ਨਾਗਪੁਰ ਵਿਖੇ ਸ਼ਹੀਦੀ ਸਮਾਗਮਾਂ ''ਚ ਗਡਕਰੀ ਤੇ ਫੜਨਵੀਸ ਵੱਲੋਂ ਸ਼ਮੂਲੀਅਤ, ਪੁਸਤਕ ਕੀਤੀ ਰਿਲੀਜ਼
Monday, Dec 08, 2025 - 08:25 PM (IST)
ਚੌਕ ਮਹਿਤਾ (ਪਾਲ) : ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਾਗਪੁਰ ਵਿਖੇ ਮਹਾਰਾਸ਼ਟਰ ਸਰਕਾਰ ਵੱਲੋਂ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਗਿਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸ਼ਲਾਯਾਯੋਗ ਉਪਰਾਲੇ ਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪ੍ਰਧਾਨ ਸੰਤ ਸਮਾਜ ਦੀ ਰਹਿਨੁਮਾਈ ਹੇਠ ਰਾਜ ਪੱਧਰ ‘ਤੇ ਮਨਾਏ ਗਏ ਸਮਾਗਮ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ,ਕੇਂਦਰੀ ਮੰਤਰੀ ਨਿਤਿਨ ਗਡਕਰੀ ਸਮੇਤ ਬਹੁਤ ਸਾਰੀਆਂ ਪ੍ਰਮੁੱਖ ਧਾਰਮਿਕ,ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤਾਂ ਤੋਂ ਇਲਾਵਾ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ ਤੇ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ,ਭਾਈ ਮਤੀ ਦਾਸ,ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ ਸ਼ਹਾਦਤ ਨੂੰ ਯਾਦ ਕੀਤਾ।

ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸਰਕਾਰੀ ਤੌਰ ‘ਤੇ ਇਨ੍ਹਾਂ ਸ਼ਹੀਦੀ ਸਮਾਗਮਾਂ ਲਈ ਰਾਜ ਪੱਧਰ ‘ਤੇ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਿੱਖ ਗੁਰੂਆਂ ਪ੍ਰਤੀ ਆਪਣੀ ਅਥਾਹ ਸ਼ਰਧਾ ਨੂੰ ਪੂਰੀ ਨਿਮਰਤਾ ਤੇ ਭਾਵਨਾਪੂਰਕ ਪ੍ਰਗਟ ਕੀਤਾ ਹੈ,ਜਿਸ ਲਈ ਸਮੁੱਚੀ ਸਿੱਖ ਕੌਮ ਉਨ੍ਹਾਂ ਦੇ ਪਿਆਰ ਤੇ ਦਿੱਤੇ ਮਾਣ ਦੀ ਰਿਣੀ ਹੈ। ਉਨ੍ਹਾਂ ਕਿਹਾ ਕਿ ਜੇ ਮਹਾਰਾਸ਼ਟਰ ਤੇ ਪੰਜਾਬ ਹਿੰਦੋਸਤਾਨ ਦੇ ਨਕਸ਼ੇ ‘ਤੇ ਨਾ ਹੁੰਦੇ ਤੇ ਅੱਜ ਹਿੰਦੋਸਤਾਨ ਦਾ ਸਰੂਪ ਕੁਝ ਹੋਰ ਹੋਣਾ ਸੀ। ਇਨ੍ਹਾਂ ਦੋਨਾਂ ਸੂਬਿਆਂ ਦੀ ਧਰਤੀ ‘ਤੇ ਪੈਦਾ ਹੋਏ ਮਹਾਨ ਗੁਰੂ ਪੈਗੰਬਰਾਂ ਤੇ ਸੂਰਬੀਰ ਯੋਧਿਆਂ ਨੇ ਧਰਮ ਤੇ ਸੱਚਾਈ ਲਈ ਆਪਣੀ ਜਾਨਾਂ ਤੱਕ ਨਿਛਾਵਰ ਕੀਤੀਆਂ, ੳੱਥੇ ਹੀ ਆਜ਼ਾਦੀ ਦੀ ਲੜਾਈ ‘ਚ ਵੀ ਪੰਜਾਬ ਤੇ ਮਹਾਰਾਸ਼ਟਰ ਸੂਬੇ ਸਭਤੋਂ ਮੋਹਰੀ ਰਹੇ।
ਉਨ੍ਹਾਂ ਨੇ ਮਹਾਰਾਸ਼ਟਰ ‘ਚ ਵੱਡੀ ਗਿਣਤੀ ‘ਚ ਵੱਸਦੇ ਲੁਬਾਣਾ ਸਮਾਜ, ਵਣਜਾਰਾ ਸਮਾਜ,ਸਿੰਧੀ ਸਮਾਜ,ਬਾਲਮੀਕੀ ਸਮਾਜ ਤੇ ਸਿਕਲੀਗਰ ਸਮਾਜ ਦੀ ਕੁਰਬਾਨੀਆਂ ਦਾ ਜ਼ਿਕਰ ਕਰਦੇ ਕਿਹਾ ਕਿ ਇਹ ਸਾਰੇ ਸਮਾਜ ਸਿੱਖ ਕੌਮ ਦਾ ਹੀ ਅਣਮੁੱਲਾ ਹਿੱਸਾ ਹਨ। ਸ਼ਤਾਬਦੀ ਸਮਾਗਮ ਦੌਰਾਨ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨਮਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਗਲ ਕਾਲ ਦੌਰਾਨ ਧਰਮ ਤੇ ਸੱਚਾਈ ਲਈ ਆਪਣਾ ਸ਼ੀਸ ਨੌਸ਼ਾਵਰ ਕਰ ਦਿੱਤਾ ਤੇ ਢਾਲ ਬਣ ਕੇ ਹਿੰਦੂ ਸਮਾਜ ਤੇ ਸੱਭਿਆਚਾਰ ਦੀ ਰੱਖਿਆ ਕੀਤੀ। ਉਨ੍ਹਾਂ ਦੀ ਕੁਰਬਾਨੀ ਸਵੈ-ਧਰਮ, ਸਹਿਣਸ਼ੀਲਤਾ ਅਤੇ ਮਨੁੱਖਤਾ ਦਾ ਪ੍ਰਤੀਕ ਹੈ। ਮੁੱਖ ਮੰਤਰੀ ਫੜਨਵੀਸ ਨੇ ਸਿੱਖ ਕੌਮ ਦੇ ਇਸ ਸ਼ਾਨਦਾਰ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਆਪਣਾ ਸੰਕਲਪ ਪ੍ਰਗਟ ਕੀਤਾ।
ਇਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਮਨੁੱਖਤਾ ਅਤੇ ਸੱਚ ਦੀ ਰੱਖਿਆ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਦੀ ਸ਼ਹਾਦਤ ਸਾਨੂੰ ਯਾਦ ਕਰਾਉਂਦੀ ਹੈ ਕਿ ਇਸ ਸੰਸਾਰ ‘ਤੇ ਜਦ ਵੀ ਅਧਰਮ ਵਧਦਾ ਹੈ ਤਾਂ ਕੋਈ ਨਾ ਕੋਈ ਧਰਮ ਦੀ ਰੱਖਿਆ ਲਈ ਉੱਠਦਾ ਹੈ ਤੇ ਗੁਰੂ ਸਾਹਿਬ ਜੀ ਨੇ ਆਪਣੀ ਕੁਰਬਾਨੀ ਨਾਲ ਇਸ ਸੱਚ ਨੂੰ ਸਾਬਤ ਕੀਤਾ। ਇਸ ਸਮਾਗਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ‘ਤੇ ਅਧਾਰਿਤ ਪੁਸਤਕ ਵੀ ਰਿਲੀਜ਼ ਕੀਤੀ ਗਈ। ਇਸ ਸਮਾਗਮ ਦੌਰਾਨ ਰਾਮੇਸ਼ਵਰ ਨਾਇਕ ,ਚੰਦਰਸ਼ੇਖਰ ਬਾਵਨ ਕੁਲੇ, ਗਿਰੀਸ਼ ਮਹਾਜਨ ,ਮਾਨਿਕ ਰਾਓ ਕੋਕਾਟੇ ,ਸ੍ਰੀਮਤੀ ਮਾਧੁਰੀ ਮਿਸਾਲ (ਸਾਰੇ ਕੈਬਨਿਟ ਮੰਤਰੀ ਮਹਾਂਰਾਸਟਰ ਸਰਕਾਰ),ਮਹੰਤ ਬਾਬੂ ਸਿੰਘ ਮਹਾਰਾਜ,ਵਿਜੇ ਸਤਬੀਰ ਸਿੰਘ ਚੇਅਰਮੈਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ,ਸੰਤ ਰਾਮ ਸਿੰਘ , ਸੰਤ ਬਾਬਾ ਬਲਵਿੰਦਰ ਸਿੰਘ ਲੰਗਰ ਸਾਹਿਬ, ਗਿਆਨੀ ਸੁਖਵਿੰਦਰ ਸਿੰਘ ਗ੍ਰੰਥੀ ਤਖ਼ਤ ਸ੍ਰੀ ਹਜ਼ੂਰ ਸਾਹਿਬ, ਮਲਕੀਤ ਸਿੰਘ ਬੱਲ, ਭਾਈ ਜਸਪਾਲ ਸਿੰਘ ਸਿੱਧੂ ਮੁੰਬਈ, ਚਰਨਜੀਤ ਸਿੰਘ ਹੈਪੀ ,ਗੁਰਮੀਤ ਸਿੰਘ ਖੋਖਰ, ਨਰਿੰਦਰ ਸਿੰਘ ਨਾਗਪੁਰ,ਪ੍ਰਿੰ. ਹਰਸ਼ਦੀਪ ਸਿੰਘ ਰੰਧਾਵਾ ਤੇ ਡਾ. ਅਵਤਾਰ ਸਿੰਘ ਬੁੱਟਰ ਆਦਿ ਮੌਜੂਦ ਸਨ।
