ਮੰਤਰਾਲਾ ਖੁੱਸਣ ਪਿੱਛੋਂ ਹੁਣ ਸਿੱਧੂ ਦੇ ਪ੍ਰਾਜੈਕਟਾਂ ''ਤੇ ਲਟਕੀ ਤਲਵਾਰ
Sunday, Jun 09, 2019 - 01:10 PM (IST)
ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਅਚਨਚੇਤੀ ਮੰਤਰਾਲਾ ਬਦਲੇ ਜਾਣ ਤੋਂ ਬਾਅਦ ਉਨ੍ਹਾਂ ਵਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਹੁੰਦਿਆਂ ਸ਼ੁਰੂ ਕੀਤੇ ਪ੍ਰਾਜੈਕਟਾਂ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹੁੰਦਿਆਂ ਨਵਜੋਤ ਸਿੰਘ ਸਿੱਧੂ ਨੇ ਇੱਥੇ ਸ਼ਹਿਰ ਵਿਚ ਕਈ ਨਵੇਂ ਪੁਲ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ, ਜਿਨ੍ਹਾਂ 'ਚ ਸੰਤ ਸਿੰਘ ਸੁੱਖਾ ਸਿੰਘ ਚੌਕ ਵਿਚ ਪੁਲ ਬਣਾਉਣਾ, ਭੰਡਾਰੀ ਪੁਲ ਦਾ ਵਿਸਥਾਰ ਕਰਨਾ, ਵੇਰਕਾ ਫਾਟਕ 'ਤੇ ਪੁਲ ਬਣਾਉਣਾ, ਜੌੜਾ ਫਾਟਕ 'ਤੇ ਪੁਲ ਬਣਾਉਣਾ ਸ਼ਾਮਲ ਸਨ। ਇਸੇ ਤਰ੍ਹਾਂ ਰਣਜੀਤ ਐਵੇਨਿਊ ਇਲਾਕੇ ਵਿਚ ਖੇਡ ਕੰਪਲੈਕਸ ਦੀ ਉਸਾਰੀ ਕਰਨ ਦੀ ਵੀ ਯੋਜਨਾ ਸੀ। ਇਸ ਤੋਂ ਇਲਾਵਾ ਭਗਤਾਂਵਾਲਾ ਡੰਪ ਇਲਾਕੇ ਵਿਚ ਹਰੀ ਪੱਟੀ ਸਥਾਪਿਤ ਕਰਨਾ, ਬਿਆਸ ਦਰਿਆ ਦੇ ਪਾਣੀ ਨੂੰ ਸ਼ਹਿਰ ਵਿਚ ਲਿਆ ਕੇ ਪੀਣ ਯੋਗ ਬਣਾਉਣਾ ਤੇ ਵਰਤਣਾ, ਕੂੜਾ ਕਰਕਟ ਪ੍ਰਬੰਧ ਪਲਾਂਟ ਸਥਾਪਿਤ ਕਰਨਾ, ਅਪਰਬਾਰੀ ਦੁਆਬ ਨਹਿਰ ਨੇੜਲੇ ਖੇਤਰ ਨੂੰ ਹੋਰ ਸੁੰਦਰ ਬਣਾਉਣਾ ਤੇ ਹੋਰ ਯੋਜਨਾਵਾਂ ਵੀ ਸ਼ਾਮਲ ਸਨ। ਇਨ੍ਹਾਂ ਯੋਜਨਾਵਾਂ ਵਿਚੋਂ ਕਈਆਂ ਦੇ ਨੀਂਹ ਪੱਥਰ ਰੱਖੇ ਹੋਏ ਹਨ ਪਰ ਇਨ੍ਹਾਂ ਦਾ ਕੰਮ ਚਾਲੂ ਨਹੀਂ ਹੋਇਆ ਹੈ।
ਨਵਜੋਤ ਸਿੰਘ ਸਿੱਧੂ ਭਾਜਪਾ ਵਿਚ ਸੰਸਦ ਮੈਂਬਰ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਕਈ ਯੋਜਨਾਵਾਂ ਉਲੀਕੀਆਂ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨਾਲ ਪੈਦਾ ਹੋਏ ਵਖਰੇਵਿਆਂ ਕਾਰਨ ਉਹ ਯੋਜਨਾਵਾਂ ਠੰਢੇ ਬਸਤੇ ਵਿਚ ਪੈ ਗਈਆਂ ਸਨ। ਹੁਣ ਮੁੜ ਪਹਿਲਾਂ ਵਰਗੇ ਹੀ ਸਿਆਸੀ ਹਾਲਾਤ ਬਣ ਗਏ ਹਨ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਇਕ ਹਨ। ਇਸੇ ਹਲਕੇ ਤੋਂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਪਹਿਲਾਂ ਵਿਧਾਇਕ ਰਹੀ ਹੈ। ਇਸੇ ਹਲਕੇ ਹੇਠ ਆਉਂਦੇ ਵਾਰਡ ਨੰਬਰ 46 ਦੇ ਕੌਂਸਲਰ ਸ਼ੇਲਿੰਦਰ ਸਿੰਘ ਸ਼ੈਲੀ ਨੇ ਆਖਿਆ ਕਿ ਇਸ ਹਲਕੇ ਦੇ ਵਧੇਰੇ ਕਾਂਗਰਸੀ ਕੌਂਸਲਰ, ਜੋ ਸ੍ਰੀ ਸਿੱਧੂ ਨਾਲ ਜੁੜੇ ਹੋਏ ਸਨ, ਚਿੰਤਾ ਵਿਚ ਹਨ। ਇਨ੍ਹਾਂ ਸਾਰੇ ਕੌਂਸਲਰਾਂ ਨੂੰ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਹੋਣ ਦਾ ਵੱਡਾ ਲਾਭ ਸੀ ਅਤੇ ਵਿਕਾਸ ਕਾਰਜ ਕਰਵਾ ਰਹੇ ਸਨ।