ਸਿਰਲੱਥ ਖਾਲਸਾ ਨੇ ਫੜਵਾਇਆ ਤੰਬਾਕੂ ਵੇਚਣ ਵਾਲਾ ਦੁਕਾਨਦਾਰ
Thursday, Apr 04, 2019 - 02:55 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਸਿੱਖ ਜਥੇਬੰਦੀ 'ਸਿਰਲੱਥ ਖਾਲਸਾ' ਨੇ ਸ੍ਰੀ ਹਰਿਮੰਦਿਰ ਸਾਹਿਬ ਨਾਲ ਲੱਗਦੇ ਇਲਾਕੇ 'ਚ ਬਣੀ ਇਕ ਦੁਕਾਨ 'ਤੇ ਧਾਵਾ ਬੋਲਿਆ ਤੇ ਦੁਕਾਨਦਾਰ ਨੂੰ ਤੰਬਾਕੂ ਵੇਚਦਿਆਂ ਫੜ੍ਹਿਆ। ਇਸ ਸੰਸਥਾ ਨੇ ਨਾ ਸਿਰਫ ਦੁਕਾਨਦਾਰ ਨੂੰ ਪੁਲਸ ਦੇ ਹਵਾਲੇ ਕੀਤਾ ਸਗੋਂ ਉਸਦੀ ਦੁਕਾਨ 'ਤੇ ਪਏ ਸਿਗਰੇਟ, ਬੀੜੀ ਤੇ ਤੰਬਾਕੂ ਦੇ ਪੈਕੇਟ ਪੁਲਸ ਥਾਣੇ ਭਿਜਵਾਏ। ਸੰਸਥਾ ਨੇ ਅਜਿਹੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਦੁਕਾਨਦਾਰ ਖਿਲਾਫ ਸਖਤ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਧਰ ਦੁਕਾਨਦਾਰ ਨੇ ਆਪਣੇ ਗੁਨਾਹ 'ਤੇ ਹਾਸੋਹੀਣਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਰੇ ਹੀ ਦੁਕਾਨਦਾਰ ਚੋਰੀ-ਛਿਪੇ ਤੰਬਾਕੂ ਵੇਚਦੇ ਹਨ।
ਉਂਝ ਤਾਂ ਪੂਰੇ ਸੂਬੇ 'ਚ ਹੀ ਤੰਬਾਕੂ ਦੀ ਵਿਕਰੀ 'ਤੇ ਪਾਬੰਦੀ ਹੈ ਜਦਕਿ ਧਾਰਮਿਕ ਸਥਾਨ ਸ੍ਰੀ ਹਰਿਮੰਦਿਰ ਸਾਹਿਬ ਨਾਲ ਲੱਗਦੇ ਇਲਾਕੇ 'ਚ ਤੰਬਾਕੂ ਤੇ ਤੰਬਾਕੂ ਨਾਲ ਬਣੇ ਪਦਾਰਥਾਂ 'ਤੇ ਪੂਰਨ ਪਾਬੰਦੀ ਹੈ ਪਰ ਬਾਵਜੂਦ ਇਸਦੇ ਦੁਕਾਨਦਾਰ ਸ਼ਰੇਆਮ ਤੰਬਾਕੂ ਵੇਚ ਰਹੇ ਹਨ।
