ਪੈਟਰੋਲ ਪੰਪ ਦਾ ਤੇਲ ਖਤਮ ਹੋਣ ਨਾਲ ਸ਼ਹਿਰ ''ਚ ਲੱਗੇ ਕੂੜੇ ਦੇ ਢੇਰ

03/11/2019 10:36:07 AM

ਅੰਮ੍ਰਿਤਸਰ (ਵੜੈਚ) : ਅਕਾਊਂਟ ਵਿਭਾਗ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਆਟੋ ਵਰਕਸ਼ਾਪ ਦੇ ਪੈਟਰੋਲ ਪੰਪ 'ਚ ਤੇਲ ਖਤਮ ਹੋਣ ਕਰ ਕੇ ਦੂਜੇ ਦਿਨ ਵੀ ਸ਼ਹਿਰ 'ਚੋਂ ਕੂੜਾ ਨਾ ਹਟਾਉਣ ਕਰ ਕੇ ਲੋਕਾਂ ਦੇ ਨੱਕ 'ਚ ਦਮ ਆਉਣਾ ਸ਼ੁਰੂ ਹੋਣ ਲੱਗ ਪਿਆ ਹੈ। ਜਾਣਕਾਰੀ ਮੁਤਾਬਿਕ ਪੰਪ 'ਚ 900 ਲਿਟਰ ਤੇਲ ਹੈ। ਪੰਪ ਦੀ ਟੈਂਕੀ 'ਚ 800 ਲਿਟਰ ਤੇਲ ਹੋਣ 'ਤੇ ਪੰਪ ਮਸ਼ੀਨ ਹਵਾ ਲੈਣ ਲੱਗਦੀ ਹੈ, ਜਿਸ ਕਰ ਕੇ ਪੰਪ 'ਚ ਖਰਾਬੀ ਵੀ ਆ ਸਕਦੀ ਹੈ। ਬਾਕੀ ਰਹਿੰਦਾ 100 ਲਿਟਰ ਤੇਲ ਐਮਰਜੈਂਸੀ ਸੇਵਾਵਾਂ ਲਈ ਵੀ ਰੱਖਣਾ ਜ਼ਰੂਰੀ ਹੋ ਜਾਂਦਾ ਹੈ, ਜਿਸ ਕਰ ਕੇ ਸ਼ੁੱਕਰਵਾਰ ਨੂੰ ਵੀ ਵਾਹਨਾਂ ਵਿਚ ਤੇਲ ਘੱਟ ਹੀ ਪਾਇਆ ਗਿਆ। ਐਤਵਾਰ ਨੂੰ ਵੀ ਵਾਹਨਾਂ ਦੇ ਚੱਕੇ ਪੂਰੇ ਤਰ੍ਹਾਂ ਜਾਮ ਰਹੇ। ਸੋਮਵਾਰ ਨੂੰ ਵੀ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲਣ ਦੇ ਅਸਾਰ ਹਨ ਕਿਉਂਕਿ ਬੈਂਕ ਖੁੱਲ੍ਹਣ ਤੋਂ ਬਾਅਦ ਨਿਗਮ ਵੱਲੋਂ ਇੰਡੀਅਨ ਆਇਲ ਨੂੰ 15 ਲੱਖ ਤੋਂ ਵੱੱਧ ਦੇ ਚੈੱਕ ਦੂਸਰੇ ਖਾਤੇ 'ਚ ਕਿਵੇਂ ਚਲੇ ਗਏ, ਇਸ ਦਾ ਪਤਾ ਲਾਇਆ ਜਾਵੇਗਾ। ਉਸ ਤੋਂ ਬਾਅਦ ਕੰਪਨੀ ਨੂੰ ਪੈਸੇ ਜਾਣ ਤੋਂ ਬਾਅਦ ਹੀ ਨਿਗਮ ਦੇ ਪੈਟਰੋਲ ਪੰਪ ਤੱਕ ਤੇਲ ਪਹੁੰਚੇਗਾ, ਜਦੋਂਕਿ ਸ਼ਹਿਰ 'ਚੋਂ ਕੂੜਾ ਚੁੱਕਣ ਵਾਲੇ ਵਾਹਨ ਸਵੇਰੇ ਹੀ ਤੇਲ ਪੁਆ ਕੇ ਨਿਕਲ ਜਾਂਦੇ ਹਨ।
 

ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ : ਸੰਧਿਆ ਸਿੱਕਾ
ਨਗਰ ਨਿਗਮ ਹਾਊਸ ਦੀ ਵਿਰੋਧੀ ਧਿਰ ਭਾਜਪਾ ਦੀ ਨੇਤਾ ਸੰਧਿਆ ਸਿੱਕਾ ਨੇ ਕਿਹਾ ਕਿ ਮੇਅਰ ਪਾਣੀ 'ਚ ਪਕੌੜੇ ਤਲਣ ਦੀ ਕੋਸ਼ਿਸ਼ ਕਰ ਰਹੇ ਹਨ। ਨਿਗਮ 'ਚ ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ ਵਾਲੇ ਹਾਲਾਤ ਹਨ। ਹਾਊਸ ਬੈਠਦਿਆਂ ਹੀ ਮੁੱਖ ਮੰਤਰੀ ਕੈਪਟਨ ਤੇ ਸਥਾਨਕ ਸਰਕਾਰਾਂ ਮੰਤਰੀ ਨੇ ਗੁਰੂ ਨਗਰੀ ਨੂੰ 100 ਕਰੋੜ ਦੇਣ ਲਈ ਕਿਹਾ ਸੀ, ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸਿਰਫ 10 ਕਰੋੜ ਹੀ ਪੱਲੇ ਪਾਇਆ ਗਿਆ ਹੈ। ਜਿਨ੍ਹਾਂ ਕੋਲ ਵਾਹਨਾਂ 'ਚ ਪੈਟਰੋਲ ਪਾਉਣ ਦੇ ਪੈਸੇ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ, ਉਹ ਨਿਗਮ ਕਿਵੇਂ ਚਲਾਉਣਗੇ। 

ਗਠਜੋੜ ਸਰਕਾਰ ਦਾ ਸਮਾਂ ਦੁਬਾਰਾ ਨਹੀਂ ਆਉਣਾ : ਮੀਰਾਂਕੋਟ
ਸਾਬਕਾ ਅਕਾਲੀ ਸਰਕਾਰ ਦੇ ਕੌਂਸਲਰ ਬਲਜਿੰਦਰ ਸਿੰਘ ਮੀਰਾਂਕੋਟ ਨੇ ਕਿਹਾ ਕਿ ਮੌਜੂਦਾ ਨਗਰ ਨਿਗਮ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੈ। ਝੂਠੀ ਸ਼ੋਹਰਤ ਲਈ ਵਿਭਾਗਾਂ ਦੇ ਟੀਚੇ ਦੁੱਗਣੇ ਤਾਂ ਕਰ ਦਿੱਤੇ ਗਏ ਪਰ ਜਨਤਾ ਵੱਲੋਂ ਟੈਕਸ ਦੇ ਰੂਪ 'ਚ ਇਕੱਠੇ ਕੀਤੇ ਕਰੋੜਾਂ 'ਚੋਂ ਲੋਕਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ, ਜਦਕਿ ਪਿਛਲੀ ਗਠਜੋੜ ਸਰਕਾਰ ਦੌਰਾਨ ਕਰੋੜਾਂ ਰੁਪਏ ਖਰਚ ਕਰਦਿਆਂ ਪੂਰੇ ਸ਼ਹਿਰ ਨੂੰ ਨਵਾਂ ਰੂਪ ਦਿੱਤਾ ਗਿਆ, ਜਦਕਿ ਉਨ੍ਹਾਂ ਕੀਤੇ ਵਿਕਾਸ ਕੰਮਾਂ ਦੀ ਹੁਣ ਰਿਪੇਅਰ ਤੱਕ ਵੀ ਨਹੀਂ ਕੀਤੀ ਜਾ ਰਹੀ।
 

ਨਿਗਮ ਦੇ ਕੰਮਾਂ ਦੀ ਦੇਖ-ਰੇਖ ਮੇਅਰ ਦੀ ਜ਼ਿੰਮੇਵਾਰੀ : ਖਜੂਰੀਆ
ਅਕਾਲੀ ਦਲ (ਬ) ਦੇ ਸਾਬਕਾ ਕੌਂਸਲਰ ਪਵਨ ਕੁਮਾਰ ਖਜੂਰੀਆ ਨੇ ਕਿਹਾ ਕਿ ਨਿਗਮ ਦੇ ਪੰਪ 'ਚ ਤੇਲ ਖ਼ਤਮ ਹੋਣ ਦਾ ਮਤਲਬ ਨਿਗਮ ਦੇ ਹਰੇਕ ਵਾਹਨ ਦੇ ਚੱਕੇ ਜਾਮ ਹੋਣਾ ਹੈ, ਜੇਕਰ ਕੋਈ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕਰੇ ਤਾਂ ਪ੍ਰਸ਼ਾਸਨ ਚਾਰਜ ਤੱਕ ਕਰ ਦਿੰਦਾ ਹੈ। ਹੁਣ ਨਿਗਮ ਦੀ ਲਾਪ੍ਰਵਾਹੀ ਦੇ ਕਸੂਰਵਾਰ ਨੂੰ ਵੀ ਸਜ਼ਾ ਦੇਣਾ ਜ਼ਰੂਰੀ ਹੈ। ਇਨ੍ਹਾਂ ਕੰਮਾਂ ਦੀ ਦੇਖ-ਰੇਖ, ਸ਼ਹਿਰਵਾਸੀਆਂ ਦੀਆਂ ਸਹੂਲਤਾਂ ਦਾ ਧਿਆਨ ਮੇਅਰ ਤੇ ਨਿਗਮ ਪ੍ਰਸ਼ਾਸਨ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। 
 

ਆਸ਼ੂ ਨਾਹਰ ਨੇ ਅਕਾਊਂਟ ਅਧਿਕਾਰੀ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ
ਮਿਊਂਸੀਪਲ ਯੂਥ ਇੰਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਨੇ ਅਕਾਊਂਟ ਅਧਿਕਾਰੀ ਪੰਕਜ ਕਪੂਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਊਂਟ ਅਧਿਕਾਰੀ ਦੀ ਡਿਊਟੀ ਹੈ ਕਿ ਸਮੇਂ ਤੋਂ ਪਹਿਲਾਂ ਹੀ ਕੰਪਨੀ ਨੂੰ ਚੈੱਕ ਦਿੱਤਾ ਜਾਵੇ ਪਰ ਲਾਪ੍ਰਵਾਹੀ ਕਾਰਨ ਸ਼ਹਿਰਵਾਸੀਆਂ ਤੇ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦੀ ਜ਼ਿੰਮੇਵਾਰੀ ਸਫਾਈ ਸੇਵਕਾਂ ਦੀ ਹੈ, ਜਿਸ ਤੋਂ ਉਹ ਪਿੱਛੇ ਨਹੀਂ ਹਟਣਗੇ।


Baljeet Kaur

Content Editor

Related News