ਔਰਤ ਦਾ ਮੋਬਾਇਲ ਖੋਹ ਕੇ ਦੌੜਿਆ ਝਪਟਮਾਰ ਗ੍ਰਿਫਤਾਰ
Thursday, Mar 28, 2019 - 02:44 PM (IST)

ਅੰਮ੍ਰਿਤਸਰ (ਅਰੁਣ) : ਰਤਨ ਸਿੰਘ ਚੌਕ ਨੇੜੇ ਦਿਓਰ ਨਾਲ ਪੈਦਲ ਜਾ ਰਹੀ ਔਰਤ ਕੋਲੋਂ 2 ਬਾਈਕ ਸਵਾਰ ਲੁਟੇਰਿਆਂ ਨੇ ਮੋਬਾਇਲ ਖੋਹ ਲਿਆ। ਫੈਜ਼ਪੁਰਾ ਚੌਕੀ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਰਣਜੀਤ ਤਲਵਾੜ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਆਪਣੀ ਭਰਜਾਈ ਨਿਤੀਕਾ ਨਾਲ ਪੈਦਲ ਜਾ ਰਿਹਾ ਸੀ ਤਾਂ ਮਗਰੋਂ ਆਏ 2 ਅਣਪਛਾਤੇ ਬਾਈਕ ਸਵਾਰ ਉਸ ਦੀ ਭਰਜਾਈ ਦਾ ਮੋਬਾਇਲ ਖੋਹ ਕੇ ਦੌੜ ਗਏ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਵਿਸ਼ੇਸ਼ ਨਾਕੇਬੰਦੀ ਕਰਦਿਆਂ ਇਕ ਲੁਟੇਰੇ ਪਲਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਹਾਊਸਿੰਗ ਬੋਰਡ ਕਾਲੋਨੀ ਰਣਜੀਤ ਐਵੀਨਿਊ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਕੇ ਖੋਹਿਆ ਮੋਬਾਇਲ ਬਰਾਮਦ ਕਰ ਲਿਆ।
ਚੌਕੀ ਇੰਚਾਰਜ ਏ. ਐੱਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਦੂਸਰਾ ਝਪਟਮਾਰ ਜਿਸ ਦੀ ਪਛਾਣ ਬਿੱਲੀ ਵਾਸੀ ਹਾਊਸਿੰਗ ਬੋਰਡ ਕਾਲੋਨੀ ਵਜੋਂ ਹੋਈ, ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਲਵਿੰਦਰ ਨੂੰ ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦਾ ਹਵਾਲਾ ਦਿੰਦਿਆਂ ਏ. ਐੱਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਰਿਮਾਂਡ ਦੌਰਾਨ ਇਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।