾਮੇਬਾਜ਼ੀ ਕਰਨ ਦੀ ਕੀ ਲੋਡ਼ ਸੀ ਜਿਸ ਲਈ ਇਲਾਕਾ ਨਿਵਾਸੀਆਂ ਦਾ ਕਈ ਮਹੀਨੇ ਪੱਕਾ ਧਰਨਾ ਵੀ ਲਗਵਾਈ ਰੱਖਿਆ ਗਿਆ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਇਕਸੁਰ ਹੋ ਕੇ ਆਖਿਆ ਕਿ ਡੰਪ ’ਤੇ ਪਲਾਂਟ ਲਗਾਉਣ ਲਈ ਹਲਕਾ ਵਿਧਾਇਕ ਹਾਮੀ ਭਰ ਸਕਦਾ ਹੈ ਪਰ ਅਸੀਂ ਨਹੀਂ, ਅਸੀਂ ਇਸ ਪਲਾਂਟ ਦਾ ਡੱਟ ਕੇ ਵਿਰੋਧ ਕਰਾਂਗੇ ਤੇ ਲੋਡ਼ ਪਈ ਤਾਂ ਹਰ ਤਰ੍ਹਾਂ ਦੀ ਕੁਰਬਾਨੀ ਵੀ ਕਰਾਂਗੇ ਪਰ ਕਿਸੇ ਵੀ ਹਾਲਤ ’ਚ ਪਲਾਂਟ ਨਹੀਂ ਲੱਗਣ ਦਿਆਂਗੇ। ਇਸ ਸਮੇਂ ਅਮਰਜੀਤ ਸਿੰਘ, ਪ੍ਰਧਾਨ ਕਾਹਨ ਸਿੰਘ, ਰਵੇਲ ਸਿੰਘ ਭੁੱਲਰ, ਅਜਾਇਬ ਸਿੰਘ, ਦਲਜੀਤ ਸਿੰਘ ਚਾਹਲ, ਜਸਪ੍ਰੀਤ ਸਿੰਘ ਭਾਟੀਆ, ਜਤਿੰਦਰ ਸਿੰਘ ਜੱਸਾ, ਗੁਰਮੀਤ ਸਿੰਘ ਸੁਰਸਿੰਘ, ਨਿਰਮਲ ਸਿੰਘ ਨਿੰਮਾ, ਜੋਗਿੰਦਰ ਸਿੰਘ, ਕੁਲਦੀਪ ਕੌਰ, ਬਲਬੀਰ ਕੌਰ, ਹਰਜਿੰਦਰ ਕੌਰ, ਮੋਹਨ ਲਾਲ, ਹਰਭਜਨ ਸਿੰਘ ਫੋਜੀ, ਸਾਹਿਬ ਸਿੰਘ, ਵਿਕਰਮਜੀਤ ਸਿੰਘ, ਦਲਬੀਰ ਸਿੰਘ, ਲਖਵਿੰਦਰ ਸਿੰਘ ਗਾਬਡ਼ੀਆ, ਸੰਜੀਤਪਾਲ ਸਿੰਘ ਸਾਬੀ, ਸੁਖਦੇਵ ਸਿੰਘ ਕਸੇਲ, ਮੁਖਤਾਰ ਸਿੰਘ ਖਾਲਸਾ ਤੇ ਹੋਰ ਵੀ ਬਹੁਤ ਸਾਰੇ ਇਲਾਕਾ ਨਿਵਾਸੀ ਹਾਜ਼ਰ ਸਨ।
