ਅੰਡੇਮਾਨ ਨਿਕੋਬਾਰ ਦੀ 15 ਸਾਲਾ ਕੁੜੀ ਨੂੰ ਭਜਾ ਕੇ ਲਿਆਇਆ ਯੂ. ਪੀ. ਦਾ ਮੁੰਡਾ ਕਾਬੂ
Saturday, Jun 22, 2019 - 01:49 PM (IST)

ਅੰਮ੍ਰਿਤਸਰ (ਜ. ਬ.) : ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਦੇ ਹੁਕਮਾਂ 'ਤੇ ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਥਾਣਾ ਗਲਿਆਰਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਏ. ਐੱਸ. ਆਈ. ਸਵਿੰਦਰ ਸਿੰਘ, ਸਰਦੂਲ ਸਿੰਘ ਅਤੇ ਕਾਂਸਟੇਬਲ ਮਲਕੀਤ ਕੌਰ ਨਾਲ ਮਿਲ ਕੇ ਉਦੋਂ ਵੱਡੀ ਕਾਮਯਾਬੀ ਹਾਸਲ ਕੀਤੀ, ਜਦੋਂ ਯੂ. ਪੀ. ਦਾ ਰਹਿਣ ਵਾਲਾ ਸ਼ਾਹਿਦ ਅਲੀ (20) ਜੋ ਅੰਡੇਮਾਨ ਨਿਕੋਬਾਰ ਦੀ 15 ਸਾਲਾ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਆਇਆ ਸੀ, ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚੋਂ ਕਾਬੂ ਕੀਤਾ। ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਾਹਿਦ ਅਲੀ ਜਿਸ ਦੇ ਘਰ ਦਾ ਫਾਸਲਾ ਲੜਕੀ ਦੇ ਘਰ ਨਾਲੋਂ ਕਰੀਬ 2000 ਕਿਲੋਮੀਟਰ ਹੈ, ਉਕਤ ਲੜਕੀ ਨਾਲ ਤਕਰੀਬਨ 2 ਸਾਲਾਂ ਤੋਂ ਵਟਸਐਪ ਅਤੇ ਫੇਸਬੁੱਕ 'ਤੇ ਸੰਪਰਕ ਵਿਚ ਸੀ।
ਉਨ੍ਹਾਂ ਦੱਸਿਆ ਕਿ ਅੰਡੇਮਾਨ ਨਿਕੋਬਾਰ ਪੁਲਸ ਵੱਲੋਂ ਮੁਕੱਦਮਾ ਨੰਬਰ 331 ਤਹਿਤ ਮਿਤੀ 11-6-2019 ਅੰਡਰ ਸੈਕਸ਼ਨ 363 ਆਈ. ਪੀ. ਸੀ. ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਸੀ। ਅੰਡੇਮਾਨ ਪੁਲਸ ਨੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਅਤੇ ਐੱਸ. ਪੀ. ਸਿਟੀ-1 ਜਗਜੀਤ ਸਿੰਘ ਵਾਲੀਆ ਨੂੰ ਉਕਤ ਲੜਕੇ-ਲੜਕੀ ਦੀਆਂ ਫੋਟੋਆਂ ਭੇਜ ਕੇ ਇਨ੍ਹਾਂ ਦੀ ਲੋਕੇਸ਼ਨ ਅੰਮ੍ਰਿਤਸਰ 'ਚ ਹੋਣ ਬਾਰੇ ਇਤਲਾਹ ਦਿੱਤੀ ਸੀ, ਜਿਸ 'ਤੇ ਐੱਸ. ਪੀ. ਸਿਟੀ ਵਾਲੀਆ ਨੇ ਗਲਿਆਰਾ ਪੁਲਸ ਨੂੰ ਇਨ੍ਹਾਂ ਦੋਵਾਂ ਨੂੰ ਟ੍ਰੇਸ ਕਰਨ ਲਈ ਦੇ ਦਿੱਤੇ ਸਨ, ਜਿਸ ਦੀ ਜਾਂਚ ਕਰਦਿਆਂ ਇਨ੍ਹਾਂ ਦੋਵਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚੋਂ ਕਾਬੂ ਕਰ ਕੇ ਅੰਡੇਮਾਨ ਨਿਕੋਬਾਰ ਦੇ ਐੱਸ. ਆਈ. ਦਿਨੇਸ਼ ਮੀਨਾ ਅਤੇ ਕਾਂਸਟੇਬਲ ਉਜਵਲ ਪਾਂਡੇ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਦਿਆਂ ਮੈਡੀਕਲ ਕਰਵਾ ਕੇ ਮਾਣਯੋਗ ਅਦਾਲਤ 'ਚ ਪੇਸ਼ ਕਰਦਿਆਂ 10 ਦਿਨਾਂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਕੇ ਅੰਡੇਮਾਨ ਨਿਕੋਬਾਰ ਰਵਾਨਾ ਕੀਤਾ ਗਿਆ।