GD ਫੂਡ ਨੇ ਮਾਝੇ ''ਚ ਪਸਾਰੇ ਪੈਰ, ਵੱਡੀ ਪੱਧਰ ''ਤੇ ਕਿਸਾਨਾਂ ਨੂੰ ਆਪਣੇ ਵੱਲ ਖਿੱਚਿਆ

06/01/2019 12:34:15 PM

ਅੰਮ੍ਰਿਤਸਰ : ਫੂਡ ਪ੍ਰੋਸੈਸਿੰਗ ਸਬੰਧੀ ਕੰਪਨੀ ਜੀਡੀ ਫੂਡਜ਼ ਐੱਫਐੱਮਜੀ ਇੰਡੀਆ ਵੱਲੋਂ ਮਾਝੇ 'ਚ ਵੱਡੇ ਪੱਧਰ 'ਤੇ ਪੈਰ ਪਸਾਰੇ ਹਨ ਤੇ ਵੱਡੀ ਪੱਧਰ 'ਤੇ ਕਿਸਾਨਾਂ ਨੂੰ ਅਪਣੇ ਵੱਲ ਖਿੱਚਿਆ ਹੈ। ਇਸ ਕੰਪਨੀ ਵਲੋਂ ਮਾਝਾ ਖੇਤਰ ਵਿਚ ਕਿਸਾਨਾਂ ਨਾਲ ਸਾਂਝੇਦਾਰੀ ਹੇਠ ਪੰਜ ਹਜ਼ਾਰ ਏਕੜ ਜ਼ਮੀਨ ਵਿਚ ਆਪਣੇ ਬੂਟੇ ਦੇ ਕੇ ਟਮਾਟਰ, ਹਰੀ ਮਿਰਚ, ਨਿੰਬੂ, ਲਾਲ ਮਿਰਚ, ਸਰ੍ਹੋਂ ਤੇ ਸੇਬ ਦੀ ਖੇਤੀ ਕਰਾਈ ਜਾਵੇਗੀ। 'ਟਾਪਸ' ਨਾਂ ਹੇਠ ਦੇਸ਼ ਭਰ ਵਿਚ ਅਤੇ ਕਈ ਹੋਰ ਮੁਲਕਾਂ ਵਿਚ ਚਟਣੀਆਂ, ਮਸਾਲੇ, ਆਚਾਰ ਤੇ ਹੋਰ ਵਸਤਾਂ ਵੇਚ ਰਹੀ ਜੀਡੀ ਫੂਡਜ਼ ਵਲੋਂ ਇਥੇ ਖਡੂਰ ਸਾਹਿਬ ਨੇੜੇ ਪੰਜ ਸਾਲ ਪਹਿਲਾਂ ਆਪਣਾ ਪ੍ਰੋਸੈਸਿੰਗ ਯੂਨਿਟ ਸਥਾਪਤ ਕੀਤਾ ਗਿਆ ਸੀ। 

ਇਹ ਕੰਪਨੀ ਇਸ ਵੇਲੇ ਦੇਸ਼ ਵਿਚ ਸੱਤ ਉਤਪਾਦਨ ਯੂਨਿਟ ਚਲਾ ਰਹੀ ਹੈ। ਕੰਪਨੀ ਦੇ ਮੀਤ ਚੇਅਰਮੈਨ ਨਿਤਿਨ ਸੇਠ ਨੇ ਦੱਸਿਆ ਕਿ ਲਗਪਗ 34 ਸਾਲ ਪਹਿਲਾਂ ਕੰਪਨੀ ਨੇ ਪ੍ਰੋਸੈਸਿੰਗ ਯੂਨਿਟ ਲਾਇਆ ਸੀ। ਉਨ੍ਹਾਂ ਦੱਸਿਆ ਕਿ ਖਡੂਰ ਸਾਹਿਬ ਵਿਚ ਸਿਰਫ ਟਮਾਟਰ ਤੇ ਹਰੀ ਮਿਰਚ ਦੀ ਚਟਣੀ ਤਿਆਰ ਕੀਤੀ ਜਾ ਰਹੀ ਹੈ, ਜਦਕਿ ਅਦਰਕ ਤੇ ਲਸਣ ਦਾ ਪੇਸਟ ਵੀ ਹੁਣ ਇਥੇ ਤਿਆਰ ਕਰਨਾ ਸ਼ੁਰੂ ਕੀਤਾ ਹੈ। ਕੰਪਨੀ ਭਵਿੱਖ ਵਿਚ ਇਥੇ ਫਲਾਂ ਦਾ ਜੈਮ ਵੀ ਤਿਆਰ ਕਰਨ ਦੀ ਇਛੁੱਕ ਹੈ। ਕੰਪਨੀ ਨੇ ਦੋ ਏਕੜ ਜ਼ਮੀਨ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਤਿੰਨ ਏਕੜ ਹੋਰ ਜ਼ਮੀਨ ਵਿਚ ਯੂਨਿਟ ਦਾ ਵਿਸਥਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਕਿਸਾਨਾਂ ਦੀ ਸਾਂਝੇਦਾਰੀ ਨਾਲ ਪੰਜ ਹਜ਼ਾਰ ਏਕੜ ਰਕਬੇ ਵਿਚ ਕੰਪਨੀ ਨੇ ਠੇਕਾ ਆਧਾਰਿਤ ਖੇਤੀ ਸ਼ੁਰੂ ਕੀਤੀ ਹੈ। ਹੁਣ ਸੇਬ ਦੀ ਵੀ ਕਾਸ਼ਤ ਸ਼ੁਰੂ ਕਰਾਈ ਗਈ ਹੈ। 

ਕੰਪਨੀ ਵਲੋਂ ਜਿਨ੍ਹਾਂ ਕਿਸਾਨਾਂ ਨਾਲ ਸਮਝੌਤਾ ਕੀਤਾ ਗਿਆ ਹੈ, ਉਨ੍ਹਾਂ ਦੀ ਸਾਰੀ ਫ਼ਸਲ ਵੀ ਉਚਿਤ ਭਾਅ 'ਤੇ ਖਰੀਦਣ ਦਾ ਵਾਅਦਾ ਕੀਤਾ ਗਿਆ ਹੈ। ਫਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰਕੇ ਵੱਖ ਵੱਖ ਵਸਤਾਂ ਤਿਆਰ ਕਰਕੇ ਦੇਸ਼ ਦੇ ਵੱਖ ਵੱਖ ਬਾਜ਼ਾਰਾਂ ਤੇ ਕਈ ਹੋਰ ਮੁਲਕਾਂ ਵਿਚ ਭੇਜ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਇਹ ਕੰਪਨੀ ਦਾ ਪਹਿਲਾ ਯੂਨਿਟ ਹੈ ਤੇ ਇਸ ਇਕਾਈ ਨਾਲ ਲਗਪਗ 2500 ਕਿਸਾਨ ਤੇ ਉਨ੍ਹਾਂ ਦੇ ਪਰਿਵਾਰ ਜੁੜ ਗਏ ਹਨ। ਸ੍ਰੀ ਸੇਠ ਨੇ ਦੱਸਿਆ ਕਿ ਭਾਰਤ ਵਿਚ ਸਿਰਫ ਅੱਠ ਫੀਸਦ ਪ੍ਰੋਸੈਸਿੰਗ ਹੋ ਰਹੀ ਹੈ, ਜਦਕਿ ਹੋਰ ਮੁਲਕਾਂ ਵਿਚ ਫਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ 70 ਤੋਂ 80 ਫੀਸਦ ਤਕ ਹੋ ਰਹੀ ਹੈ। ਇਸ ਲਈ ਭਾਰਤ ਵਿਚ ਇਸ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਮੌਕੇ ਹਨ ਅਤੇ ਇਸ ਤਹਿਤ ਰੁਜ਼ਗਾਰ ਦੇ ਵੀ ਵੱਡੇ ਮੌਕੇ ਪੈਦਾ ਹੋਣਗੇ।ਇਥੇ ਦੱਸਣਯੋਗ ਹੈ ਕਿ ਇਸ ਕੰਪਨੀ ਵਲੋਂ ਪੰਜ ਸਾਲ ਪਹਿਲਾਂ ਜਦੋਂ ਇਹ ਯੂਨਿਟ ਸਥਾਪਤ ਕੀਤਾ ਸੀ ਤਾਂ ਉਸ ਵੇਲੇ ਵੀ ਮੋਦੀ ਸਰਕਾਰ ਸਥਾਪਤ ਹੋਈ ਸੀ ਅਤੇ ਹੁਣ ਵੀ ਮੋਦੀ ਸਰਕਾਰ ਦੇ ਸਹੁੰ ਚੁਕ ਸਮਾਗਮ ਸਮੇਂ ਹੀ ਯੂਨਿਟ ਦੇ ਵਿਸਥਾਰ ਦਾ ਐਲਾਨ ਕੀਤਾ ਗਿਆ ਹੈ।


Baljeet Kaur

Content Editor

Related News