ਲੋਹੜੀ ਦੀਆਂ ਤਿਆਰੀਆਂ ਦੇ ਨਾਲ-ਨਾਲ ਧੂਮ ਧੜੱਕਾ ਸ਼ੁਰੂ (ਤਸਵੀਰਾਂ)

01/12/2020 2:12:08 PM

ਅੰਮ੍ਰਿਤਸਰ (ਕਵਿਸ਼ਾ) : ਨਵੇਂ ਸਾਲ ਦੇ ਨਾਲ-ਨਾਲ ਲੋਹੜੀ ਦਾ ਆਗਮਨ ਨਵੇਂ ਜੀਵਨ ਦੀ ਸ਼ੁਰੂਆਤ ਅਤੇ ਨਵੇਂ ਜੰਮੇ ਬੱਚਿਆਂ ਦੇ ਸਵਾਗਤ ਦੀਆਂ ਖੁਸ਼ੀਆਂ ਦਾ ਪ੍ਰਤੀਕ ਹੈ। ਲੋਹੜੀ ਦੇ ਆਉਣ ਤੋਂ ਪਹਿਲਾਂ ਜਿਥੇ ਸ਼ਹਿਰ 'ਚ ਇਸ ਨ੍ਹੂੰ ਮਨਾਉਣ ਦੀਆਂ ਧੂਮਧਾਮ ਨਾਲ ਤਿਆਰੀਆਂ ਚੱਲ ਰਹੀਆਂ ਹਨ, ਉਥੇ ਹੀ ਇਸ ਸਬੰਧੀ ਸਮਾਰੋਹਾਂ ਦਾ ਆਯੋਜਨ ਵੀ ਸ਼ੁਰੂ ਹੋ ਚੁੱਕਿਆ ਹੈ। ਜਿਸ 'ਚ ਸਭ ਦਾ ਰੁਝੇਵਾਂ ਬੇਟੀਆਂ ਦੀ ਲੋਹੜੀ, ਬੇਟੀਆਂ ਦੇ ਨਾਲ ਲੋਹੜੀ ਮਨਾਉੁਣ ਦੇ ਵੱਲ ਦਿਸ ਰਿਹਾ ਹੈ। ਜਗ ਬਾਣੀ ਦੀ ਟੀਮ ਨੇ ਜਦੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਉਥੇ ਇਕ ਪਰਿਵਾਰ ਨੂੰ ਆਪਣੀ ਧੀ ਦੀ ਲੋਹੜੀ ਮਨਾਉਂਦੇ ਵੇਖਿਆ ਗਿਆ। ਜਦੋਂ ਬੱਚੀ ਦੇ ਪਿਤਾ ਡਾ. ਰਘੁ ਅਤੇ ਮਾਤਾ ਜੋਤਿਕਾ ਸੁਧੀਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਅਦਵਿਕਾ ਜੋ ਕਿ ਅਜੇ ਢਾਈ ਮਹੀਨੇ ਦੀ ਹੈ, ਉਸ ਦੇ ਜਨਮ 'ਤੇ ਹੀ ਉਨ੍ਹਾਂ ਨੇ ਸੋਚ ਲਿਆ ਸੀ ਕਿ ਉਨ੍ਹਾਂ ਦੀ ਧੀ ਕਿਸੇ ਬੇਟੇ ਤੋਂ ਘੱਟ ਨਹੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਉਸ ਦੇ ਭਵਿੱਖ ਲਈ ਬਹੁਤ ਸਾਰੇ ਅਰਮਾਨ ਸਜਾ ਲਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਜੋ ਵੀ ਬਣਨਾ ਚਾਹੇਗੀ, ਉਹ ਉਸ 'ਚ ਉਸ ਦਾ ਪੂਰਾ ਸਹਿਯੋਗ ਕਰਨਗੇ। ਅਦਵਿਕਾ ਦੇ ਦਾਦੇ ਸ਼ਾਮ ਸੁੰਦਰ, ਦਾਦੀ ਸੁਮਨ ਸ਼ਰਮਾ ਅਤੇ ਪੜਦਾਦੀ ਸ਼ਾਂਤਾ ਰਾਣੀ ਦੀ ਖੁਸ਼ੀ ਵੀ ਵੇਖਦੇ ਹੀ ਬਣਦੀ ਸੀ।
PunjabKesari
ਇਸੇ ਤਰ੍ਹਾਂ ਗੌਰਵ ਗੁਪਤਾ ਅਤੇ ਉਸ ਦੀ ਪਤਨੀ ਸਾਨੀਆ ਗੁਪਤਾ ਵੀ ਆਪਣੀ ਧੀ ਪੀਹੂ ਦੀ ਪਹਿਲੀ ਲੋਹੜੀ ਮਨਾਉਣ ਲਈ ਉਤਸ਼ਾਹਿਤ ਦਿਸੇ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਇਕ ਧੀ ਦੇ ਮਾਤਾ-ਪਿਤਾ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਧੀ, ਬੇਟੇ ਦੇ ਬਰਾਬਰ ਹੁੰਦੀ ਹੈ। ਪੀਹੂ ਦੀ ਪੜਦਾਦੀ ਰਾਜਰਾਨੀ ਗੁਪਤਾ ਨੇ ਦੱਸਿਆ ਕਿ ਪੀਹੂ ਸਾਡੀ ਪੀੜ੍ਹੀ ਦੀ ਪਹਿਲੀ ਪੋਤੀ ਹੈ, ਇਸ ਲਈ ਉਹ ਸਭ ਦੀ ਪਿਆਰੀ ਹੈ । ਖਾਲਜ ਕਾਲਜ ਫਾਰ ਵੂਮੈਨ ਦੇ ਹੋਸਟਲ 'ਚ ਅੱਜ ਪ੍ਰਿੰ. ਡਾ. ਮਨਪ੍ਰੀਤ ਕੌਰ ਨੇ ਆਪਣੇ ਕਾਲਜ ਦੀਆਂ ਵਿਦਿਆਰਥਣਾਂ ਦੇ ਨਾਲ ਇਕ ਖਾਸ ਲੋਹੜੀ ਮਨਾਈ। ਜਿਸ 'ਚ ਲੜਕੀਆਂ ਨੇ ਪੰਜਾਬ ਦਾ ਪ੍ਰਸਿੱਧ ਨਾਚ ਗਿੱਧਾ, ਭੰਗੜਾ ਅਤੇ ਬੋਲੀਆਂ ਆਦਿ ਪੇਸ਼ ਕੀਤੀਆਂ ਅਤੇ ਨਾਲ ਹੀ ਉਨ੍ਹਾਂ ਨੇ ਲੋਹੜੀ ਦਾ ਲੋਕ ਗੀਤ 'ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ' ਗਾ ਕੇ ਲੋਹੜੀ ਦਾ ਤਿਉਹਾਰ ਮਨਾਇਆ। ਪ੍ਰਿੰ. ਡਾ. ਮਨਪ੍ਰੀਤ ਕੌਰ ਨੇ ਜਗ ਬਾਣੀ ਦੀ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਬੇਟੀਆਂ ਦਾ ਵਿਸ਼ੇਸ਼ ਤਿਉਹਾਰ ਹੁੰਦਾ ਹੈ, ਲੋਹੜੀ ਦਾ ਤਿਉਹਾਰ ਮਹਿਲਾ ਪ੍ਰਧਾਨ ਹੈ ਕਿਉਂਕਿ ਜਦੋਂ ਨਵ-ਵਿਆਹੀਆ ਜੋੜੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਤਾਂ ਉਹ ਨੂੰਹ ਦੇ ਘਰ ਵਿਚ ਸਵਾਗਤ ਦੀ ਖੁਸ਼ੀ ਵਿਚ ਮਨਾਈ ਜਾਂਦੀ ਹੈ। ਜਦੋਂ ਬੇਟੇ ਦੀ ਲੋਹੜੀ ਮਨਾਈ ਜਾਂਦੀ ਹੈ ਤਾਂ ਉਹ ਵੀ ਇਕ ਮਾਂ ਦੀ ਖੁਸ਼ੀ ਨੂੰ ਮਨਾਉਣ ਲਈ ਹੀ ਮਨਾਈ ਜਾਂਦੀ ਹੈ ।

PunjabKesari
ਆਰਟ ਗੈਲਰੀ 'ਚ ਵੀ ਬਣਾਇਆ ਗਿਆ ਪੰਜਾਬ ਦਾ ਪ੍ਰਸਿੱਧ ਤਿਉਹਾਰ ਲੋਹੜੀ
ਸਥਾਨਕ ਆਰਟ ਗੈਲਰੀ ਦੇ ਵਿਹੜੇ 'ਚ ਪੰਜਾਬ ਦਾ ਪ੍ਰਸਿੱਧ ਤਿਉਹਾਰ ਪ੍ਰਧਾਨ ਰਜਿੰਦਰ ਮੋਹਨ ਛੀਨਾ ਦੀ ਅਗਵਾਈ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਅਤੇ ਲੋਹੜੀ ਬਾਲ਼ੀ ਗਈ। ਇਸ ਮੌਕੇ 'ਤੇ ਵਿਸ਼ੇਸ਼ ਕਲਚਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜੋ ਕਿ ਸਭ ਦੇ ਦਿਲਾਂ ਵਿਚ ਅਮਿੱਟ ਛਾਪ ਛੱਡ ਗਿਆ। ਆਰਟ ਗੈਲਰੀ ਦੇ ਸਾਰੇ ਮੈਂਬਰਾਂ ਅਤੇ ਆਰਟਿਸਟਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ।

ਲੋਹੜੀ ਦੇ ਮੌਕੇ 'ਤੇ ਸ਼ਹਿਰ ਦੀਆਂ ਸਰਗਰਮੀਆਂ ਦਾ ਦੌਰਾ
ਲੋਹੜੀ ਦੇ ਮੌਕੇ 'ਤੇ ਸ਼ਹਿਰ ਦੇ ਬਾਜ਼ਾਰ ਅਤੇ ਦੁਕਾਨਾਂ 'ਤੇ ਲੋਹੜੀ ਲਈ ਵਿਸ਼ੇਸ਼ ਸਜਾਵਟਾਂ ਆਦਿ ਦੇਖਣ ਨੂੰ ਮਿਲੀਆਂ। ਗੱਲ ਕਰੀਏ ਪੁਰਾਣੇ ਜ਼ਮਾਨੇ ਦੀ ਲੋਹੜੀ ਮਨਾਉਣ ਦੇ ਅੰਦਾਜ਼ ਅਤੇ ਅੱਜ ਦੇ ਅੰਦਾਜ਼ ਵਿਚ ਹਾਲਾਂਕਿ ਕਾਫ਼ੀ ਫਰਕ ਆ ਚੁੱਕਿਆ ਹੈ ਪਰ ਅੱਜ ਵੀ ਜਦੋਂ ਅੰਦਰੂਨੀ ਸ਼ਹਿਰ ਦਾ ਦੌਰਾ ਕੀਤਾ ਤਾਂ ਉਥੇ ਹੀ ਪੁਰਾਣੇ ਢੰਗ ਨਾਲ ਦੁਕਾਨਾਂ 'ਤੇ ਫੁੱਲੇ, ਰਿਊੜੀਆਂ, ਮੂੰਗਫਲੀ, ਗਚਕ ਦੇ ਪੈਕੇਜ ਲੋਕਾਂ ਨੇ ਆਪਣੀਆਂ ਦੁਕਾਨਾਂ 'ਤੇ ਸਜਾਈਆਂ ਹੋਈਆਂ ਸਨ। ਮਠਿਆਈਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰੀ ਖਜੂਰ ਲੋਹੜੀ ਦੀ ਇਕ ਖਾਸ ਮਠਿਆਈ ਹੈ, ਜੋ ਕੇਵਲ ਲੋਹੜੀ ਦੇ ਤਿਉਹਾਰ 'ਤੇ ਹੀ ਖਾਸ ਤੌਰ 'ਤੇ ਬਣਾਈ ਜਾਂਦੀ ਹੈ । ਇਸ ਮੌਕੇ 'ਤੇ ਲੋਹੜੀ ਦੀ ਵਿਸ਼ੇਸ਼ ਮਠਿਆਈ ਖਜੂਰ ਅਤੇ ਪਿੰਨੀਆਂ ਪਤੰਗ ਦੀ ਸ਼ੇਪ 'ਚ ਸਜੀਆਂ ਦੇਖਣ ਨੂੰ ਮਿਲੀਆਂ ।
PunjabKesari
ਨਵੇਂ ਦੌਰ ਦੀ ਨਵੀਂ ਸਜਾਵਟ
ਸ਼ਹਿਰ ਦਾ ਦੌਰਾ ਕਰਨ 'ਤੇ ਵੇਖਿਆ ਗਿਆ ਕਿ ਬਦਲਦੇ ਦੌਰ ਵਿਚ ਜਿਥੇ ਬਹੁਤ ਕੁੱਝ ਬਦਲਿਆ ਹੈ, ਉਥੇ ਹੀ ਲੋਹੜੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਨਵੇਂ ਤਰ੍ਹਾਂ ਦੇ ਟ੍ਰੈਡੀਸ਼ਨਲ ਪੈਕਿੰਗ ਵਿਚ ਦੇਖਣ ਨੂੰ ਮਿਲੀਆਂ ਜਿਵੇਂ ਫੁੱਲੇ, ਰਿਊੜੀਆਂ, ਮੂੰਗਫਲੀ, ਚਿੜਵੜੇ, ਗੁੜ ਦੀਆਂ ਰਿਊੜੀਆਂ ਆਦਿ ਖੂਬਸੂਰਤ ਸਜਾਵਟਾਂ ਵਿਚ ਸਜੀਆਂ ਹੋਈਆਂ ਦਿਖੀਆਂ ।
PunjabKesari
ਲੋਹੜੀ ਤਿਉਹਾਰ 'ਤੇ ਪਤੰਗਬਾਜ਼ੀ ਹੁੰਦਾ ਹੈ ਲੜਕਿਆਂ ਦਾ ਖਾਸ ਸ਼ੌਕ
ਗੱਲ ਕਰੀਏ ਤਾਂ ਸ਼ਹਿਰ ਦਾ ਇੱਕ ਖਾਸ ਬਾਜ਼ਾਰ ਪਤੰਗਾਂ ਦੇ ਨਾਲ ਸਜਿਆ ਮਿਲਿਆ। ਜਿਸ ਵਿਚ ਖੂਬਸੂਰਤ, ਰੰਗ ਬਿਰੰਗੀਆਂ ਪਤੰਗਾਂ ਦੇਖਣ ਨੂੰ ਮਿਲੀਆਂ। ਜਿਸ ਵਿਚ ਕਈ ਤਰ੍ਹਾਂ ਦੀਆਂ ਪਤੰਗਾਂ ਧਰਤੀ, ਦਿਲ ਵਾਲੀ, ਝੰਡੇ ਵਾਲੀ ਪਤੰਗ, ਅੱਖਾਂ ਵਾਲੀ ਪਤੰਗਾਂ, ਤਿਰੰਗੇ ਵਾਲੀਆਂ ਪਤੰਗਾਂ ਆਦਿ ਬਾਜ਼ਾਰ ਵਿਚ ਖਾਸ ਕਰਕੇ ਵੇਖੀਆਂ ਗਈਆਂ। ਲੋਹੜੀ ਦੇ ਤਿਉਹਾਰ 'ਤੇ ਲੜਕਿਆਂ ਦਾ ਖਾਸ ਸ਼ੌਕ ਹੁੰਦਾ ਹੈ, ਜਿਥੇ ਲੜਕੇ ਲੋਹੜੀ ਦੇ ਇਕ ਦਿਨ ਪਹਿਲਾਂ ਹੀ ਆਪਣੇ ਪਤੰਗਬਾਜ਼ੀ ਅਤੇ ਪਤੰਗਾਂ, ਡੋਰ ਦਾ ਪੂਰਾ ਪ੍ਰਬੰਧ ਕਰ ਲੈਂਦੇ ਹਨ। ਲੋਹੜੀ ਦਾ ਪੂਰਾ ਦਿਨ ਪਤੰਗਬਾਜ਼ੀ ਕਰਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ।

PunjabKesari


Baljeet Kaur

Content Editor

Related News