ਸਿਵਲ ਹਸਪਤਾਲ ਦਾ ਕਾਰਨਾਮਾ, ਡਿਲਿਵਰੀ ਕਰਵਾਉਣ ਆਈ ਜਨਾਨੀ ਦੀ ਬਿਨਾਂ ਦੱਸਿਆ ਕਰ ਦਿੱਤੀ ਨਸਬੰਦੀ

Friday, Oct 30, 2020 - 11:32 AM (IST)

ਸਿਵਲ ਹਸਪਤਾਲ ਦਾ ਕਾਰਨਾਮਾ, ਡਿਲਿਵਰੀ ਕਰਵਾਉਣ ਆਈ ਜਨਾਨੀ ਦੀ ਬਿਨਾਂ ਦੱਸਿਆ ਕਰ ਦਿੱਤੀ ਨਸਬੰਦੀ

ਅੰਮ੍ਰਿਤਸਰ (ਦਲਜੀਤ): ਸਿਹਤ ਵਿਭਾਗ ਦਾ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਫ਼ਿਰ ਚਰਚਾ 'ਚ ਹੈ। ਹਸਪਤਾਲ 'ਚ ਜਣੇਪੇ ਲਈ ਆਈ ਇਕ ਜਨਾਨੀ ਦੀ ਉਸਨੂੰ ਦੱਸੇ ਬਿਨਾਂ ਹੀ ਨਸਬੰਦੀ ਕਰ ਦਿੱਤੀ ਗਈ। ਮਰੀਜ਼ ਦੇ ਪਰਿਵਾਰ ਨੇ ਜਦੋਂ ਹੰਗਾਮਾ ਕੀਤਾ ਤਾਂ ਸਟਾਫ਼ ਨੇ ਕੁਝ ਦੇਰ ਬਾਅਦ ਚੁੱਪ-ਚੁਪੀਤੇ ਨਸਬੰਦੀ ਖੋਲ ਦਿੱਤੀ। ਨਸਬੰਦੀ ਤੋਂ ਬਾਅਦ ਕਾਫ਼ੀ ਖੂਨ ਵਗਣ ਕਾਰਣ ਆਰਤੀ ਕਾਫ਼ੀ ਕਮਜ਼ੋਰ ਹੋ ਗਈ ਹੈ ਪਰਿਵਾਰ ਵਾਲਿਆਂ ਨੇ ਉਕਤ ਦੇ ਇਲਾਵਾ ਹੋਰ ਕਈ ਗੰਭੀਰ ਦੋਸ਼ ਹਸਪਤਾਲ ਪ੍ਰਸ਼ਾਸਨ 'ਤੇ ਲਾਉਂਦਿਆਂ ਸਿਹਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਕਈ ਸਵਾਲੀਆ ਨਿਸ਼ਾਨ ਲਾਏ ਹਨ।

ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਬਿਮਾਰ ਪਿਤਾ ਨੂੰ ਮਿਲਣ ਹਸਪਤਾਲ ਜਾ ਰਹੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ

ਜਾਣਕਾਰੀ ਅਨੁਸਾਰ ਨਿਊ ਅੰਮ੍ਰਿਤਸਰ ਦੀ ਰਹਿਣ ਵਾਲੀ 26 ਸਾਲਾ ਆਰਤੀ 9 ਮਹੀਨੇ ਦੀ ਗਰਭਵਤੀ ਸੀ। ਜਣੇਪੇ ਲਈ ਉਸਦਾ ਪਰਿਵਾਰ ਉਸ ਨੂੰ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੀ ਗਾਇਨੀ ਵਾਰਡ 'ਚ ਬੁੱਧਵਾਰ ਲੈ ਕੇ ਆਇਆ। ਵੀਰਵਾਰ ਛੋਟੇ ਆਪ੍ਰੇਸ਼ਨ ਰਾਹੀਂ ਆਰਤੀ ਦੀ ਡਲਿਵਰੀ ਕਰ ਦਿੱਤੀ ਗਈ । ਮਰੀਜ਼ ਦੇ ਦਿਓਰ ਰਣਜੀਤ ਕੁਮਾਰ ਅਨੁਸਾਰ ਆਰਤੀ ਨੇ ਧੀ ਨੂੰ ਜਨਮ ਦਿੱਤਾ। ਜਨਮ ਤੋਂ ਹੀ ਧੀ ਰੋਗੀ ਸੀ। ਸਟਾਫ਼ ਨੇ ਬੱਚਾ ਵਾਰਡ 'ਚ ਉਸਦਾ ਇਲਾਜ ਕਰਨ ਦੀ ਬਜਾਏ ਡੇਢ ਘੰਟਾ ਉਸ ਨੂੰ ਵੇਖਿਆ ਤਕ ਨਹੀਂ। ਆਰਤੀ ਨੇ ਸਾਨੂੰ ਦੱਸਿਆ ਕਿ ਉਸਦੀ ਨਸਬੰਦੀ ਵੀ ਕਰ ਦਿੱਤੀ ਗਈ ਹੈ। ਜਦੋਂ ਮੈਂ ਇਸ ਸਬੰਧੀ ਡਾਕਟਰ ਅਤੇ ਏ. ਐੱਨ. ਐੱਮ. ਨਾਲ ਗੱਲ ਕੀਤੀ ਤਾਂ ਉਹ ਬੋਲੀ ਅਸੀਂ ਨਸਬੰਦੀ ਨਹੀਂ ਕੀਤੀ। ਰਣਜੀਤ ਅਨੁਸਾਰ ਸਟਾਫ਼ ਨੇ ਉਸਨੂੰ ਜਲੀਲ ਕਰਦਿਆਂ ਕਿਹਾ ਕਿ ਜੇਕਰ ਕੀਤੀ ਵੀ ਹੈ ਤਾਂ ਕੀ ਹੋਇਆ। ਆਰਤੀ ਦੇ ਪਹਿਲਾਂ ਹੀ 2 ਬੱਚੇ ਹਨ ਅਤੇ ਹੁਣ ਤੀਜੀ ਧੀ ਹੋਈ ਹੈ। 10—10 ਬੱਚੇ ਥੋੜੀ ਪੈਦਾ ਕਰੋਗੇ।

ਇਹ ਵੀ ਪੜ੍ਹੋ : ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਨੂੰ ਚੈਲੰਜ

ਰਣਜੀਤ ਨੇ ਦੱਸਿਆ ਕਿ ਨਵਜੰਮੇ ਬੱਚੇ ਨੂੰ ਲੈ ਕੇ ਉਹ ਮਜੀਠਾ ਰੋਡ ਸਥਿਤ ਗੁਰੂ ਨਾਨਕ ਦੇਵ ਹਸਪਤਾਲ 'ਚ ਗਿਆ ਅਤੇ ਬੱਚਾ ਵਾਰਡ 'ਚ ਦਾਖ਼ਲ ਕਰਵਾ ਦਿੱਤਾ ਅਤੇ ਉਸ ਤੋਂ ਬਾਅਦ ਦੋਬਾਰਾ ਸਿਵਲ ਹਸਪਤਾਲ ਆਇਆ। ਮੇਰੇ ਆਉਣ ਤੋਂ ਪਹਿਲਾਂ ਗਾਇਨੀ ਵਾਰਡ ਦੇ ਸਟਾਫ਼ ਨੇ ਆਰਤੀ ਦੀ ਨਸਬੰਦੀ ਖੋਲ੍ਹ ਦਿੱਤੀ ਸੀ । ਡਲਿਵਰੀ ਤੋਂ ਬਾਅਦ ਜਿਹੜੇ ਟਾਂਕੇ ਲਾਏ ਸਨ ਉਹ ਵੀ ਕੱਟ ਦਿੱਤੇ ਗਏ ਸਨ । ਉਸ ਦਾ ਬਹੁਤ ਜ਼ਿਆਦਾ ਖੂਨ ਵਗ ਰਿਹਾ ਸੀ ਅਤੇ ਉਹ ਦਰਦ ਨਾਲ ਤੜਫ਼ ਰਹੀ ਸੀ। ਮਾਮਲੇ ਦੀ ਜਾਣਕਾਰੀ ਮਿਲਣ 'ਤੇ ਸਿਵਲ ਹਸਪਤਾਲ ਪਹੁੰਚੇ ਉੱਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਦੇ ਬੁਲਾਰੇ ਰਾਮਭਵਨ ਗੋਸਵਾਮੀ ਨੇ ਵੀ ਡਾਕਟਰਾਂ ਨਾਲ ਗੱਲ ਕੀਤੀ ਪਰ ਉਚਿਤ ਜਵਾਬ ਨਹੀਂ ਮਿਲਿਆ। ਗੋਸਵਾਮੀ ਨੇ ਕਿਹਾ ਕਿ ਹੁਣ ਅਸੀਂ ਆਰਤੀ ਦਾ ਅਲਟਰਾਸਾਊਂਡ ਕਰਵਾ ਕੇ ਇਹ ਪਤਾ ਲਾਵਾਂਗੇ ਕਿ ਡਾਕਟਰਾਂ ਨੇ ਉਸਦੀ ਨਸਬੰਦੀ ਕੀਤੀ ਸੀ ਜਾਂ ਨਹੀਂ? ਉਂਝ ਡਾਕਟਰਾਂ ਨੇ ਆਰਤੀ ਦੇ ਟਾਂਕੇ ਕੱਟ ਦਿੱਤੇ ਸਨ। ਮਾਮਲੇ ਦੀ ਹਸਪਤਾਲ ਪ੍ਰਸ਼ਾਸਨ ਜਾਂਚ ਕਰੇ ਅਤੇ ਸਬੰਧਤ ਡਾਕਟਰ ਅਤੇ ਏ. ਐੱਨ. ਐੱਮ. 'ਤੇ ਸਖ਼ਤ ਐਕਸ਼ਨ ਲਿਆ ਜਾਵੇ । ਗੋਸਵਾਮੀ ਨੇ ਕਿਹਾ ਕਿ ਸਟਾਫ਼ ਵਲੋਂ ਵੱਡੀ ਲਾਪ੍ਰਵਾਹੀ ਵਰਤੀ ਗਈ ਹੈ। ਸਿਹਤ ਵਿਭਾਗ ਨੂੰ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਬਿਨਾਂ ਦੱਸਿਆਂ ਨਸਬੰਦੀ ਕਰਨ ਵਾਲੇ ਸਟਾਫ਼ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕਾਂਗਰਸ ਤੇ ਕੇਂਦਰ 'ਤੇ ਵਰ੍ਹੇ ਸੁਖਬੀਰ ਬਾਦਲ, ਕਿਹਾ- ਦੋਵਾਂ ਨੇ ਮਿਲ ਕੇ ਕਿਸਾਨਾਂ ਨਾਲ ਕੀਤਾ ਧੋਖਾ

ਜਨਾਨੀ ਦੀ ਇਜਾਜ਼ਤ ਦੇ ਬਿਨਾਂ ਨਸਬੰਦੀ ਨਹੀਂ ਕੀਤੀ ਜਾ ਸਕਦੀ : ਐੱਸ. ਐੱਮ. ਓ.
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਡਿਲਿਵਰੀ ਤੋਂ ਬਾਅਦ ਜਨਾਨੀ ਦੀ ਇਜਾਜ਼ਤ ਦੇ ਬਿਨਾਂ ਨਸਬੰਦੀ ਨਹੀਂ ਕੀਤੀ ਜਾ ਸਕਦੀ। ਜਨਾਨੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਬਕਾਇਦਾ ਕਾਊਂਸਲਿੰਗ ਕੀਤੀ ਜਾਂਦੀ ਹੈ ਅਤੇ ਫਾਈਲ ਤਿਆਰ ਕਰ ਕੇ ਨਸਬੰਦੀ ਕੀਤੀ ਜਾਂਦੀ । ਉਂਝ ਉਨ੍ਹਾਂ ਨੇ ਗਾਇਨੀ ਡਾਕਟਰ ਨਾਲ ਗੱਲ ਕੀਤੀ ਹੈ । ਉਸਦੇ ਅਨੁਸਾਰ ਔਰਤ ਦੀ ਨਾਰਮਲ ਡਲਿਵਰੀ ਹੋਈ ਸੀ। ਅਜਿਹੇ 'ਚ ਨਸਬੰਦੀ ਦਾ ਸਵਾਲ ਨਹੀਂ ਉੱਠਦਾ । ਫਿਰ ਵੀ ਸ਼ਿਕਾਇਤਕਰਤਾ ਮੈਨੂੰ ਲਿਖ ਕੇ ਦੇਵੇ, ਮੈਂ ਬੋਰਡ ਬਣਾ ਕੇ ਮਾਮਲੇ ਦੀ ਜਾਂਚ ਕਰਵਾਵਾਂਗਾ।


author

Baljeet Kaur

Content Editor

Related News