ਭਾਈ ਲੌਂਗੋਵਾਲ ਨੇ ਅਮਰੀਕਾ ''ਚ ਸਿੱਖਾਂ ''ਤੇ ਹੁੰਦੇ ਨਸਲੀ ਹਮਲਿਆਂ ''ਤੇ ਪ੍ਰਗਟਾਈ ਚਿੰਤਾ

12/20/2019 6:14:57 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ ਕਰਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੰਦਭਾਗਾ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਪ੍ਰੈੱਸ ਬਿਆਨ 'ਚ ਆਖਿਆ ਕਿ ਵਿਦੇਸ਼ਾਂ ਅੰਦਰ ਸਿੱਖਾਂ 'ਤੇ ਹੋ ਰਹੇ ਅਜਿਹੇ ਹਮਲੇ ਗਹਿਰੀ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਆਖਿਆ ਖਾਸਕਰ ਅਮਰੀਕਾ ਅੰਦਰ ਸਿੱਖਾਂ ਸਮੇਤ ਘੱਟਗਿਣਤੀਆਂ 'ਤੇ ਹਮਲਿਆਂ ਦਾ ਚਲਣ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬਲਜੀਤ ਸਿੰਘ ਨਾਂ ਦੇ ਟੈਕਸੀ ਡਰਾਈਵਰ 'ਤੇ ਹੋਏ ਇਸ ਹਮਲੇ ਤੋਂ ਪਹਿਲਾਂ ਵੀ ਬੀਤੇ ਹਫਤੇ ਅਮਰੀਕਾ ਦੇ ਹੀ ਸ਼ਹਿਰ ਬੇਲਿੰਗਹੇਮ 'ਚ ਵੀ ਇਕ ਸਿੱਖ ਡਰਾਈਵਰ ਨੂੰ ਨਫਰਤੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ। ਅਜਿਹੇ ਹਮਲਿਆਂ ਨਾਲ ਵਿਦੇਸ਼ਾਂ ਅੰਦਰ ਵੱਸਦੇ ਸਿੱਖਾਂ 'ਚ ਸਹਿਮ ਵੱਧ ਰਿਹਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਵਿਦੇਸ਼ਾਂ ਦੀਆਂ ਸਰਕਾਰਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਦੇ ਸਿੱਖ ਆਗੂ ਅਤੇ ਗੁਰਦੁਆਰਾ ਕਮੇਟੀਆਂ ਵੀ ਉਥੋਂ ਦੀਆਂ ਸਰਕਾਰਾਂ ਨਾਲ ਸਿੱਖਾਂ 'ਤੇ ਹੁੰਦੇ ਨਸਲੀ ਹਮਲੇ ਰੋਕਣ ਲਈ ਗੱਲਬਾਤ ਕਰਨ।

ਭਾਈ ਲੌਂਗੋਵਾਲ ਨੇ ਕਿਹਾ ਕਿ ਵਿਦੇਸ਼ਾਂ ਦੀ ਤਰੱਕੀ 'ਚੋਂ ਸਿੱਖਾਂ ਦੇ ਯੋਗਦਾਨ ਨੂੰ ਮਨਫੀ ਨਹੀਂ ਕੀਤਾ ਸਕਦਾ। ਪਰ ਜਦੋਂ ਸਿੱਖਾਂ 'ਤੇ ਨਸਲੀ ਹਮਲੇ ਹੁੰਦੇ ਹਨ ਤਾਂ ਸਿੱਖਾਂ ਦੇ ਮਨਾਂ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਦੇਸ਼ ਅੰਦਰ ਘੱਟਗਿਣਤੀਆਂ ਨੂੰ ਦਬਾਉਣ ਠੀਕ ਨਹੀਂ। ਹਰ ਦੇਸ਼ ਦੀ ਸਰਕਾਰ ਦਾ ਮੁੱਢਲਾ ਫਰਜ਼ ਹੈ ਕਿ ਆਪਣੇ ਦੇਸ਼ 'ਚ ਵੱਸਦੇ ਹਰ ਧਰਮ ਦੇ ਲੋਕਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਮਰੀਕਾ ਵਰਗੇ ਅਗਾਂਹਵਧੂ ਦੇਸ਼ ਨੂੰ ਕਿਸੇ ਵੀ ਕੌਮ 'ਤੇ ਹੁੰਦੇ ਨਸਲੀ ਹਮਲਿਆਂ ਨੂੰ ਸੰਜਦਗੀ ਨਾਲ ਲੈਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਵਾਲੇ ਲੋਕਾਂ 'ਤੇ ਲਗਾਮ ਕੱਸਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਅਜਿਹੀ ਮਿਸਾਲੀ ਸਜ਼ਾ ਦਿੱਤੀ ਜਾਵੇ, ਜਿਸ ਨਾਲ ਕਿਸੇ ਅੰਦਰ ਵੀ ਅਜਿਹਾ ਘਿਨੌਣਾ ਕਾਰਨਾਮਾ ਕਰਨ ਦੀ ਹਿੰਮਤ ਨਾ ਪਵੇ।


Baljeet Kaur

Content Editor

Related News