ਦੁੱਖ ਭੰਜਨੀ ਬੇਰੀ ਤੇ ਪਾਵਨ ਸਰੋਵਰ ਬਾਰੇ ਗਲਤ ਜਾਣਕਾਰੀ ਛਾਪਣ ਵਾਲੇ ਨੂੰ ਨੋਟਿਸ

Saturday, Apr 13, 2019 - 12:36 PM (IST)

ਦੁੱਖ ਭੰਜਨੀ ਬੇਰੀ ਤੇ ਪਾਵਨ ਸਰੋਵਰ ਬਾਰੇ ਗਲਤ ਜਾਣਕਾਰੀ ਛਾਪਣ ਵਾਲੇ ਨੂੰ ਨੋਟਿਸ

ਅੰਮ੍ਰਿਤਸਰ (ਦੀਪਕ) : ਇਕ ਪ੍ਰਾਈਵੇਟ ਪਬਲਿਸ਼ਰ ਵੱਲੋਂ ਛਾਪੀ ਗਈ ਪੁਸਤਕ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਇਤਿਹਾਸਕ ਦੁੱਖ ਭੰਜਨੀ ਬੇਰ ਸਾਹਿਬ ਬਾਰੇ ਗਲਤ ਟਿੱਪਣੀਆਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਏ ਮਾਮਲੇ 'ਚ ਵਿਲਕੋ ਪਬਲਿਸ਼ਿੰਗ ਹਾਊਸ ਮੁੰਬਈ ਵਲੋਂ ਛਾਪੀ ਗਈ ਇਕ ਪੁਸਤਕ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਇਤਿਹਾਸਕ ਦੁੱਖ ਭੰਜਨੀ ਬੇਰ ਸਾਹਿਬ ਨਾਲ ਧਾਗੇ ਬੰਨ੍ਹ ਕੇ ਮੰਨਤ ਮੰਗਣ ਦਾ ਜ਼ਿਕਰ ਕਰਨ ਤੋਂ ਇਲਾਵਾ ਇਥੇ ਸਥਿਤ ਪਾਵਨ ਸਰੋਵਰ ਨੂੰ ਵੀ ਝੀਲ ਕਿਹਾ ਗਿਆ ਹੈ। ਇਸ ਤੋਂ ਇਲਾਵਾ ਜੂਨ 1984 'ਚ ਸਮੇਂ ਦੀ ਕੇਂਦਰੀ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ 'ਤੇ ਕਰਵਾਏ ਗਏ ਹਮਲੇ ਦੌਰਾਨ ਸ਼ਹੀਦਾਂ ਸਬੰਧੀ ਵੀ ਗਲਤ ਟਿੱਪਣੀਆਂ ਪੁਸਤਕ ਵਿਚ ਦਰਜ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਇਤਿਹਾਸ ਨੂੰ ਰਲਗਡ ਕਰਨ ਦੀ ਕੋਝੀ ਸਾਜ਼ਿਸ਼ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤ ਪ੍ਰਕਾਸ਼ਕ ਨੂੰ ਲੀਗਲ ਨੋਟਿਸ ਭੇਜਿਆ ਜਾ ਰਿਹਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪੜਤਾਲ ਵੀ ਕਰਵਾਈ ਜਾਵੇਗੀ ਤਾਂ ਜੋ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਸਕੇ। ਸਿੱਖ ਇਤਿਹਾਸ ਦੀ ਵਿਲੱਖਣਤਾ ਅਤੇ ਮੌਲਿਕਤਾ ਨੂੰ ਛੁਟਿਆਉਣ ਵਾਲਿਆਂ ਨੂੰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਜਗਤ ਦੇ ਕੇਂਦਰੀ ਧਾਰਮਿਕ ਅਸਥਾਨ ਹੋਣ ਦੇ ਨਾਲ-ਨਾਲ ਸਮੁੱਚੇ ਵਿਸ਼ਵ ਲਈ ਅਧਿਆਤਮਿਕਤਾ ਦੇ ਮਹਾਨ ਸਰੋਤ ਹਨ, ਜਿਸ ਦੇ ਦਰਸ਼ਨ-ਇਸ਼ਨਾਨ ਕਰ ਕੇ ਤੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰ ਕੇ ਸੰਗਤਾਂ ਆਪਣਾ ਜੀਵਨ ਸਫਲ ਕਰਦੀਆਂ ਹਨ ਪਰ ਕੁਝ ਲੋਕ ਜਾਣਬੁੱਝ ਕੇ ਇਸ ਪਾਵਨ ਅਸਥਾਨ ਦੀ ਇਤਿਹਾਸਿਕਤਾ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਯਤਨ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸੰਗਤ ਨੂੰ ਸੁਚੇਤ ਕੀਤਾ ਕਿ ਅਜਿਹੀਆਂ ਪੁਸਤਕਾਂ ਨੂੰ ਮਾਨਤਾ ਨਾ ਦੇਣ ਤੇ ਆਪਣੇ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਦੀਆਂ ਪ੍ਰਮਾਣਿਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪੁਸਤਕ ਵਿਚ 'ਆਸਾ ਦੀ ਵਾਰ' ਨਾਲ ਸਬੰਧਤ ਪਾਵਨ ਗੁਰਬਾਣੀ ਦੀ ਗਲਤ ਛਪਾਈ ਨੂੰ ਵੀ ਮੰਦਭਾਗਾ ਆਖਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਨੂੰ ਇਕ ਜ਼ਿੰਮੇਵਾਰ ਵਾਲੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੇ ਅਜਿਹੀਆਂ ਗਲਤੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਤੋਂ ਪਹਿਲਾਂ ਵੀ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਸੀ, ਜਿਸ ਨਾਲ ਸਿੱਖ ਜਗਤ 'ਚ ਰੋਸ ਤੇ ਰੋਹ ਦੀ ਭਾਵਨਾ ਪੈਦਾ ਹੋ ਗਈ ਸੀ। ਅਜਿਹੀਆਂ ਗਲਤੀਆਂ ਵਾਰ-ਵਾਰ ਕਰਨੀਆਂ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹਨ ਤੇ ਬੋਰਡ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


author

Baljeet Kaur

Content Editor

Related News