ਅੰਮ੍ਰਿਤਸਰ : 8.50 ਲੱਖ ਦੀ ਇੰਗਲੈਂਡ ਦੀ ਕਰੰਸੀ ਸਮੇਤ ਇਕ ਵਿਅਕਤੀ ਗ੍ਰਿਫਤਾਰ
Friday, Sep 06, 2019 - 06:09 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਕਸਟਮ ਵਿਭਾਗ ਨੇ ਰਾਜਾਸਾਂਸੀ ਹਵਾਈ ਅੱਡੇ ਤੋਂ ਇਕ ਵਿਅਕਤੀ ਨੂੰ ਸਾਢੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਸਾਰੀ ਨਕਦੀ ਬੈਗ ਦੇ ਅੰਦਰ ਇਕ ਪਰਤ ਬਣਾ ਕੇ ਲੁਕਾਈ ਹੋਈ ਸੀ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ ਦਾ ਇਕ ਵਿਅਕਤੀ ਇੰਗਲੈਂਡ ਦੀ ਕਰੰਸੀ ਲੈ ਕੇ ਦੁਬਈ ਜਾ ਰਿਹਾ ਹੈ, ਸ਼ੱਕ ਜਤਾਇਆ ਜਾ ਰਿਹਾ ਹੈ ਉਸਨੇ ਇਸ ਨਕਦੀ ਨਾਲ ਦੁਬਈ ਤੋਂ ਸੋਨਾ ਸਮੱਗਲ ਕਰਨਾ ਸੀ। ਕਿਉਂਕਿ ਉਹ ਇਸ ਕਰੰਸੀ ਬਾਰੇ ਨਾ ਤਾਂ ਕੋਈ ਕਾਗਜ਼ਾਤ ਵਿਖਾ ਸਕਿਆ ਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਦੇ ਸਕਿਆ। ਫਿਲਹਾਲ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਵਿਅਕਤੀ ਨੇ ਇਹ ਕਰੰਸੀ ਕਿਥੋਂ ਲਈ ਸੀ ਤੇ ਇਹ ਕਿਸ ਮਕਸਦ ਨਾਲ ਦੁਬਈ ਲੈ ਕੇ ਜਾ ਰਿਹਾ ਸੀ।