ਅੰਮ੍ਰਿਤਸਰ ''ਚ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਟਰੈਕ ਕੀਤਾ ਜਾਮ
Wednesday, Jan 08, 2020 - 12:57 PM (IST)

ਅੰਮ੍ਰਿਤਸਰ : ਭਾਰਤ ਬੰਦ ਦੇ ਸੱਦੇ ਦੌਰਾਨ ਅੰਮ੍ਰਿਤਸਰ 'ਚ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਹੈ। ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਰੇਲਵੇ ਲਾਈਨਾਂ 'ਤੇ ਬੈਠੇ ਹੋਏ ਹਨ। ਇਸ ਕਰਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਨਾ ਤਾਂ ਕੋਈ ਟਰੇਨ ਬਾਹਰ ਜਾ ਰਹੀ ਹੈ ਤੇ ਨਾ ਹੀ ਬਾਹਰੋਂ ਕਈ ਟਰੇਨ ਅੰਮ੍ਰਿਤਸਰ ਆ ਰਹੀ ਹੈ। ਇਸ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਵੱਡੀ ਗਿਣਤੀ 'ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਅੱਜ ਸਰਕਾਰ ਦੀਆਂ 'ਲੋਕ ਵਿਰੋਧੀ' ਨੀਤੀਆਂ ਖਿਲਾਫ 10 ਕੇਂਦਰੀ ਟਰੇਡ ਯੂਨੀਅਨ ਵਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ 'ਚ ਤਕਰੀਬਨ 25 ਕਰੋੜ ਲੋਕ ਹਿੱਸਾ ਲੈ ਰਹੇ ਹਨ। ਇਨ੍ਹਾਂ ਟਰੇਡ ਯੂਨੀਅਨਾਂ ਸਣੇ ਕਈ ਬੈਕਿੰਗ ਯੂਨੀਅਨਾਂ ਅਤੇ ਫੈਡਰੇਸ਼ਨਾਂ ਨੇ ਪਿਛਲੇ ਸਾਲ ਸਤੰਬਰ 'ਚ ਹੜਤਾਲ ਕਰਨ ਦਾ ਐਲਾਨ ਕੀਤਾ ਸੀ। ਇਸ ਹੜਤਾਲ ਦੌਰਾਨ, ਸਰਵਜਨਿਕ ਟਰਾਂਸਪੋਰਟ, ਦੁੱਧ ਅਤੇ ਸਬਜ਼ੀਆਂ ਤੋਂ ਇਲਾਵਾ ਨੈੱਟਵਰਕਿੰਗ, ਏ.ਟੀ.ਐੱਮ. ਫੰਡ ਟਰਾਂਸਫਰ ਵਰਗੀਆਂ ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।