ਐਕਸਾਈਜ਼ ਵਿਭਾਗ ਨੇ ਬਰਾਮਦ ਕੀਤੀ 210 ਪੇਟੀਆਂ ਸ਼ਰਾਬ

Saturday, Jul 13, 2019 - 04:36 PM (IST)

ਐਕਸਾਈਜ਼ ਵਿਭਾਗ ਨੇ ਬਰਾਮਦ ਕੀਤੀ 210 ਪੇਟੀਆਂ ਸ਼ਰਾਬ

ਅੰਮ੍ਰਿਤਸਰ (ਇੰਦਰਜੀਤ, ਸੁਮਿਤ ਖੰਨਾ) : ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਐਕਸਾਈਜ਼ ਵਿੰਗ ਨੇ ਅੱਜ ਚੰਡੀਗੜ੍ਹ, ਹਰਿਆਣਾ ਤੋਂ ਆਈ 210 ਪੇਟੀਆਂ ਸ਼ਰਾਬ ਬਰਾਮਦ ਕੀਤੀ, ਜਿਸ ਨੂੰ ਐਕਸਾਈਜ਼ ਵਿਭਾਗ ਨੇ ਜ਼ਬਤ ਕਰ ਲਿਆ ਹੈ ਅਤੇ ਇਸ ਮਾਮਲੇ 'ਚ ਪੁਲਸ ਨੂੰ ਐੱਫ. ਆਈ. ਆਰ. ਦਰਜ ਦੇ ਨਿਰਦੇਸ਼ ਦਿੱਤੇ ਹਨ।

ਜਾਣਕਾਰੀ ਮੁਤਾਬਿਕ ਜ਼ਿਲਾ ਆਬਕਾਰੀ ਅਧਿਕਾਰੀ ਮੇਜਰ ਸੁਖਜੀਤ ਸਿੰਘ ਚਾਹਲ ਅਤੇ ਸਹਾਇਕ ਕਮਿਸ਼ਨਰ ਮੈਡਮ ਅਮਨਦੀਪ ਕੌਰ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਗ਼ੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਦੇ ਹਨ ਅਤੇ ਇਨ੍ਹਾਂ ਦਾ ਮਾਲ ਚੰਡੀਗੜ੍ਹ ਅਤੇ ਹਰਿਆਣਾ ਤੋਂ ਆਉਂਦਾ ਹੈ। ਸੂਚਨਾ 'ਤੇ ਕਾਰਵਾਈ ਕਰਦਿਆਂ 2 ਟੀਮਾਂ ਗਠਿਤ ਕੀਤੀਆਂ ਗਈਆਂ, ਜਿਨ੍ਹਾਂ 'ਚ ਸਰਵਣ ਸਿੰਘ ਢਿੱਲੋਂ, ਸੁਰਜੀਤ ਸਿੰਘ, ਜਸਪਿੰਦਰ ਸਿੰਘ ਸ਼ਿੰਗਾਰੀ, ਗੁਰਦੀਪ ਸਿੰਘ ਤੇ ਪੁਖਰਾਜ ਸਿੰਘ ਦੇ ਨਾਲ ਵੱਡੀ ਗਿਣਤੀ 'ਚ ਪੁਲਸ ਦੇ ਨੌਜਵਾਨ ਸਨ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਬਾਉਲੀ ਖੇਤਰ ਨੂੰ ਘੇਰ ਲਿਆ। ਗੁਪਤ ਸੂਚਨਾ ਦੇ ਆਧਾਰ 'ਤੇ ਇਸ ਖੇਤਰ 'ਚ ਇਕਾਂਤ ਸਥਾਨ 'ਤੇ ਗੋਦਾਮ ਸੀ, ਜਿਸ ਵਿਚ ਸ਼ਰਾਬ ਦੱਸੀ ਜਾ ਰਹੀ ਸੀ। ਐਕਸਾਈਜ਼ ਟੀਮਾਂ ਨੇ ਛਾਪੇਮਾਰੀ ਕਰ ਕੇ ਉਥੋਂ 210 ਪੇਟੀਆਂ ਗ਼ੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ।

ਇਸ ਸਬੰਧੀ ਜ਼ਿਲਾ ਆਬਕਾਰੀ ਅਧਿਕਾਰੀ ਮੇਜਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਸ ਸ਼ਰਾਬ ਦੀ ਸੈਂਪਲਿੰਗ ਕਰਵਾਈ ਜਾਵੇਗੀ ਕਿ ਕਿਤੇ ਇਹ ਮਾਲ ਨਕਲੀ ਤਾਂ ਨਹੀਂ। ਫਿਲਹਾਲ ਮਾਲ ਸਮੱਗਲਿੰਗ ਦਾ ਤਾਂ ਮੰਨਿਆ ਹੀ ਜਾ ਰਿਹਾ ਹੈ। ਬਰਾਮਦ ਕੀਤੀ ਗਈ ਸ਼ਰਾਬ ਚੰਡੀਗੜ੍ਹ, ਹਰਿਆਣਾ ਖੇਤਰ ਤੋਂ ਆਈ ਹੈ। ਜ਼ਿਕਰਯੋਗ ਹੈ ਕਿ ਜ਼ਿਲਾ ਆਬਕਾਰੀ ਅਧਿਕਾਰੀ ਮੇਜਰ ਚਾਹਲ ਨੇ ਹੀ 4 ਦਿਨ ਪਹਿਲਾਂ 20 ਲੱਖ ਮਿ. ਲਿ. ਗ਼ੈਰ-ਕਾਨੂੰਨੀ ਸ਼ਰਾਬ ਦਾ ਜ਼ਖੀਰਾ ਫੜਿਆ ਸੀ।


author

Baljeet Kaur

Content Editor

Related News