ਰਸ਼ੀਅਨ ਔਰਤ ਦੇ ਸੈਨੇਟਰੀ ਪੈਡ ''ਚੋਂ 350 ਗ੍ਰਾਮ ਸੋਨਾ ਬਰਾਮਦ

05/03/2019 9:14:14 AM

ਅੰਮ੍ਰਿਤਸਰ (ਨੀਰਜ) : ਐੱਸ. ਜੀ. ਆਰ. ਡੀ. ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਈ ਇਕ ਰਸ਼ੀਅਨ ਔਰਤ ਦੇ ਸੈਨੇਟਰੀ ਪੈਡ 'ਚੋਂ 350 ਗ੍ਰਾਮ ਸੋਨੇ ਦੇ 3 ਬਿਸਕੁਟ ਬਰਾਮਦ ਕੀਤੇ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਲਗਭਗ 12 ਲੱਖ ਰੁਪਏ ਮੰਨੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਰਸ਼ੀਅਨ ਔਰਤ ਨੇ ਆਪਣੇ ਸੈਨੇਟਰੀ ਪੈਡ 'ਚ ਕੈਵੇਟੀਜ਼ ਬਣਾ ਕੇ ਸੋਨੇ ਦੇ ਬਿਸਕੁਟਾਂ ਨੂੰ ਲੁਕਾਇਆ ਹੋਇਆ ਸੀ, ਜਿਸ ਨੂੰ ਟ੍ਰੇਸ ਕਰਨਾ ਕਸਟਮ ਟੀਮ ਲਈ ਆਸਾਨ ਨਹੀਂ ਸੀ। ਇਕ ਵਿਦੇਸ਼ੀ ਔਰਤ ਤੇ ਉਪਰੋਂ ਉਸ ਦੇ ਪ੍ਰਾਈਵੇਟ ਪਾਰਟ 'ਚ ਲੁਕੇ ਸੋਨੇ ਨੂੰ ਟ੍ਰੇਸ ਕਰਨ ਲਈ ਵਿਭਾਗ ਦੀ ਟੀਮ ਨੂੰ ਕਾਫੀ ਮਿਹਨਤ ਕਰਨੀ ਪਈ ਤੇ ਮਹਿਲਾ ਅਧਿਕਾਰੀਆਂ ਨੂੰ ਬੁਲਾਇਆ ਗਿਆ। ਇਸ ਤੋਂ ਪਹਿਲਾਂ ਵਿਭਾਗ ਨੇ ਮੈਟਲ ਡਿਟੈਕਟਰ ਦੇ ਵੱਜਣ ਵਾਲੇ ਸਾਇਰਨ ਦੀ ਆਵਾਜ਼ ਵੀ ਰਸ਼ੀਅਨ ਔਰਤ ਨੂੰ ਸੁਣਾਈ ਪਰ ਉਸ ਨੇ ਸੈਨੇਟਰੀ ਪੈਡ 'ਚ ਲੁਕਾਏ ਸੋਨੇ ਨੂੰ ਬਾਹਰ ਕੱਢਣ ਤੋਂ ਮਨ੍ਹਾ ਕਰ ਦਿੱਤਾ। ਅੰਤ 'ਚ ਵਿਭਾਗ ਨੇ ਮਹਿਲਾ ਅਧਿਕਾਰੀਆਂ ਦੀ ਟੀਮ ਨੂੰ ਤਲਾਸ਼ੀ ਲੈਣ ਲਈ ਬੁਲਾਇਆ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ। ਆਪਣੇ ਇਸ ਕਾਰਨਾਮੇ 'ਤੇ ਰਸ਼ੀਅਨ ਔਰਤ ਕਾਫ਼ੀ ਸ਼ਰਮਿੰਦਾ ਵੀ ਹੋਈ। ਦੱਸਣ ਲੱਗੀ ਕਿ ਉਸ ਨੇ ਆਪਣੀਆਂ ਕਿਡਨੀਆਂ ਦਾ ਇਲਾਜ ਕਰਵਾਉਣਾ ਸੀ, ਇਸ ਲਈ ਉਹ ਸੋਨੇ ਨੂੰ ਲੁਕਾ ਕੇ ਲਿਆਈ ਸੀ ਕਿਉਂਕਿ ਇੰਨੀ ਕਰੰਸੀ ਲਿਆਉਣਾ ਉਸ ਦੇ ਲਈ ਸੰਭਵ ਨਹੀਂ ਸੀ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੜੀ ਗਈ ਔਰਤ ਸਮੱਗਲਰਾਂ ਦੇ ਗੈਂਗ 'ਚ ਸ਼ਾਮਿਲ ਹੈ ਜਾਂ ਇਕ ਕੋਰੀਅਰ ਹੈ, ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੀ. ਆਰ. ਆਈ. ਦੀ ਟੀਮ ਨੇ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਹੀ ਇਕ ਔਰਤ ਦੀ ਬ੍ਰਾਅ 'ਚ ਬਣੀ ਕੈਵੇਟੀਜ਼ ਤੋਂ ਸੋਨੇ ਦੀ ਪੇਸਟ ਦੇ ਰੂਪ 'ਚ ਲੁਕਾਏ ਗਏ 1384 ਗ੍ਰਾਮ ਸੋਨਾ ਬਰਾਮਦ ਕੀਤਾ ਸੀ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 45 ਲੱਖ ਰੁਪਏ ਸੀ। ਅੰਮ੍ਰਿਤਸਰ ਵਿਚ ਸੋਨੇ ਦੀ ਪੇਸਟ ਨਾਲ ਸਮੱਗਲਿੰਗ ਕਰਨ ਦਾ ਇਹ ਪਹਿਲਾ ਮਾਮਲਾ ਸੀ।


Baljeet Kaur

Content Editor

Related News