ਬ੍ਰਾਅ ''ਚ ਡੇਢ ਕਿਲੋ ਸੋਨਾ ਲੁਕੋ ਕੇ ਲਿਆਈ ਔਰਤ ਏਅਰਪੋਰਟ ''ਤੇ ਕਾਬੂ

04/18/2019 9:23:46 AM

ਅੰਮ੍ਰਿਤਸਰ (ਨੀਰਜ) : ਐੱਸ. ਜੀ. ਆਰ. ਡੀ. ਇੰਟਰਨੈਸ਼ਨਲ ਏਅਰਪੋਰਟ 'ਤੇ ਡੀ. ਆਰ. ਆਈ. ਤੇ ਕਸਟਮ ਵਿਭਾਗ ਦੀ ਟੀਮ ਨੇ ਬ੍ਰਾਅ 'ਚ ਡੇਢ ਕਿਲੋ ਸੋਨਾ ਲੁਕੋ ਕੇ ਲਿਆਈ ਔਰਤ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਤਰਨਤਾਰਨ ਵਾਸੀ ਔਰਤ ਨੇ ਸੋਨੇ ਦੀ ਪੇਸਟ ਬਣਾ ਕੇ ਉਸ ਨੂੰ ਜੈੱਲ ਦੇ ਰੁਪ 'ਚ ਪਰਿਵਰਤਿਤ ਕੀਤਾ, ਫਿਰ ਆਪਣੀ ਬ੍ਰਾਅ 'ਚ ਕੈਵੇਟੀਜ਼ ਬਣਾ ਕੇ ਜੈੱਲ ਨੂੰ ਉਸ ਵਿਚ ਲੁਕੋ ਲਿਆ। ਬਜ਼ੁਰਗ ਔਰਤ ਨੂੰ ਉਮੀਦ ਸੀ ਕਿ ਉਹ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਤਾਇਨਾਤ ਕਸਟਮ ਟੀਮ ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਚਕਮਾ ਦੇ ਦੇਵੇਗੀ ਪਰ ਡੀ. ਆਰ. ਆਈ. ਨੇ ਪੁਖਤਾ ਸੂਚਨਾ ਦੇ ਆਧਾਰ 'ਤੇ ਪਹਿਲਾਂ ਹੀ ਟ੍ਰੈਪ ਲਾਇਆ ਹੋਇਆ ਸੀ, ਜਿਵੇਂ ਹੀ ਔਰਤ ਦੁਬਈ ਤੋਂ ਅੰਮ੍ਰਿਤਸਰ ਆਏ ਜਹਾਜ਼ 'ਚੋਂ ਉੱਤਰ ਕੇ ਏਅਰਪੋਰਟ ਪਹੁੰਚੀ, ਡੀ. ਆਰ. ਆਈ. ਦੀ ਟੀਮ ਐਕਸ਼ਨ 'ਚ ਆ ਗਈ ਤੇ ਮਹਿਲਾ ਅਧਿਕਾਰੀਆਂ ਦੀ ਟੀਮ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਅਧਿਕਾਰੀਆਂ ਅਨੁਸਾਰ ਅੰਮ੍ਰਿਤਸਰ ਏਅਰਪੋਰਟ 'ਤੇ ਸੋਨੇ ਦੀ ਪੇਸਟ ਬਣਾ ਕੇ ਸਮੱਗਲਿੰਗ ਕਰਨ ਦਾ ਇਹ ਪਹਿਲਾ ਕੇਸ ਫੜਿਆ ਗਿਆ ਹੈ। ਆਮ ਤੌਰ 'ਤੇ ਸੋਨੇ ਦੀ ਪੇਸਟ ਬਣਾ ਕੇ ਸਮੱਗਲਿੰਗ ਦੇ ਵੱਡੇ ਮਾਮਲੇ ਮੁੰਬਈ ਤੇ ਦਿੱਲੀ ਤੋਂ ਇਲਾਵਾ ਹੋਰ ਮੈਟਰੋਪਾਲਿਟਨ ਸਿਟੀਜ਼ 'ਚ ਫੜੇ ਜਾਂਦੇ ਰਹੇ ਹਨ ਪਰ ਇਸ ਵਾਰ ਸਮੱਗਲਰਾਂ ਨੇ ਅੰਮ੍ਰਿਤਸਰ 'ਚ ਕਿਸਮਤ ਅਜ਼ਮਾਈ, ਜਿਸ ਨੂੰ ਡੀ. ਆਰ. ਆਈ. ਦੀ ਟੀਮ ਨੇ ਨਾਕਾਮ ਕਰ ਦਿੱਤਾ। ਫੜਿਆ ਗਿਆ ਸੋਨਾ 24 ਕੈਰੇਟ ਦਾ ਨਿਕਲਿਆ, ਜਿਸ ਦੀ ਕੀਮਤ 45 ਲੱਖ ਰੁਪਏ ਦੇ ਲਗਭਗ ਤੈਅ ਕੀਤੀ ਗਈ ਹੈ।

ਔਰਤ ਦੇ ਹੋਰ ਸਾਥੀਆਂ ਦੀ ਭਾਲ 'ਚ ਛਾਪੇਮਾਰੀ
ਸੋਨੇ ਦੀ ਖੇਪ ਨਾਲ ਗ੍ਰਿਫਤਾਰ ਕੀਤੀ ਗਈ ਔਰਤ ਦੇ ਹੋਰ ਸਾਥੀਆਂ ਦੀ ਭਾਲ 'ਚ ਡੀ. ਆਰ. ਆਈ. ਦੀ ਟੀਮ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਔਰਤ ਖੁਦ ਨੂੰ ਬੇਕਸੂਰ ਦੱਸ ਰਹੀ ਹੈ ਪਰ ਜਿਸ ਅਤਿ-ਆਧੁਨਿਕ ਤਕਨੀਕ ਨਾਲ ਉਸ ਨੇ ਆਪਣੀ ਬ੍ਰਾਅ 'ਚ ਸੋਨੇ ਦੀ ਪੇਸਟ ਨੂੰ ਲੁਕੋਇਆ, ਉਹ ਇਹੀ ਸਾਬਿਤ ਕਰਦੀ ਹੈ ਕਿ ਦੋਸ਼ੀ ਔਰਤ ਇਕ ਬਹੁਤ ਵੱਡੇ ਗੋਲਡ ਸਮੱਗਲਿੰਗ ਗੈਂਗ ਦੀ ਮੈਂਬਰ ਹੈ। ਡੀ. ਆਰ. ਆਈ. ਦੀ ਟੀਮ ਨੂੰ ਔਰਤ ਦੀ ਤਲਾਸ਼ੀ ਦੌਰਾਨ ਕਈ ਫੋਨ ਨੰਬਰ ਵੀ ਮਿਲੇ, ਜਿਨ੍ਹਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ। ਔਰਤ ਦੇ ਆਕਾ ਤੱਕ ਪੁੱਜਣ ਲਈ ਡੀ. ਆਰ. ਆਈ. ਦੀ ਟੀਮ ਨੇ ਆਪਣਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ।

ਅਫਗਾਨੀ ਸੇਬ ਦੀਆਂ ਪੇਟੀਆਂ 'ਚੋਂ ਸੋਨਾ ਫੜੇ ਜਾਣ ਤੋਂ ਬਾਅਦ ਬੌਖਲਾਏ ਸਮੱਗਲਰ
ਗੋਲਡ ਸਮੱਗਲਰ ਆਪਣੇ ਇਰਾਦਿਆਂ ਨੂੰ ਅੰਜਾਮ ਦੇਣ ਲਈ ਨਵੇਂ-ਨਵੇਂ ਹੱਥਕੰਡੇ ਆਪਣਾ ਰਹੇ ਹਨ। ਕੁਝ ਮਹੀਨੇ ਪਹਿਲਾਂ ਹੀ ਸਮੱਗਲਰਾਂ ਨੇ ਆਈ. ਸੀ. ਪੀ. ਅਟਾਰੀ 'ਤੇ ਪਾਕਿਸਤਾਨ ਵੱਲੋਂ ਆਏ ਅਫਗਾਨੀ ਸੇਬ ਦੀਆਂ ਪੇਟੀਆਂ 'ਚ 33 ਕਿਲੋ ਸੋਨਾ ਲੁਕੋ ਕੇ ਭੇਜਿਆ ਸੀ, ਜਿਸ ਨੂੰ ਕਸਟਮ ਵਿਭਾਗ ਦੀ ਟੀਮ ਨੇ ਫੜ ਲਿਆ। ਇਸ ਕੇਸ 'ਚ ਮੁੱਖ ਦੋਸ਼ੀ ਦਿੱਲੀ ਦੇ ਵਪਾਰੀ ਅਤੇ ਅਫਗਾਨੀ ਸਮੱਗਲਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਜਾਂਚ ਜਾਰੀ ਹੈ। ਕਸਟਮ ਵਿਭਾਗ ਦੀ ਇਸ ਕਾਰਵਾਈ ਤੋਂ ਸੋਨਾ ਸਮੱਗਲਰ ਪੂਰੀ ਤਰ੍ਹਾਂ ਬੌਖਲਾ ਚੁੱਕੇ ਹਨ ਤੇ ਸੋਨੇ ਦੀ ਸਮੱਗਲਿੰਗ ਕਰਨ ਲਈ ਹੋਰ ਵਿਕਲਪ ਤਲਾਸ਼ ਰਹੇ ਹਨ। ਸੋਨੇ ਦੀ ਪੇਸਟ ਬਣਾ ਕੇ ਔਰਤ ਦੀ ਬ੍ਰਾਅ 'ਚ ਲੁਕਾਉਣਾ ਇਕ ਨਵਾਂ ਤਰੀਕਾ ਹੈ, ਜੋ ਡੀ. ਆਰ. ਆਈ. ਨੇ ਅਸਫਲ ਕਰ ਦਿੱਤਾ।


Baljeet Kaur

Content Editor

Related News