ਜ਼ੰਜੀਰਾਂ ''ਚ ਜਕੜੀ ਕੁੜੀ ਨਸ਼ੇ ਦੇ ਸੌਦਾਗਰ ਨਾਲ ਫੁਰਰ..!

09/16/2019 10:31:10 AM

ਅੰਮ੍ਰਿਤਸਰ (ਸਫਰ) : ਜ਼ੰਜੀਰਾਂ 'ਚ ਜਕੜੀ ਕੁੜੀ ਨਸ਼ੇ ਦੇ ਸੌਦਾਗਰ ਨਾਲ ਬੀਤੀ ਰਾਤ ਫਰਾਰ ਹੋ ਗਈ। ਮਾਂ ਨੇ ਥਾਣਾ ਰਣਜੀਤ ਐਵੀਨਿਊ 'ਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਧੀ ਨੂੰ ਨਸ਼ਾ ਵੇਚਣ ਵਾਲਾ ਨੌਜਵਾਨ ਭਜਾ ਕੇ ਲੈ ਗਿਆ ਹੈ। ਉਹ ਬੱਚੇ ਦੇ ਜ਼ਰੀਏ ਨਸ਼ੇ ਦੀਆਂ ਪੁੜੀਆਂ ਭੇਜਦਾ ਸੀ ਤੇ ਉਸ ਦੀ ਧੀ ਨੂੰ ਆਪਣੇ ਜਾਲ 'ਚ ਫਸਾ ਕੇ ਸ਼ਹਿਰ ਦੇ ਕਾਲਜ ਦੀਆਂ ਲੜਕੀਆਂ ਨੂੰ 'ਚਿੱਟਾ' ਵੇਚਦਾ ਸੀ। ਇਸੇ ਲਈ ਅਸੀਂ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਰੱਖਿਆ ਸੀ। ਮੁਲਜ਼ਮ ਮੌਕਾ ਮਿਲਦੇ ਹੀ ਉਨ੍ਹਾਂ ਦੀ ਧੀ ਨੂੰ ਭਜਾ ਕੇ ਲੈ ਗਿਆ। ਉਸ ਦੀ ਧੀ ਨੂੰ ਵੀ ਨਸ਼ਾ ਕਰਨ ਤੇ ਵੇਚਣ ਵਾਲਿਆਂ ਦਾ ਸਾਥ ਦੇਣ ਦੇ ਦੋਸ਼ 'ਚ ਜੇਲ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ। ਅਜਿਹੀ ਸ਼ਿਕਾਇਤ ਪੁਲਸ ਨੂੰ ਦਿੰਦੇ ਰੋਂਦਿਆਂ ਮਾਂ ਕਹਿੰਦੀ ਹੈ ਕਿ ਸੱਤਿਆਨਾਸ ਹੋਵੇ ਨਸ਼ਾ ਵੇਚਣ ਵਾਲਿਆਂ ਦਾ, ਮੇਰਾ ਘਰ ਹੀ ਨਸ਼ੇ ਨੇ ਤਬਾਹ ਕਰ ਦਿੱਤਾ। ਮੇਰੀ ਫੁੱਲ ਵਰਗੀ ਧੀ ਨੂੰ ਨਸ਼ੇ ਨੇ ਬਰਬਾਦ ਕਰ ਦਿੱਤਾ। ਰੱਬ ਨੂੰ ਕਹਿੰਦੀ ਹੈ ਕਿ ਵਾਹਿਗੁਰੂ ਨਸ਼ਾ ਵੇਚਣ ਵਾਲਿਆਂ ਦਾ ਖ਼ਾਨਦਾਨ ਨਾ ਚੱਲਣ ਦੇਵੀਂ।

ਮੁਟਿਆਰ ਘਰੋਂ ਭੱਜੀ ਜਾਂ ਨਸ਼ੇ ਦੇ ਸੌਦਾਗਰਾਂ ਨੇ ਰਸਤੇ 'ਚੋਂ ਹਟਾਇਆ ਕੰਡਾ?
ਇਹ ਅਜਿਹੀ ਮੁਟਿਆਰ ਦੀ ਕਹਾਣੀ ਹੈ, ਜਿਸ ਨੇ ਆਪਣੀ ਜ਼ਿੰਦਗੀ ਨੂੰ ਨਸ਼ੇ ਕਾਰਨ ਦਾਅ 'ਤੇ ਹੀ ਨਹੀਂ ਲਾਇਆ, ਸਗੋਂ ਪੂਰਾ ਘਰ ਬਰਬਾਦ ਕਰ ਦਿੱਤਾ। ਚੰਡੀਗੜ੍ਹ ਵਿਚ ਬਿਊਟੀਸ਼ੀਅਨ ਦਾ ਕੰਮ ਕਰਦਿਆਂ ਪਿਆਰ ਹੋਇਆ ਅਤੇ ਫਿਰ ਵਿਆਹ। ਪਤੀ ਨੇ ਨਸ਼ੇ ਦਾ ਆਦੀ ਬਣਾ ਦਿੱਤਾ ਅਤੇ ਬਾਅਦ ਵਿਚ ਤਲਾਕ ਦੇ ਦਿੱਤਾ। ਵਿਧਵਾ ਮਾਂ ਨੇ ਸਹਾਰਾ ਦਿੱਤਾ ਤਾਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਸਥਿਤ ਲਾਲ ਕੁਆਰਟਰ 'ਚ ਆ ਕੇ ਰਹਿਣ ਲੱਗੀ। ਰੋਜ਼ੀ-ਰੋਟੀ ਲਈ ਪਾਰਲਰ ਦਾ ਕੰਮ ਕਰਦੀ ਪਰ ਨਸ਼ੇ ਵਿਚ ਪੈਸਾ ਉਜੜ ਜਾਂਦਾ। ਮਾਂ ਨੂੰ ਪਤਾ ਲੱਗਾ ਤਾਂ ਨਸ਼ਾ ਛੁਡਾਊ ਕੇਂਦਰ ਕਈ ਵਾਰ ਲੈ ਕੇ ਗਈ। ਇਲਾਜ ਵੀ ਹੋਇਆ ਪਰ ਬਾਅਦ ਵਿਚ ਫਿਰ ਨਸ਼ਾ ਕਰਨ ਲੱਗੀ। ਹਾਲਤ ਇਥੋਂ ਤੱਕ ਹੋ ਗਈ ਕਿ ਨਸ਼ੇ ਕਾਰਨ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ ਗਿਆ।

ਜ਼ੰਜੀਰਾਂ 'ਚ ਬੱਝੀ ਕੁੜੀ ਦੀ ਇਹ ਖਬਰ ਸੋਸ਼ਲ ਮੀਡੀਆ ਅਤੇ ਖਬਰਾਂ ਦੀਆਂ ਸੁਰਖੀਆਂ ਬਣੀ ਤਾਂ ਗੱਲ ਅੰਮ੍ਰਿਤਸਰ ਤੋਂ ਹੁੰਦੇ ਹੋਏ ਚੰਡੀਗੜ੍ਹ ਜਾ ਪਹੁੰਚੀ। ਸੰਸਦ ਮੈਂਬਰ ਘਰ ਪੁੱਜੇ ਤਾਂ ਪੁਲਸ ਦੇ ਉੱਚ ਅਧਿਕਾਰੀ ਅਤੇ ਜ਼ਿਲਾ ਪ੍ਰਸ਼ਾਸਨ ਵੀ ਲੜਕੀ ਦੇ ਘਰ ਪਹੁੰਚੇ। ਪੰਜਾਬ ਸਰਕਾਰ ਨੇ ਘਰ 'ਚ ਹੀ ਡਾਕਟਰਾਂ ਨੂੰ ਇਲਾਜ ਕਰਨ ਦੀ ਹਦਾਇਤ ਦੇ ਦਿੱਤੀ। ਸਵਾਲ ਲੜਕੀ ਦੀ ਜ਼ਿੰਦਗੀ ਦਾ ਸੀ ਪਰ ਇਹ ਕੀ ਜ਼ੰਜੀਰਾਂ ਵਿਚ ਜਕੜੀ ਮੁਟਿਆਰ ਤਾਂ ਨਸ਼ੇ ਦੇ ਸੌਦਾਗਰ ਪਿੱਛੇ ਪ੍ਰੇਮ ਕਹਾਣੀ ਹੈ ਜਾਂ ਫਿਰ ਨਸ਼ੇ ਦੇ ਸੌਦਾਗਰਾਂ ਨੇ ਉਸ ਨੂੰ ਟਿਕਾਣੇ ਲਾਉਣ ਲਈ ਅਜਿਹਾ ਕੀਤਾ ਹੈ, ਇਹ ਜਾਂਚ ਦਾ ਵਿਸ਼ਾ ਹੈ। ਪਰਿਵਾਰ ਵਾਲੇ ਕਹਿੰਦੇ ਹਨ ਕਿ ਨਸ਼ੇ ਤੋਂ ਬਚਾਉਣ ਲਈ ਉਸ ਨੂੰ ਬੰਨ੍ਹਿਆ ਸੀ ਪਰ ਨਸ਼ਾ ਦੇਣ ਵਾਲਿਆਂ ਦੇ ਰਾਜ਼ ਨਾ ਖੁੱਲ੍ਹਣ, ਜਿਸ 'ਤੇ ਉਸ ਨੂੰ ਘਰੋਂ ਭਜਾ ਕੇ ਲਿਜਾਇਆ ਗਿਆ ਹੈ।

'ਚਿੱਟੇ' ਨੇ ਲੜਕੀ ਦੀ ਜ਼ਿੰਦਗੀ ਲਾ ਦਿੱਤੀ ਦਾਅ 'ਤੇ
'ਚਿੱਟੇ' ਨੇ ਮੁਟਿਆਰ ਦੀ ਜ਼ਿੰਦਗੀ ਦਾਅ 'ਤੇ ਲਾ ਦਿੱਤੀ ਹੈ। ਪਤੀ ਨੇ ਉਸ ਨੂੰ 'ਨਸ਼ਾ ਗਿਫਟ' ਕਰ ਕੇ ਜ਼ਿੰਦਗੀ ਤੋਂ ਕਿਨਾਰਾ ਕਰ ਲਿਆ। ਮਾਂ ਧੀ ਦੀ ਜ਼ਿੰਦਗੀ ਬਚਾਉਣ ਲਈ ਉਸ ਨੂੰ ਅੰਮ੍ਰਿਤਸਰ ਲੈ ਆਈ। ਜਿਸ ਮੁਹੱਲੇ ਵਿਚ ਰਹਿੰਦੀਆਂ ਹਨ, ਉਹ ਤਾਂ ਨਸ਼ੇ ਦਾ ਪਹਿਲਾਂ ਹੀ ਗੜ੍ਹ ਸੀ। ਧੀ ਦਾ ਨਸ਼ਾ ਛੁਡਾਉਣ ਦੇ ਚੱਕਰ ਵਿਚ ਨਸ਼ੇ ਦੀ ਉਲਟਾ ਆਦੀ ਬਣ ਗਈ। ਉਪਰ ਵਾਲੇ ਨੇ ਸੁੰਦਰਤਾ ਦਿਲ ਖੋਲ੍ਹ ਕੇ ਦਿੱਤੀ ਸੀ। ਅਜਿਹੇ 'ਚ ਇਲਾਕੇ ਵਿਚ 22-23 ਸਾਲ ਦੇ ਨਸ਼ੇ ਦੇ ਸੌਦਾਗਰ ਨੇ ਹੁਣ ਉਸ ਨੂੰ ਨਸ਼ਾ ਪਹੁੰਚਾਉਣ ਦੀ ਆੜ 'ਚ ਪ੍ਰੇਮਜਾਲ ਵਿਚ ਫਸਾਇਆ ਅਤੇ ਲੈ ਗਿਆ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮੁਲਜ਼ਮ ਨੌਜਵਾਨ ਨਸ਼ਾ ਵੇਚਦਾ ਤੇ ਵਿਕਾਉਂਦਾ ਹੈ।

ਸ਼ਿਕਾਇਤ ਮਿਲੀ ਹੈ, ਸਵੇਰੇ ਕਰਾਂਗੇ ਜਾਂਚ : ਡਿਊਟੀ ਅਫਸਰ
ਥਾਣਾ ਰਣਜੀਤ ਐਵੀਨਿਊ ਦੇ ਏ. ਐੱਸ. ਆਈ. ਮਨੋਜ ਕੁਮਾਰ ਨੇ ਕਿਹਾ ਕਿ ਬੀਤੀ ਰਾਤ ਬਤੌਰ ਡਿਊਟੀ ਅਫਸਰ ਮੇਰੇ ਕੋਲ ਸ਼ਿਕਾਇਤ ਆਈ ਹੈ, ਸਵੇਰੇ ਮਹਿਲਾ ਏ. ਐੱਸ. ਆਈ. ਨੂੰ ਜਾਂਚ ਸੌਂਪ ਦਿੱਤੀ ਜਾਵੇਗੀ।


Baljeet Kaur

Content Editor

Related News