ਇੰਗਲੈਂਡ ’ਚ ਜਿੱਤ ਦੇ ਝੰਡੇ ਗੱਡਣ ਵਾਲੇ ਵਿਕਲਾਂਗ ਖਿਡਾਰੀ ਨੂੰ ਪੰਜਾਬ ਸਰਕਾਰ ਨੇ ਵਿਸਾਰਿਆ
Friday, Aug 30, 2019 - 10:26 AM (IST)
ਅੰਮ੍ਰਿਤਸਰ (ਛੀਨਾ) - ਇੰਗਲੈਂਡ ’ਚ ਹੋਈ ਵਿਕਲਾਂਗ ਟੀ-20 ਵਿਸ਼ਵ ਸੀਰੀਜ਼ ਦੌਰਾਨ ਫਾਈਨਲ ਮੈਚ ’ਚ ਇੰਗਲੈਂਡ ਦੀ ਟੀਮ ਨੂੰ ਹਰਾ ਕੇ ਜਿੱਤ ਦੇ ਝੰਡੇ ਗੱਡਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਹੋਣਹਾਰ ਵਿਕਲਾਂਗ ਖਿਡਾਰੀ ਗੁਰਜੰਟ ਸਿੰਘ ਨੂੰ ਅੱਜ ਯੂਥ ਅਕਾਲੀ ਦਲ ਬਾਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਕਾਹਲੋਂ ਨੇ ਕਿਹਾ ਕਿ ਇੰਗਲੈਂਡ ’ਚ ਵਿਕਲਾਂਗ ਟੀ-20 ਵਿਸ਼ਵ ਸੀਰੀਜ਼ ਜਿੱਤਣ ਵਾਲੀ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸਬੰਧਤ ਰਾਜ ਸਰਕਾਰਾਂ ਵੱਲੋਂ ਇਨਾਮ ਵਜੋਂ ਲੱਖਾਂ ਰੁਪਏ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਸੂਬਾ ਸਰਕਾਰ ਨੇ ਭਾਰਤ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਗੁਰਜੰਟ ਸਿੰਘ ਨੂੰ ਵਿਸਾਰਿਆ ਹੋਇਆ ਹੈ। ਇਸ ਨੂੰ ਸਰਕਾਰ ਵਲੋਂ ਹੁਣ ਤੱਕ ਇਨਾਮ ਤੇ ਬਣਦਾ ਸਨਮਾਨ ਵੀ ਨਹੀਂ ਦਿੱਤਾ ਗਿਆ।
ਕਾਹਲੋਂ ਨੇ ਕਿਹਾ ਕਿ ਜ਼ਿਲਾ ਤਰਨਤਾਰਨ ’ਚ ਪਿੰਡ ਕੰਗ ਦੇ ਇਸ ਹੋਣਹਾਰ ਖਿਡਾਰੀ ’ਤੇ ਪੰਜਾਬ ਸਰਕਾਰ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ, ਜਿਸ ਨੇ ਵਿਕਲਾਂਗ ਹੁੰਦੇ ਹੋਏ ਵੀ ਵਿਦੇਸ਼ ਦੀ ਧਰਤੀ ’ਤੇ ਬੁਲੰਦ ਹੋਂਸਲੇ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਅਤੇ ਬਾਕੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ। ਉਨ੍ਹਾਂ ਕਿਹਾ ਕਿ ਜਿਥੇ ਬਾਕੀ ਕ੍ਰਿਕਟ ਖਿਡਾਰੀਆਂ ਨੂੰ ਮੈਚ ਜਿੱਤਣ ’ਤੇ ਕਰੋਡ਼ਾਂ ਰੁਪਏ ਇਨਾਮ ਤੇ ਉੱਚ ਅਹੁਦੇ ਦੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ। ਗੁਰਜੰਟ ਸਿੰਘ ਜਿਹੇ ਵਿਕਲਾਂਗ ਖਿਡਾਰੀ ਦੀ ਵੀ ਸਰਕਾਰ ਨੂੰ ਬਾਂਹ ਫਡ਼ਨੀ ਚਾਹੀਦੀ ਹੈ। ਸ. ਕਾਹਲੋਂ ਨੇ ਅਖੀਰ ’ਚ ਆਖਿਆ ਕਿ ਖਿਡਾਰੀ ਗੁਰਜੰਟ ਸਿੰਘ ਨੂੰ ਪੰਜਾਬ ਸਰਕਾਰ ਜਲਦ ਨਕਦ ਇਨਾਮ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰੇ।