ਹਾਦਸਿਆਂ ਨੂੰ ਨਹੀਂ ਰੋਕ ਸਕਿਆ ਫੋਰ ਤੇ ਸਿਕਸ ਲੇਨ ਸੜਕਾਂ ਦਾ ਵਿਛਿਆ ਜਾਲ

12/29/2018 9:11:34 AM

ਅੰਮ੍ਰਿਤਸਰ : (ਇੰਦਰਜੀਤ) : ਟ੍ਰੈਫਿਕ ਨੂੰ ਕਾਬੂ ਕਰਨ ਲਈ ਸਰਕਾਰ ਦੀਆਂ ਨਵੀਆਂ ਤਕਨੀਬਾਵਜੂਦ ਮੁੱਖ ਰਸਤਿਆਂ 'ਤੇ ਹਾਦਸਿਆਂ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ।  ਪੂਰੇ ਦੇਸ਼ 'ਚ ਇਸ ਸਮੇਂ ਜੀ. ਟੀ. ਰੋਡ 'ਤੇ ਫੋਰ ਅਤੇ ਸਿਕਸ ਲੇਨ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ ਤਾਂ ਕਿ ਵਾਹਨਾਂ ਦੀਆਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ ਪਰ ਇਸ ਦੇ ਬਾਵਜੂਦ ਦੁਰਘਟਨਾਵਾਂ ਹੋਰ ਵੱਧ ਰਹੀਆਂ ਹਨ। ਸਾਲ 2017 ਵਿਚ ਪੂਰੇ ਪੰਜਾਬ 'ਚ 2363 ਲੋਕਾਂ ਦੀ ਤੇਜ਼ ਰਫਤਾਰ ਵਾਹਨਾਂ ਦੀਆਂ ਦੁਰਘਟਨਾਵਾਂ ਵਿਚ ਮੌਤ ਹੋਈ ਹੈ, ਉਥੇ ਹੀ ਕੁਲ ਦੁਰਘਟਨਾਵਾਂ ਦੀ ਗਿਣਤੀ 'ਤੇ ਪ੍ਰਦੇਸ਼ ਭਰ 'ਚ 4300 ਵਿਅਕਤੀ ਪ੍ਰਤੀ ਸਾਲ ਹੈ। ਔਸਤਨ 12 ਲੋਕ ਨਿੱਤ ਦੁਰਘਟਨਾਵਾਂ ਵਿਚ ਮਾਰੇ ਜਾ ਰਹੇ ਹਨ। ਡੀ. ਜੀ. ਪੀ. ਵਿਭਾਗ ਤੋਂ ਮਿਲੇ ਇਨ੍ਹਾਂ ਅੰਕੜਿਆਂ ਮੁਤਾਬਿਕ ਇਹ ਦੁਰਘਟਨਾਵਾਂ ਤੇਜ਼ ਰਫਤਾਰ ਕਾਰਨ ਹੁੰਦੀਆਂ ਹਨ। ਉਥੇ ਹੀ ਦੂਜੇ ਪਾਸੇ ਡੀ. ਜੀ. ਪੀ.  ਹਾਊਸ ਨੇ ਇਨ੍ਹਾਂ ਅੰਕੜਿਆਂ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ 12 ਫ਼ੀਸਦੀ ਘੱਟ ਦੱਸਿਆ ਹੈ ਪਰ ਇਸ ਵਿਚ ਜੇਕਰ ਜਾਣਕਾਰਾਂ ਦੀਆਂ ਮੰਨੀਏ ਤਾਂ ਇਹ ਕਮੀ ਉਨ੍ਹਾਂ ਹਾਦਸਿਆਂ ਵਿਚ ਹੋਈ ਹੈ, ਜਿਨ੍ਹਾਂ 'ਚ ਵੱਡੇ ਵਾਹਨ ਅੱਗੇ ਚੱਲਦੇ ਬੇਕਸੂਰ ਲੋਕਾਂ ਨੂੰ ਰੌਂਦ ਦਿੰਦੇ ਸਨ ਪਰ ਤੇਜ਼ ਰਫਤਾਰ ਤੇ ਜੀ. ਟੀ. ਰੋਡ 'ਤੇ ਹਾਦਸਿਆਂ ਦੀਆਂ ਗਿਣਤੀ ਵਿਚ ਵਾਧਾ ਹੋਇਆ ਹੈ।

ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਿਕ ਵੀ ਪੰਜਾਬ ਹੋਰਨਾਂ ਰਾਜਾਂ ਦੇ ਮੁਕਾਬਲੇ ਮੁੱਖ ਰਸਤਿਆਂ ਵਿਚ ਹਾਦਸਿਆਂ ਦੇ ਮਾਮਲੇ 'ਚ ਕਾਫ਼ੀ ਅੱਗੇ ਹੈ।  ਪੂਰੇ ਦੇਸ਼ ਦੇ ਮਿਲੇ ਅੰਕੜਿਆਂ ਮੁਤਾਬਿਕ ਪ੍ਰਤੀ ਲੱਖ 10 ਵਿਅਕਤੀ ਹਾਦਸੇ ਵਿਚ ਮਾਰੇ ਜਾਂਦੇ ਹਨ, ਉਥੇ ਹੀ ਪੰਜਾਬ ਦੀ ਔਸਤ ਦੇ ਮੁਤਾਬਿਕ ਜੇਕਰ ਮਿਲਾਨ ਕੀਤਾ ਜਾਵੇ ਤਾਂ ਪੰਜਾਬ ਭਰ 'ਚ ਇਕੱਲੇ ਰੋਡ ਐਕਸੀਡੈਂਟ 'ਚ 1 ਲੱਖ ਆਦਮੀਆਂ ਪਿੱਛੇ 14 ਆਦਮੀ ਪ੍ਰਤੀ ਸਾਲ ਮਾਰੇ ਜਾਂਦੇ ਹਨ। ਹਾਲਾਂਕਿ ਸਾਲ 2018 ਵਿਚ ਹਾਦਸੇ ਦੇ ਪੂਰੇ ਅੰਕੜੇ ਅਜੇ ਪੇਸ਼ ਨਹੀਂ ਹਨ, ਉਥੇ ਹੀ ਇਸ ਵਿਚ ਕੁਝ ਵਾਧਾ ਵੀ ਹੋ ਸਕਦਾ ਹੈ।  

ਧੁੰਦ 'ਚ ਵਾਹਨ ਦੀ ਦੂਰੀ 'ਤੇ ਕਨਫਿਊਜ਼ਨ
ਆਹਮੋ-ਸਾਹਮਣਿਓਂ ਆ ਰਹੇ ਵਾਹਨਾਂ ਦੀ ਆਪਸੀ ਦੂਰੀ ਦਾ ਇਸ ਤਰ੍ਹਾਂ ਕਨਫਿਊਜ਼ਨ ਬਣਦਾ ਹੈ ਕਿ ਧੁੰਦ ਵਿਚ ਸਿਰਫ ਵਾਹਨਾਂ ਦੀਆਂ ਲਾਈਟਾਂ ਹੀ ਦਿਖਾਈ ਦਿੰਦੀਆਂ ਹਨ ਤੇ ਜੇਕਰ ਵਾਹਨ 200 ਮੀਟਰ ਦੀ ਦੂਰੀ ਤੱਕ ਵੀ ਆ ਜਾਵੇ ਤਾਂ ਵੀ ਦੇਖਣ ਵਾਲਿਆਂ ਨੂੰ ਇਸ ਦੀ ਦੂਰੀ 800 ਤੋਂ 1000 ਮੀਟਰ ਤੱਕ ਦਿਖਾਈ ਦਿੰਦੀ ਹੈ। ਇਸ ਲਈ ਜਿਵੇਂ ਹੀ ਦੋਵੇਂ ਵਾਹਨ ਕਿਸੇ ਦੂਜੇ ਵਾਹਨ ਨੂੰ ਓਵਰਟੇਕ ਕਰ ਕੇ ਅੱਗੇ ਵਧਣ ਲੱਗਦੇ ਹਨ ਤਾਂ ਅਜਿਹੀ ਹਾਲਤ 'ਚ ਇਕਦਮ ਦੁਰਘਟਨਾ ਦੀ ਲਪੇਟ ਵਿਚ ਆ ਜਾਂਦੇ ਹਨ ਕਿਉਂਕਿ ਓਵਰਟੇਕ ਕਰਦੇ ਸਮੇਂ ਨਾਲ ਵਾਹਨ ਨੂੰ ਕਰਾਸ ਕਰ ਕੇ ਅੱਗੇ ਵਧਣ ਲਈ ਚਾਲਕ ਨੂੰ ਡੇਢ  ਗੁਣਾ ਰਫਤਾਰ ਵਧਾਉਣੀ ਪੈਂਦੀ ਹੈ ਅਤੇ ਸਾਹਮਣੇ ਵਾਲਾ ਵਾਹਨ ਵੀ ਉਸ ਰਫਤਾਰ ਤੋਂ ਅੱਗੇ ਵੱਧ ਰਿਹਾ ਹੁੰਦਾ ਹੈ, ਇਸ ਦੌਰਾਨ ਕੁਝ ਸੈਕਿੰਡ ਹੀ ਵਾਹਨਾਂ ਦੇ ਟਕਰਾਉਣ ਦਾ ਖ਼ਤਰਾ ਹੁੰਦਾ ਹੈ। ਇਸ ਸਬੰਧੀ ਆਈ. ਪੀ. ਐੱਸ. ਅਧਿਕਾਰੀ ਤੇ ਅੰਮ੍ਰਿਤਸਰ ਬਾਰਡਰ ਰੇਂਜ ਦੇ ਆਈ. ਜੀ. ਸੁਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਹੈ ਕਿ ਓਵਰਟੇਕ ਕਰਦੇ ਸਮੇਂ ਸਾਹਮਣੇ ਵਾਲੇ ਵਾਹਨ ਦੀ ਦੂਰੀ ਦਾ ਠੀਕ ਅਨੁਮਾਨ ਉਸ ਦੀਆਂ ਲਾਈਟਾਂ ਤੋਂ ਨਹੀਂ ਲਾਇਆ ਜਾ ਸਕਦਾ, ਜਦੋਂ ਤੱਕ ਵਾਹਨ ਦਾ ਸਰੂਪ ਸਾਹਮਣੇ ਦਿਖਾਈ ਨਾ ਦੇਵੇ ਤਦ ਤੱਕ ਓਵਰਟੇਕ ਨਹੀਂ ਕਰਨਾ ਚਾਹੀਦਾ। ਇਹ ਕਨਫਿਊਜ਼ਨ 25 ਫ਼ੀਸਦੀ ਹਾਦਸਿਆਂ ਦਾ ਕਾਰਨ ਬਣਦਾ ਹੈ।  

ਸੜਕਾਂ ਵਿਚਕਾਰ ਲੱਗੇ ਪੌਦੇ ਬਣਦੇ ਹਨ ਹਾਦਸਿਆਂ ਦਾ ਕਾਰਨ
ਇਕ ਪਾਸੇ ਗਰੀਨ ਲੁੱਕ ਦਾ ਹਵਾਲਾ, ਦੂਜੇ ਪਾਸੇ ਕਿਹਾ ਜਾਂਦਾ ਹੈ ਕਿ ਸਾਹਮਣੇ ਤੋਂ ਆਉਣ ਵਾਲੀ ਸੜਕ ਤੋਂ ਵਾਹਨਾਂ ਦੀਆਂ ਲਾਈਟਾਂ ਵਾਹਨ ਚਾਲਕਾਂ ਨੂੰ ਪ੍ਰੇਸ਼ਾਨ ਨਹੀਂ ਕਰਦੀਆਂ ਪਰ ਇਨ੍ਹਾਂ ਪੌਦਿਆਂ 'ਚੋਂ ਅਕਸਰ ਕੁੱਤੇ, ਪਾਲਤੂ ਪਸ਼ੂ ਤੇ ਪੈਦਲ ਚੱਲਣ ਵਾਲੇ ਲੋਕ ਇਕੱਠੇ ਇਕ ਸੜਕ 'ਤੇ ਆ ਜਾਂਦੇ ਹਨ ਅਤੇ ਸਪੀਡ ਵਿਚ ਚੱਲ ਰਹੇ ਵਾਹਨਾਂ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਖਾਸ ਕਰ ਕੇ ਭਾਰੀ ਧੁੰਦ ਵਿਚ ਤਾਂ ਇਹ ਬੂਟੇ ਹੋਰ ਵੀ ਖਤਰਨਾਕ ਹੋ ਜਾਂਦੇ ਹਨ। 

ਬ੍ਰੇਕ ਲਾਉਂਦੇ ਹੀ ਵਾਹਨ ਦਾ ਘੁੰਮ ਜਾਣਾ
ਸਪੀਡ 'ਤੇ ਚੱਲਦੇ ਵਾਹਨ ਦੀ ਬ੍ਰੇਕ ਲਾ ਦੇਣ ਕਾਰਨ  ਵਾਹਨ ਦਾ ਪਿਛਲਾ ਹਿੱਸਾ ਘੁੰਮ ਕੇ ਸੱਜੇ ਜਾਂ ਖੱਬੇ ਪਾਸੇ ਮੁੜ ਜਾਣਾ ਅਕਸਰ ਸੜਕਾਂ 'ਤੇ ਦੇਖਿਆ ਜਾਂਦਾ ਹੈ, ਜਿਸ ਨਾਲ ਸਾਹਮਣੇ ਤੇ ਪਿੱਛੋਂ ਆਉਣ ਵਾਲਾ ਕੋਈ ਵੀ ਵਾਹਨ ਟਕਰਾ ਸਕਦਾ ਹੈ। ਇਹ ਭਿਆਨਕ ਦੁਰਘਟਨਾ ਦਾ ਕਾਰਨ ਬਣਦਾ ਹੈ, ਇਸ ਵਿਚ ਕਈ ਵਾਰ ਵਾਹਨ ਆਪਣੇ-ਆਪ ਹੀ ਉਲਟ ਜਾਂਦਾ ਹੈ। ਚਾਰ-ਪਹੀਆ ਵਾਹਨ ਖਾਸ ਤੌਰ 'ਤੇ ਕਾਰਾਂ ਵਿਚ ਇਹ ਸਮੱਸਿਆ ਬਹੁਤ ਜ਼ਿਆਦਾ ਹੈ। ਇਸ ਬਾਰੇ ਕਾਰਾਂ ਦੇ ਵਪਾਰੀ ਤੇ ਜਾਣਕਾਰ ਸੰਜੇ ਗੁਪਤਾ ਦਾ ਕਹਿਣਾ ਹੈ ਕਿ ਫੋਰ ਵ੍ਹੀਲ ਬ੍ਰੇਕ ਸਿਸਟਮ 'ਚ ਚਾਰ ਪਹੀਆਂ ਦੇ ਬ੍ਰੇਕ ਵ੍ਹੀਲ ਸਿਲੰਡਰ ਇਕ ਹੀ ਮੂਵਮੈਂਟ ਵਿਚ ਕੰਮ ਨਹੀਂ ਕਰਦੇ, ਹਾਲਾਂਕਿ ਇਸ ਨਾਲ ਬ੍ਰੇਕ ਤਾਂ ਲੱਗ ਜਾਂਦੀ ਹੈ ਪਰ ਵਾਹਨ ਘੁੰਮ ਜਾਂਦਾ ਹੈ, ਇਸ ਦੇ ਲਈ ਬ੍ਰੇਕ ਸਿਸਟਮ ਨੂੰ ਸਮੇਂ-ਸਮੇਂ 'ਤੇ ਮਕੈਨੀਕਲ ਟੈਸਟਿੰਗ ਦੀ ਲੋੜ ਹੁੰਦੀ ਹੈ। 

ਸੁਪਰ ਹਾਈ ਸਪੀਡ ਵਾਹਨਾਂ ਦੀ ਸਮੱਸਿਆ
ਸੜਕ ਦੁਰਘਟਨਾਵਾਂ 'ਚ ਹਾਈ ਸਪੀਡ ਵਾਹਨਾਂ ਦੀ ਸਮੱਸਿਆ ਇਕ ਵੱਖ ਤਰ੍ਹਾਂ ਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੀ. ਟੀ. ਰੋਡ 'ਤੇ ਜਦੋਂ ਹਾਈ ਸਪੀਡ ਵਾਹਨ ਚੱਲਦੇ ਹਨ ਤਾਂ ਇਨ੍ਹਾਂ ਵਿਚ ਕਈ ਵਾਹਨ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਟਾਪ ਗਿਅਰ 'ਤੇ ਲਿਜਾਣ ਲਈ 100 ਤੋਂ ਵੱਧ ਸਪੀਡ ਦੀ ਲੋੜ ਹੁੰਦੀ ਹੈ ਤੇ ਟਾਪ ਗਿਅਰ 'ਤੇ ਲਏ ਬਿਨਾਂ ਵਾਹਨ ਦੀ ਸਮੂਥਨੈੱਸ ਨਹੀਂ ਬਣਦੀ,  ਜਿਸ ਕਾਰਨ ਚਾਲਕ ਨੂੰ ਇਨ੍ਹਾਂ ਸੁਪਰ ਹਾਈ ਸਪੀਡ ਵਾਹਨਾਂ ਨੂੰ ਉਨ੍ਹਾਂ ਦੇ ਪੈਮਾਨੇ ਮੁਤਾਬਿਕ ਹੀ ਰਫਤਾਰ ਨਾਲ ਚਲਾਉਣਾ ਪੈਂਦਾ ਹੈ। ਇਨ੍ਹਾਂ ਦੀ ਰਫਤਾਰ ਇੰਨੀ ਜ਼ਿਆਦਾ ਹੁੰਦੀ ਹੈ ਕਿ ਸਾਡੀਆਂ ਸੜਕਾਂ ਦੀ ਬਨਾਵਟ ਉਨ੍ਹਾਂ ਮੁਤਾਬਕ ਨਹੀਂ ਹੈ। ਦੂਜੇ ਪਾਸੇ ਮਹਿੰਗੀਆਂ ਡੀਲਕਸ ਬੱਸਾਂ ਵੀ 120 ਤੋਂ ਵੱਧ ਰਫਤਾਰ ਤੱਕ ਚੱਲਣ ਵਾਲੀਆਂ ਆ ਚੁੱਕੀਆਂ ਹਨ। 

ਚਾਲਕ ਦਾ ਆਈ ਹਿਪਨੋਟਿਜ਼ਮ/ਵਿਜ਼ਨ ਲਾਕ!
ਆਮ ਤੌਰ 'ਤੇ ਚਾਲਕ ਨੂੰ ਨੀਂਦ ਆ ਜਾਣਾ ਦੁਰਘਟਨਾ ਦਾ ਇਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਪਰ ਇਸ ਵਿਚ ਅਸਲੀਅਤ ਹੈ ਕਿ ਚਾਲਕ ਜਦੋਂ ਲੌਂਗ ਡਰਾਈਵ 'ਤੇ ਨਿਕਲਦਾ ਹੈ ਤਾਂ ਉਸ ਸਮੇਂ ਉਸ ਦੀ ਨਜ਼ਰ ਸੜਕ ਦੀ ਵ੍ਹਾਈਟ ਸੈਂਟਰ ਲਾਈਨ 'ਤੇ ਹੁੰਦੀ ਹੈ ਅਤੇ ਇਕਟਕ ਲੰਬੇ ਸਮੇਂ ਤੱਕ ਦੇਖਦੇ ਰਹਿਣ ਨਾਲ ਵਿਜ਼ਨ ਲਾਕ ਦੀ ਹਾਲਤ ਆ ਜਾਂਦੀ ਹੈ।  ਇਸ ਨੂੰ ਆਈ ਹਿਪਨੋਟਿਜ਼ਮ ਵੀ ਕਹਿੰਦੇ ਹਨ। ਅਜਿਹੀ ਹਾਲਤ 'ਚ ਨੀਂਦਰਾ-ਉਨੀਂਦਰਾ ਦੀ ਮਿਲੀ-ਜੁਲੀ ਦਸ਼ਾ ਦੁਰਘਟਨਾ ਦਾ ਕਾਰਨ ਬਣਦੀ ਹੈ। ਇਹ ਹਾਲਤ 20 ਤੋਂ 25 ਸੈਕਿੰਡ ਤੱਕ ਹੁੰਦੀ ਹੈ। ਇਸ ਸਬੰਧੀ ਨਿਊਰੋ ਸਰਜਨ ਡਾ. ਰਾਜਕਮਲ ਦਾ ਕਹਿਣਾ ਹੈ ਕਿ ਵਿਜ਼ਨ ਲਾਕ ਤੇ ਆਈ ਹਿਪਨੋਟਿਜ਼ਮ ਵਰਗੀ ਹਾਲਤ ਤੋਂ ਬਚਣ ਲਈ ਸੜਕਾਂ ਦੇ ਸੈਂਟਰ 'ਚ ਜ਼ਮੀਨ ਵਿਚ ਦੱਬੇ ਹੋਏ ਇੰਡੀਕੇਟਰ 3 ਰੰਗਾਂ ਵਿਚ ਚਮਕਦੇ ਹੋਣੇ ਚਾਹੀਦੇ ਹਨ। ਇਸ ਨਾਲ ਇਸ ਦਸ਼ਾ ਦਾ ਖ਼ਤਰਾ ਦੂਰ ਹੋ ਜਾਵੇਗਾ। ਸੰਸਾਰ ਦੇ ਵੱਡੀ ਸੰਖਿਆ ਵਿਚ ਦੇਸ਼ ਇਸ ਇੰਡੀਕੇਸ਼ਨ ਸਿਸਟਮ ਨੂੰ ਅਪਣਾ ਰਹੇ ਹਨ। 


ਵਾਹਨਾਂ ਦੀਆਂ ਬਣ ਜਾਂਦੀਆਂ ਹਨ ਇਕ ਸੜਕ 'ਤੇ 4 ਲਾਈਨਾਂ
ਹਾਲਾਂਕਿ ਫੋਰ ਲੇਨ ਸੜਕ ਨੂੰ ਬਹੁਤ ਜ਼ਿਆਦਾ ਸੁਰੱਖਿਅਤ ਸਮਝਿਆ ਜਾਂਦਾ ਹੈ ਪਰ ਇਸ ਵਿਚ ਸਮੱਸਿਆ ਵਧਣ ਲੱਗੀ ਹੈ।  ਦੇਖਣ 'ਚ ਆ ਰਿਹਾ ਹੈ ਕਿ ਇਕ ਹੀ ਸਾਈਡ 'ਤੇ ਜਾਣ ਵਾਲੇ ਵਾਹਨਾਂ ਦੀਆਂ 4 ਲਾਈਨਾ ਬਣ ਜਾਂਦੀਆਂ ਹਨ।
- ਸਭ ਤੋਂ ਖੱਬੇ ਪਾਸੇ ਸਕੂਟਰ, ਆਟੋ ਤੇ ਹੋਰ ਛੋਟੇ ਘੱਟ ਸਪੀਡ ਵਾਲੇ ਵਾਹਨ। 
- ਦੂਜੀ ਲਾਈਨ 'ਚ 40 ਤੋਂ 70 ਕਿ. ਮੀ. ਰਫਤਾਰ 'ਤੇ ਚੱਲਣ ਵਾਲੀਆਂ ਕਾਰਾਂ ਆਦਿ।
- ਤੀਜੀ ਲਾਈਨ 'ਚ 100 ਕਿ. ਮੀ. ਰਫਤਾਰ 'ਤੇ ਚੱਲਣ ਵਾਲੀਆਂ ਕਾਰਾਂ ਤੇ ਡੀਲਕਸ ਬੱਸਾਂ ਜਿਨ੍ਹਾਂ ਦੀ ਸੰਖਿਆ ਸਭ ਤੋਂ ਵੱਧ ਹੈ। 
- ਚੌਥੀ ਲਾਈਨ 'ਚ ਵੱਡੇ ਟਰੱਕ ਜੋ ਹਮੇਸ਼ਾ ਸੱਜੇ ਪਾਸੇ ਰੌਂਗ ਸਾਈਡ 'ਤੇ ਚੱਲਦੇ ਹਨ। 
ਇਕ ਹੀ ਸਾਈਡ 'ਚ ਬਣੀਆਂ 4 ਵਾਹਨਾਂ ਦੀਆਂ ਲਾਈਨਾਂ ਵਿਚ ਦੁਵਿਧਾ ਤਦ ਆਉਂਦੀ ਹੈ ਜਦੋਂ ਇਕ ਤੇਜ਼ ਰਫਤਾਰ ਵਾਹਨ ਕਿਸੇ ਨੂੰ ਓਵਰਟੇਕ ਕਰਨ ਤੋਂ ਬਾਅਦ ਆਮ ਤੌਰ 'ਤੇ ਉਸ ਲਾਈਨ 'ਤੇ ਉਸ ਵਾਹਨ ਦੇ ਅੱਗੇ ਆ ਕੇ ਆਪਣੀ ਚਾਲ ਦੀ ਸਥਿਰਤਾ ਬਣਾਉਂਦਾ ਹੈ ਪਰ 4 ਲਾਈਨਾਂ ਬਣੀਆਂ ਹੋਣ 'ਤੇ ਸਥਿਰਤਾ ਨਹੀਂ ਬਣਦੀ ਤੇ ਦੁਰਘਟਨਾਵਾਂ ਦਾ ਚਾਂਸ 20 ਫ਼ੀਸਦੀ ਵੱਧ ਜਾਂਦਾ ਹੈ। ਇਸ ਤੋਂ ਵੱਡੀ ਗੱਲ ਹੈ ਕਿ ਇਨ੍ਹਾਂ ਵਿਚ ਕਈ ਵਾਹਨ ਤਾਂ 5ਵੀਂ ਲਾਈਨ ਵੀ ਬਣਾ ਦਿੰਦੇ ਹਨ, ਇਨ੍ਹਾਂ ਵਿਚ ਵੀ. ਆਈ. ਪੀ. ਵਾਹਨਾਂ ਦੇ ਕਾਫਿਲੇ ਹਨ, ਜੋ ਅਕਸਰ ਜੀ. ਟੀ. ਰੋਡ 'ਤੇ ਦਿਨ-ਦਿਹਾੜੇ ਰਹਿੰਦੇ ਹਨ। 

ਵਾਹਨਾਂ ਦੀਆਂ ਚੈਸਿਸ ਬਣ ਰਹੀਆਂ ਹਨ ਮੌਤਾਂ ਦਾ ਕਾਰਨ
ਵਰਤਮਾਨ ਸਮੇਂ ਵਿਚ ਵਾਹਨਾਂ ਵਿਚ ਖਾਸ ਤੌਰ 'ਤੇ ਕਾਰਾਂ ਦੀ ਚੈਸਿਸ ਪਤਲੀ ਹੋਣ ਕਾਰਨ ਦੁਰਘਟਨਾਵਾਂ ਤੋਂ ਬਾਅਦ ਮਰਨ ਵਾਲਿਆਂ ਦਾ ਗ੍ਰਾਫ ਵੱਧ ਗਿਆ ਹੈ। ਪਹਿਲਾਂ ਸਮੇਂ 'ਚ ਚੱਲਣ ਵਾਲੀ ਕਾਰ-ਜੀਪ ਵਿਚ ਫੀਏਟ, ਪ੍ਰੀਮੀਅਰ, ਕੰਟੈਂਸਾ,  ਵਿਲੀਜ, ਜੋਂਗਾ ਆਦਿ ਵਾਹਨ ਅਜਿਹੇ ਸਨ, ਜਿਨ੍ਹਾਂ 'ਚ ਦੁਰਘਟਨਾ ਉਪਰੰਤ ਸਵਾਰ ਆਦਮੀਆਂ ਦੀ ਮੌਤ ਹੋਣ ਦੇ ਚਾਂਸ ਘੱਟ ਹੁੰਦੇ ਸਨ ਪਰ ਵਰਤਮਾਨ ਸਮੇਂ 'ਚ ਦੁਰਘਟਨਾ ਹੁੰਦੇ ਹੀ ਵਾਹਨ ਨਸ਼ਟ ਹੋ ਜਾਂਦੇ ਹਨ। ਉਥੇ ਇਨ੍ਹਾਂ ਵਾਹਨਾਂ ਵਿਚ ਮਰਨ ਵਾਲਿਆਂ 'ਚ ਮੌਕੇ 'ਤੇ ਹੋਣ ਵਾਲੀਆਂ ਮੌਤਾਂ ਵਿਚ ਪਿਛਲੀਆਂ ਦੁਰਘਟਨਾਵਾਂ ਦੇ ਮੁਕਾਬਲੇ 15.5 ਫ਼ੀਸਦੀ ਵਾਧਾ ਹੋਇਆ ਹੈ। ਵਾਹਨਾਂ ਨੂੰ ਹਾਈ ਸਪੀਡ ਬਣਾਉਣ ਅਤੇ ਇਨ੍ਹਾਂ ਦੀ ਬਾਲਣ ਸਮਰੱਥਾ ਨੂੰ ਜ਼ਿਆਦਾ ਵਧਾ ਕੇ ਮਾਰਕੀਟ ਵੈਲਿਊ ਦੇ ਚੱਕਰ ਵਿਚ ਵਾਹਨਾਂ ਦੀ ਚੈਸਿਸ ਦੀਆਂ ਸ਼ੀਟਾਂ ਹਲਕੀਆਂ ਤੇ ਪਤਲੀਆਂ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਵਾਹਨਾਂ ਦੀ ਮਜ਼ਬੂਤੀ ਤੇ ਸੇਫਟੀ ਪਹਿਲਾਂ ਨਾਲੋਂ ਕਾਫ਼ੀ ਘੱਟ ਹੋਈ ਹੈ।

ਵਾਹਨਾਂ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ
ਦੇਸ਼ ਭਰ 'ਚ ਵਰਤਮਾਨ ਸਮੇਂ ਵਿਚ ਵਾਹਨਾਂ ਦੀ ਸੰਖਿਆ 33.85 ਕਰੋੜ ਹੈ, ਉਥੇ ਹੀ ਪੰਜਾਬ ਵਿਚ ਰਾਸ਼ਟਰੀ ਅੰਕੜੇ ਮੁਤਾਬਿਕ ਵਾਹਨਾਂ ਦੀ ਮੌਜੂਦਾ ਗਿਣਤੀ 92 ਲੱਖ ਦੇ ਕਰੀਬ ਹੈ। ਹਾਲਾਂਕਿ ਪੰਜਾਬ ਦਾ ਟ੍ਰਾਂਸਪੋਰਟ ਵਿਭਾਗ ਵੱਖ-ਵੱਖ ਜ਼ਿਲਿਆਂ ਦੇ ਅੰਕੜਿਆਂ ਮੁਤਾਬਿਕ ਵਾਹਨਾਂ ਦੀ ਸੰਖਿਆ 1.35 ਕਰੋੜ ਦੇ ਕਰੀਬ ਆਪਣੇ ਖੋਖਲੇ ਰਿਕਾਰਡ ਵਿਚ ਰੱਖ ਕੇ ਬੈਠਾ ਹੈ ਪਰ ਰਾਜ ਤੇ ਰਾਸ਼ਟਰੀ ਪੱਧਰ 'ਤੇ ਵਾਹਨਾਂ ਦੀ ਰੱਦ ਕੀਤੀ ਗਈ ਸੰਖਿਆ ਦੇ ਅੰਕੜੇ ਕਿਸੇ ਕੋਲ ਪੇਸ਼ ਨਹੀਂ ਹਨ। ਫਿਲਹਾਲ ਵਾਹਨਾਂ ਦੀ ਸੰਖਿਆ ਜ਼ਿਆਦਾ ਵਧਣਾ ਵੀ ਦੁਰਘਟਨਾਵਾਂ ਦਾ ਕਾਰਨ ਹੈ।    

ਆਈ. ਪੀ. ਐੱਸ. ਅਧਿਕਾਰੀ ਐੱਸ. ਪੀ. ਐੱਸ. ਪਰਮਾਰ ਦੇ ਦਿੱਤੇ ਕੁਝ ਸੁਝਾਅ
- ਓਵਰਟੇਕਿੰਗ ਤੋਂ ਬਚੋ, ਖਾਸ ਤੌਰ 'ਤੇ ਖੱਬੇ ਪਾਸੇ, ਓਵਰਟੇਕਿੰਗ ਸਮੇਂ ਵਿਜ਼ੀਬਿਲਟੀ ਅੱਧਾ ਕਿਲੋਮੀਟਰ ਤੋਂ ਵੱਧ ਹੋਣੀ ਚਾਹੀਦੀ ਹੈ। 
- ਵਾਹਨ ਦੀ ਰਫ਼ਤਾਰ ਘੱਟ ਰੱਖੋ ਤੇ ਮੋਬਾਇਲ ਤੋਂ ਬਚੋ।  
- ਇਕ ਤੋਂ ਡੇਢ  ਘੰਟੇ ਤੋਂ ਵੱਧ ਲਗਾਤਾਰ ਵਾਹਨ ਨਾ ਚਲਾਓ। 
- ਡਰਿੰਕ ਤੇ ਡਰਾਈਵ 'ਚ ਅੰਤਰ ਬਣਾਓ। 
- ਜੀ. ਟੀ. ਰੋਡ 'ਤੇ ਵਾਹਨ ਪਾਰਕ ਕਰਦੇ ਸਮੇਂ ਸੜਕ ਤੋਂ ਉਚਿਤ ਦੂਰੀ ਬਣਾਓ। 
- ਵਾਹਨ ਦੇ ਸੜਕ ਵਿਚ ਖ਼ਰਾਬ ਹੋ ਜਾਣ 'ਤੇ ਪੁਲਸ ਨੂੰ ਸੂਚਨਾ ਦਿਓ। 
- ਓਵਰਲੋਡ ਵਾਹਨ, ਚਾਰਾ-ਤੂੜੀ ਨਾਲ ਭਰੀਆਂ ਟਰਾਲੀਆਂ, ਲੋਹੇ ਦੇ ਸਰੀਏ ਨਾਲ ਭਰੇ ਟਰੱਕ ਇਨ੍ਹਾਂ ਮਹੀਨਿਆਂ ਵਿਚ ਰਾਤ ਦੇ ਸਮੇਂ ਬੰਦ ਕੀਤੇ ਜਾਣ। 
- ਪੁਲਸ ਦਸਤਾਵੇਜ਼ ਚੈੱਕ ਕਰਨ ਦੀ ਬਜਾਏ ਇਨ੍ਹਾਂ ਦਿਨਾਂ 'ਚ ਬੈਕਲਾਈਟ, ਹੈੱਡਲਾਈਟ ਤੇ ਇੰਡੀਕੇਟਰਸ ਨਾ ਹੋਣ ਸਬੰਧੀ ਵਾਹਨਾਂ ਦੀ ਚੈਕਿੰਗ ਕਰੇ।


Baljeet Kaur

Content Editor

Related News