ਸਿੱਖਿਆ ਵਿਭਾਗ ਵੱਲੋਂ ਪੜ੍ਹਾਈ ਨਾ ਕਰਨ ਵਾਲੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਫੈਸਲਾ

Thursday, Nov 29, 2018 - 03:42 PM (IST)

ਸਿੱਖਿਆ ਵਿਭਾਗ ਵੱਲੋਂ ਪੜ੍ਹਾਈ ਨਾ ਕਰਨ ਵਾਲੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਫੈਸਲਾ

ਅੰਮ੍ਰਿਤਸਰ (ਦਲਜੀਤ) : ਪੰਜਾਬ 'ਚ ਹੁਣ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹੇਗਾ। ਸਿੱਖਿਆ ਵਿਭਾਗ ਵੱਲੋਂ ਸਿੱਖਿਆ ਹਾਸਲ ਨਾ ਕਰਨ ਵਾਲੇ ਤੇ ਅੱਧ-ਵਿਚਾਲੇ ਪਛੱਡਣ ਵਾਲੇ 6 ਤੋਂ 14 ਸਾਲ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਫੈਸਲਾ ਲਿਆ ਗਿਆ ਹੈ। ਵਿਭਾਗ ਨੇ ਇਸ ਸਬੰਧੀ 14 ਦਸੰਬਰ ਤੱਕ ਇਕ ਵਿਸ਼ੇਸ਼ ਸਰਵੇਖਣ ਕਰਵਾ ਕੇ ਸੂਬੇ ਦੇ ਜ਼ਿਲਾ ਸਿੱਖਿਆ ਅਫਸਰਾਂ ਨੂੰ ਰਿਪੋਰਟ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਸਰਵੇਖਣ ਪੂਰਾ ਹੋਣ ਤੋਂ ਬਾਅਦ ਰਿਪੋਰਟ ਵਿਚ ਦਾਇਰ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।  

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਦੇ ਧਿਆਨ 'ਚ ਆਇਆ ਸੀ ਕਿ ਸਰਕਾਰੀ ਸਕੂਲਾਂ ਵਿਚ ਮੁਫਤ ਸਿੱਖਿਆ ਦੇਣ ਤੋਂ ਬਾਅਦ ਵੀ ਸੂਬੇ 'ਚ ਕਈ ਬੱਚੇ ਅਜਿਹੇ ਹਨ ਜੋ ਸਿੱਖਿਆ ਹਾਸਲ ਨਹੀਂ ਕਰ ਰਹੇ ਤੇ ਮਜਬੂਰੀਆਂ ਕਾਰਨ ਅੱਧ-ਵਿਚਾਲੇ ਪੜ੍ਹਾਈ ਛੱਡ ਗਏ ਹਨ। ਵਿਭਾਗ ਵੱਲੋਂ ਕਰਵਾਏ ਜਾ ਰਹੇ ਸਰਵੇਖਣ ਤਹਿਤ ਸਰਕਾਰੀ ਸਕੂਲਾਂ 'ਚ ਤਾਇਨਾਤ ਏ. ਆਈ. ਈ. ਈ. ਤੇ ਐੱਸ. ਟੀ. ਆਰ. ਆਪਣੇ ਜ਼ਿਲਿਆਂ ਦੀਆਂ ਸਬੰਧਤ ਆਬਾਦੀਆਂ ਦਾ ਦੌਰਾ ਕਰ ਕੇ ਅਜਿਹੇ ਬੱਚਿਆਂ ਦੀ ਸੂਚੀ ਤਿਆਰ ਕਰਨਗੇ। ਇਸ ਤੋਂ ਇਲਾਵਾ ਅੱਧ-ਵਿਚਾਲੇ ਪੜ੍ਹਾਈ ਛੱਡਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਭਰੋਸੇ ਵਿਚ ਲੈ ਕੇ ਦੁਬਾਰਾ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਵਾਉਣ ਲਈ ਉਪਰਾਲੇ ਸ਼ੁਰੂ ਕਰਨਗੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪਿੰਡਾਂ, ਝੌਂਪੜੀਆਂ, ਬਸਤੀਆਂ, ਰੇਵਲੇ ਸਟੇਸ਼ਨਾਂ ਨੇੜੇ, ਭੱਠਿਆਂ ਆਦਿ ਥਾਵਾਂ ਤੋਂ ਇਲਾਵਾ ਪ੍ਰਵਾਸੀ ਭਾਈਚਾਰਿਆਂ ਦੇ ਬੱਚਿਆਂ ਦਾ ਵੀ ਬਿਓਰਾ ਇਕੱਠਾ ਕੀਤਾ ਜਾਣਾ ਹੈ। ਇਹ ਸਰਵੇਖਣ ਆਬਾਦੀ ਦੇ ਸਬੰਧਤ ਸਕੂਲੀ ਮੁਖੀ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਸਰਕਾਰ ਦਾ ਮਕਸਦ ਹੈ ਕਿ ਸਰਵ ਸਿੱਖਿਆ ਅਭਿਆਨ ਤਹਿਤ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲੋੜਵੰਦ ਬੱਚਿਆਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਇਆ ਜਾਵੇ ਤੇ ਸੂਬੇ 'ਚੋਂ ਅਨਪੜ੍ਹਤਾ ਦਾ ਹਨੇਰਾ ਮਿਟਾ ਕੇ ਬੱਚਿਆਂ ਨੂੰ ਸਿੱਖਿਅਤ ਕੀਤਾ ਜਾਵੇ। 

ਸਰਵੇਖਣ ਦਾ ਜ਼ਿਲਾ ਅਫਸਰ ਦੇਵੇਗਾ ਸਰਟੀਫਿਕੇਟ- ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਰਵੇਖਣ ਖਤਮ ਹੋਣ ਤੋਂ ਬਾਅਦ ਹਰ ਜ਼ਿਲੇ ਦਾ ਸਿੱਖਿਆ ਅਧਿਕਾਰੀ ਵਿਭਾਗ ਨੂੰ ਸਰਟੀਫਿਕੇਟ ਦੇਵੇਗਾ ਕਿ ਉਸ ਦੇ ਜ਼ਿਲੇ ਵਿਚ ਕੋਈ ਵੀ 6 ਤੋਂ 14 ਸਾਲ ਦਾ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਹੈ। ਸਰਵੇਖਣ ਦੀ ਮੁੱਖ ਜ਼ਿੰਮੇਵਾਰੀ ਉਕਤ ਅਧਿਕਾਰੀ ਦੀ ਰਹੇਗੀ ਤੇ ਜ਼ਿਲਿਆਂ ਵਿਚ ਅਧਿਕਾਰੀਆਂ ਦੀ ਯੋਗ ਅਗਵਾਈ 'ਚ ਸਰਵੇਖਣ ਕੀਤਾ ਜਾਣਾ ਹੈ। 

2009 ਐਕਟ ਤਹਿਤ ਲਾਜ਼ਮੀ ਹੈ ਸਿੱਖਿਆ ਦੇਣਾ-੍ਰਭਾਰਤ ਸਰਕਾਰ ਵੱਲੋਂ ਬਣਾਏ ਗਏ ਸਿੱਖਿਆ ਅਧਿਕਾਰੀ ਐਕਟ 2009 ਤਹਿਤ ਸੂਬੇ ਵਿਚ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣਾ ਲਾਜ਼ਮੀ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਸਰਵੇਖਣ ਤਹਿਤ ਬੱਚਿਆਂ ਨੂੰ 8ਵੀਂ ਤੱਕ ਮੁਫਤ ਸਿੱਖਿਆ ਦਿੱਤੀ ਜਾਵੇਗੀ। ਵਿਭਾਗ ਦੇ ਇਸ ਫੈਸਲੇ ਨਾਲ ਕਈ ਲੋੜਵੰਦ ਬੱਚਿਆਂ ਦੀ ਮਦਦ ਹੋਵੇਗੀ ਤੇ ਉਨ੍ਹਾਂ ਦੀ ਜ਼ਿੰਦਗੀ 'ਚੋਂ ਅਨਪੜ੍ਹਤਾ ਦਾ ਹਨੇਰਾ ਦੂਰ ਹੋਵੇਗਾ।


author

Baljeet Kaur

Content Editor

Related News