ਹਵਾਈ ਅੱਡੇ ਜਾ ਰਹੇ ਦੋਸਤ ਹੋਏ ਭਿਆਨਕ ਹਾਦਸੇ ਦਾ ਸ਼ਿਕਾਰ, 1 ਦੀ ਮੌਤ

Monday, Feb 17, 2020 - 03:09 PM (IST)

ਹਵਾਈ ਅੱਡੇ ਜਾ ਰਹੇ ਦੋਸਤ ਹੋਏ ਭਿਆਨਕ ਹਾਦਸੇ ਦਾ ਸ਼ਿਕਾਰ, 1 ਦੀ ਮੌਤ

ਅੰਮ੍ਰਿਤਸਰ (ਅਰੁਣ) : ਬੀਤੀ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਕਿਸੇ ਰਿਸ਼ਤੇਦਾਰ ਨੂੰ ਲੈਣ ਜਾ ਰਹੇ ਕਪੂਰਥਲਾ ਵਾਸੀ 2 ਦੋਸਤਾਂ ਦੀ ਬਰੇਜ਼ਾ ਕਾਰ ਹਵਾਈ ਅੱਡੇ ਪੁੱਜਣ ਤੋਂ ਕੁਝ ਹੀ ਦੂਰੀ 'ਤੇ ਸੰਤੁਲਨ ਵਿਗੜ ਜਾਣ ਕਾਰਣ ਪਲਟ ਗਈ। ਜ਼ਖਮੀ ਹਾਲਤ 'ਚ ਨੇੜਲੇ ਹਸਪਤਾਲ ਲਿਜਾਣ 'ਤੇ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਸਰਾ ਹਸਪਤਾਲ 'ਚ ਇਲਾਜ ਅਧੀਨ ਹੈ।

ਪੁਲਸ ਸੂਤਰਾਂ ਮੁਤਾਬਕ ਕਪੂਰਥਲਾ ਦੇ ਪਿੰਡ ਬੋਹੀ ਵਾਸੀ ਸਤਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਉਸ ਦਾ ਦੋਸਤ ਅਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਆਪਣੀ ਕਾਰ ਨੰ. ਪੀ ਬੀ 41 ਬੀ 1379 'ਚ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਵਿਖੇ ਵਿਦੇਸ਼ ਤੋਂ ਵਾਪਸ ਆ ਰਹੇ ਕਿਸੇ ਰਿਸ਼ਤੇਦਾਰ ਨੂੰ ਲੈਣ ਜਾ ਰਹੇ ਸਨ। ਰਾਤ ਕਰੀਬ 11 ਵਜੇ ਹਵਾਈ ਅੱਡੇ ਕੋਲ ਇਕ ਹੋਟਲ ਦੇ ਸਾਹਮਣੇ ਪੁੱਜਣ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਜਾਣ ਕਾਰਣ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾਉਣ ਮਗਰੋਂ ਪਲਟ ਗਈ ਅਤੇ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਏਅਰਪੋਰਟ ਦੀ ਪੁਲਸ ਮੌਕੇ 'ਤੇ ਪੁੱਜ ਗਈ। ਦੋਵਾਂ ਜ਼ਖਮੀ ਕਾਰ ਸਵਾਰਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪੁੱਜਣ 'ਤੇ ਡਾਕਟਰਾਂ ਨੇ ਸਤਵਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਅਮਨਦੀਪ ਸਿੰਘ ਹਸਪਤਾਲ 'ਚ ਇਲਾਜ ਅਧੀਨ ਦੱਸਿਆ ਜਾ ਰਿਹਾ ਹੈ।


author

Baljeet Kaur

Content Editor

Related News