ਸ਼ਾਂਤਮਈ ਢੰਗ ਨਾਲ ਫੈਸਲਾ ਨਾ ਹੋਇਆ ਤਾਂ ਪਟੜੀਆਂ ''ਤੇ ਉਤਰਨਗੇ ਰੇਲ ਹਾਦਸਾ ਪੀੜਤ ਪਰਿਵਾਰ
Tuesday, Dec 17, 2019 - 12:47 AM (IST)
ਅੰਮ੍ਰਿਤਸਰ,(ਸੰਜੀਵ) : ਪਿਛਲੇ 8 ਦਿਨਾਂ ਤੋਂ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਮਨਵਾਉਣ ਲਈ ਧਰਨੇ 'ਤੇ ਬੈਠੇ ਰੇਲ ਹਾਦਸਾ ਪੀੜਤ ਪਰਿਵਾਰਾਂ ਨੇ ਅੱਜ ਸਾਂਝੇ ਤੌਰ 'ਤੇ ਕਿਹਾ ਕਿ ਜੇਕਰ ਸ਼ਾਂਤਮਈ ਢੰਗ ਨਾਲ ਉਨ੍ਹਾਂ ਦਾ ਸਰਕਾਰ ਦੇ ਨਾਲ ਫੈਸਲਾ ਨਾ ਹੋਇਆ ਤਾਂ ਉਹ ਛੇਤੀ ਹੀ ਉਨ੍ਹਾਂ ਪਟੜੀਆਂ 'ਤੇ ਉਤਰਨਗੇ, ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਨ ਗਈ ਸੀ। ਅੱਜ ਹੋਰ ਰਾਜਨੀਤਕ ਦਲਾਂ ਦੇ ਨਾਲ ਹੋਣ ਵਾਲੀ ਮੀਟਿੰਗ ਕਿਨ੍ਹਾਂ ਕਾਰਣਾਂ ਨਾਲ ਮੁਲਤਵੀ ਹੋ ਗਈ ਸੀ ਜੋ ਮੰਗਲਵਾਰ ਨੂੰ ਹੋਣੀ ਤੈਅ ਹੋਈ ਹੈ। ਇਹ ਜਾਣਕਾਰੀ ਪੀੜਤ ਪਰਿਵਾਰਾਂ 'ਚ ਸ਼ਾਮਲ ਦੀਪਕ ਕੁਮਾਰ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਾਰੇ ਪਰਿਵਾਰ ਪਿਛਲੇ 8 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ ਪਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਪੀੜਤ ਪਰਿਵਾਰ ਸਰਕਾਰ ਤੋਂ ਕੋਈ ਨਵੀਂ ਮੰਗ ਨਹੀਂ ਕਰ ਰਹੇ ਸਗੋਂ ਹਾਦਸੇ ਦੇ ਬਾਅਦ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਹੀ ਯਾਦ ਦਿਵਾ ਰਹੇ ਹਨ। ਇਸ ਸਮੇਂ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜਿਨ੍ਹਾਂ ਦੇ ਘਰਾਂ 'ਚ ਕਮਾਉਣ ਵਾਲਾ ਕੋਈ ਵੀ ਨਹੀਂ ਅਤੇ ਉਹ ਆਪਣੀ ਰੋਜ਼ੀ-ਰੋਟੀ ਲਈ ਆਤੁਰ ਹੋ ਰਹੇ ਹਨ। ਉਨ੍ਹਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਰਾਜ 'ਚ ਕੋਈ ਸਰਕਾਰ ਕੰਮ ਹੀ ਨਹੀਂ ਕਰ ਰਹੀ ਅਤੇ ਸ਼ਹਿਰ 'ਚ ਸਰਕਾਰ ਦਾ ਕੋਈ ਨੇਤਾ ਹੀ ਨਹੀਂ ਹੈ।