ਅੰਮ੍ਰਿਤਸਰ ’ਚ ਅੰਗਰੇਜ਼ੀ ਸ਼ਰਾਬ ਤੇ ਚਾਈਨਾ ਡੋਰ ਦੇ ਗੱਟੂ ਵੇਚਣ ਵਾਲੇ ਖਿਲਾਫ ਸਖ਼ਤ ਕਾਰਵਾਈ

Monday, Dec 15, 2025 - 01:33 PM (IST)

ਅੰਮ੍ਰਿਤਸਰ ’ਚ ਅੰਗਰੇਜ਼ੀ ਸ਼ਰਾਬ ਤੇ ਚਾਈਨਾ ਡੋਰ ਦੇ ਗੱਟੂ ਵੇਚਣ ਵਾਲੇ ਖਿਲਾਫ ਸਖ਼ਤ ਕਾਰਵਾਈ

ਅੰਮ੍ਰਿਤਸਰ (ਇੰਦਰਜੀਤ)- ਜ਼ਿਲ੍ਹਾ ਆਬਕਾਰੀ ਵਿਭਾਗ ਵੱਲੋਂ ਅੰਗਰੇਜ਼ੀ ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਚਲਾਏ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਥਾਣਾ ਡੀ. ਡਵੀਜ਼ਨ ਦੇ ਅਧੀਨ ਆਉਂਦੇ ਖੇਤਰ ਤੋਂ ਸਾਹਿਲ ਨਾਮਕ ਵਿਅਕਤੀ ਕੋਲੋਂ 88 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ। ਮੁਲਜ਼ਮ ਅੰਗਰੇਜ਼ੀ ਸ਼ਰਾਬ ਦੇ ਨਾਲ-ਨਾਲ ਚਾਈਨਾ ਡੋਰ ਦੇ ਗੱਟੂਆਂ ਦੀ ਹੋਮ-ਡਲਿਵਰੀ ਦਾ ਕੰਮ ਵੀ ਕਰਦਾ ਸੀ। ਇਸ ਮਾਮਲੇ ’ਚ ਪੁਲਸ ਵੱਲੋਂ ਦੋ ਦਿਨ ਪਹਿਲਾਂ ਹੀ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਕੀਤੀ ਗਈ ਕਾਰਵਾਈ ਦੌਰਾਨ ਪੁਲਸ ਅਤੇ ਆਬਕਾਰੀ ਵਿਭਾਗ ਨੇ ਮਿਲ ਕੇ ਸ਼ਰਾਬ ਦੀ ਬਰਾਮਦਗੀ ਵੀ ਕਰ ਲਈ ਪਰ ਵੱਡੀ ਗੱਲ ਇਹ ਹੈ ਕਿ 2 ਦਿਨ ਪਹਿਲਾਂ ਪਰਚਾ ਦਰਜ ਹੋਣ ਅਤੇ ਬੀਤੇ ਦਿਨ ਛਾਪੇਮਾਰੀ ਤੇ ਬਰਾਮਦਗੀ ਹੋਣ ਦੇ ਬਾਵਜੂਦ ਮੁਲਜ਼ਮ ਫਰਾਰ ਹੋਣ ਵਿਚ ਕਾਮਯਾਬ ਰਿਹਾ।

ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ 5 ਟਰੱਕ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ

ਸ਼ਰਾਬ ਦੀ ਬਰਾਮਦਗੀ ਦੇ ਮਾਮਲੇ ’ਚ ਇਹ ਕਾਰਵਾਈ ਸਹਾਇਕ ਕਮਿਸ਼ਨਰ ਆਬਕਾਰੀ ਅੰਮ੍ਰਿਤਸਰ ਰੇਂਜ ਦਿਲਬਾਗ ਸਿੰਘ ਚੀਮਾ ਦੇ ਨਿਰਦੇਸ਼ਾਂ ਅਤੇ ਜ਼ਿਲਾ ਆਬਕਾਰੀ ਅਧਿਕਾਰੀ ਰਮਨ ਭਗਤ ਦੀ ਦੇਖ-ਰੇਖ ਹੇਠ ਕੀਤੀ ਗਈ। ਆਬਕਾਰੀ ਵਿਭਾਗ ਅਤੇ ਪੁਲਸ ਦੋਵਾਂ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਡੀ. ਡਵੀਜ਼ਨ ਦੇ ਖੇਤਰ ਵਿਚ ਸਾਹਿਲ ਨਾਮਕ ਵਿਅਕਤੀ ਗੈਰ-ਕਾਨੂੰਨੀ ਤੌਰ ’ਤੇ ਅੰਗਰੇਜ਼ੀ ਸ਼ਰਾਬ ਦਾ ਧੰਦਾ ਕਰ ਰਿਹਾ ਹੈ। ਇਹ ਵੀ ਸੂਚਨਾ ਸੀ ਕਿ ਉਕਤ ਵਿਅਕਤੀ ਆਪਣੇ ਘਰ ਦੇ ਬਾਹਰ ਰੱਖ ਕੇ ਸ਼ਰੇਆਮ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਅਤੇ ਚਾਈਨਾ ਡੋਰ ਦੇ ਗੱਟੂ ਵੇਚਦਾ ਹੈ।

ਇਹ ਵੀ ਪੜ੍ਹੋ-ਅੰਮ੍ਰਿਤਸਰ: ਇਕ ਗੋਲੀ ਨਾਲ ਵਿੰਨ੍ਹੇ ਦੋ, ਨੌਜਵਾਨ ਦੇ ਢਿੱਡ 'ਚੋਂ ਆਰ-ਪਾਰ ਹੋਈ ਗੋਲੀ ਔਰਤ ਨੂੰ ਜਾ ਲੱਗੀ

ਪੁਲਸ ਨੂੰ ਦਿੱਤੀ ਗਈ ਸੂਚਨਾ ’ਚ ਮਹਿਲਾ ਪੁਲਸ ਕਰਮਚਾਰੀ ਸੀਮਾ ਨੇ ਦੱਸਿਆ ਕਿ ਗਲੀ ਚਿੱਚੜਾਂ ਵਾਲੀ, ਕਟੜਾ ਸਫੈਦ ਦਾ ਰਹਿਣ ਵਾਲਾ ਸਾਹਿਲ ਪੁੱਤਰ ਰਮਨ ਕੁਮਾਰ ਕਾਫੀ ਸਮੇਂ ਤੋਂ ਗੈਰ-ਕਾਨੂੰਨੀ ਸ਼ਰਾਬ ਅਤੇ ਚਾਈਨਾ ਡੋਰ ਦੇ ਗੱਟੂ ਵੇਚ ਰਿਹਾ ਹੈ। ਮਹਿਲਾ ਕਰਮਚਾਰੀ ਸੀਮਾ ਨੇ 12 ਦਸੰਬਰ ਨੂੰ ਹੀ ਕਿਹਾ ਸੀ ਕਿ ਜੇਕਰ ਕਾਰਵਾਈ ਕੀਤੀ ਜਾਵੇ ਤਾਂ ਮੁਲਜ਼ਮ ਨੂੰ ਰੰਗੇ ਹੱਥੀਂ ਫੜਿਆ ਜਾ ਸਕਦਾ ਹੈ। ਪੁਲਸ ਵੱਲੋਂ ਐੱਫ. ਆਈ. ਆਰ. ਮਹਿਲਾ ਕਰਮਚਾਰੀ ਦੇ ਬਿਆਨ ’ਤੇ ਦਰਜ ਕੀਤੀ ਗਈ ਸੀ ਪਰ ਜਦੋਂ ਤੀਜੇ ਦਿਨ ਛਾਪੇਮਾਰੀ ਹੋਈ ਤਾਂ ਮੁਲਜ਼ਮ ਫਰਾਰ ਹੋ ਚੁੱਕਾ ਸੀ।

ਇਹ ਵੀ ਪੜ੍ਹੋ- ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਚਿਤਾਵਨੀ, ਪੜ੍ਹੋ ਅਗਲੇ 5 ਦਿਨਾਂ ਦੀ Weather Update

ਐਤਵਾਰ ਨੂੰ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ, ਆਬਕਾਰੀ ਵਿਭਾਗ ਦੀ ਟੀਮ ਇੰਸਪੈਕਟਰ ਰਮਨ ਸ਼ਰਮਾ ਦੀ ਅਗਵਾਈ ਹੇਠ ਕਥਿਤ ਥਾਂ ’ਤੇ ਪਹੁੰਚੀ, ਜਿੱਥੋਂ ਗੈਰ-ਕਾਨੂੰਨੀ ਤੌਰ ’ਤੇ ਵੇਚੀ ਜਾ ਰਹੀ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਆਬਕਾਰੀ ਵਿਭਾਗ ਦੇ ਨਾਲ ਥਾਣਾ ਡੀ. ਡਵੀਜ਼ਨ ਦੇ ਪੁਲਸ ਜਵਾਨ ਵੀ ਸ਼ਾਮਲ ਸਨ। ਆਬਕਾਰੀ ਇੰਸਪੈਕਟਰ ਰਮਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਸ਼ਰਾਬ ’ਚ 27 ਬੋਤਲਾਂ ਮੈਕਡੌਵਲਜ਼, 13 ਬੋਤਲਾਂ ਰੌਇਲ ਸਟੈਗ ਅਤੇ 41 ਬੋਤਲਾਂ ਹੋਰ ਅੰਗਰੇਜ਼ੀ ਸ਼ਰਾਬ ਦੀਆਂ ਸਨ, ਜਿਸ ਨਾਲ ਕੁੱਲ 88 ਬੋਤਲਾਂ ਸ਼ਰਾਬ ਬਰਾਮਦ ਹੋਈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ ਬਾਜ ਤੇ ਇਕ ਵਿਦੇਸ਼ੀ ਕਿਰਲਾ

ਇਸ ਮਾਮਲੇ ’ਚ ਮੁਲਜ਼ਮ ਸਾਹਿਲ ਪੁੱਤਰ ਰਮਨ ਕੁਮਾਰ ਖਿਲਾਫ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਸੀ, ਜਦਕਿ ਬੀਤੇ ਦਿਨ ਬਰਾਮਦਗੀ ਹੋਈ ਹੈ। ਆਬਕਾਰੀ ਇੰਸਪੈਕਟਰ ਨੇ ਕਿਹਾ ਕਿ ਇਸ ਮਾਮਲੇ ਵਿਚ ਸਿਰਫ ਗੈਰ-ਕਾਨੂੰਨੀ ਅੰਗਰੇਜ਼ੀ ਸ਼ਰਾਬ ਸਬੰਧੀ ਹੀ ਕਾਰਵਾਈ ਕੀਤੀ ਗਈ ਹੈ। ਚਾਈਨਾ ਡੋਰ ਦੇ ਗੱਟੂਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਆਬਕਾਰੀ ਵਿਭਾਗ ਦਾ ਕੋਈ ਸਬੰਧ ਨਹੀਂ। ਮੁਲਜ਼ਮ ਦੀ ਗ੍ਰਿਫਤਾਰੀ ਬਾਰੇ ਪੁੱਛਣ ’ਤੇ ਉਨ੍ਹਾਂ ਨੇ ਕਿਹਾ ਕਿ ਇਹ ਪੁਲਸ ਦਾ ਕੰਮ ਹੈ।

ਆਬਕਾਰੀ ਵਿਭਾਗ ਵੱਲੋਂ ਡਰੇਨ ਕੋਲੋਂ 200 ਲੀਟਰ ਲਾਹਣ ਬਰਾਮਦ

ਇੰਸਪੈਕਟਰ ਆਬਕਾਰੀ ਰਮਨ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ ਹੋਰ ਕਾਰਵਾਈ ਦੌਰਾਨ ਪਿੰਡ ਗੁਮਾਨਪੁਰਾ ਅਤੇ ਹਵੇਲੀਆਂ ਡਰੇਨ ਦੇ ਨੇੜੇ ਲਗਭਗ 200 ਲੀਟਰ ਲਾਹਣ ਬਰਾਮਦ ਕੀਤੀ ਗਈ। ਰਮਨ ਕੁਮਾਰ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਉਕਤ ਥਾਂ ’ਤੇ ਛਾਪੇਮਾਰੀ ਕੀਤੀ ਗਈ, ਜਿੱਥੇ ਪਲਾਸਟਿਕ ਦੀਆਂ ਚਾਰ ਕੈਨਾਂ ’ਚ ਭਰੀ ਹੋਈ 200 ਲੀਟਰ ਲਾਹਣ ਮਿਲੀ। ਉਨ੍ਹਾਂ ਕਿਹਾ ਕਿ ਇਹ ਲਾਹਣ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਲੁਕਾਈ ਗਈ ਸੀ, ਜਿਸ ਕਾਰਨ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ। ਲਾਹਣ ਦਾ ਦੁਰਉਪਯੋਗ ਨਾ ਹੋਵੇ, ਇਸ ਲਈ ਅਧਿਕਾਰੀਆਂ ਦੇ ਨੋਟਿਸ ’ਚ ਲਿਆ ਕੇ ਇਸਨੂੰ ਨਸ਼ਟ ਕਰ ਦਿੱਤਾ ਗਿਆ।

 


author

Shivani Bassan

Content Editor

Related News