ਸੀ. ਆਈ. ਏ. ਸਟਾਫ ਨੇ 7.50 ਕਰੋੜ ਦੀ ਹੈਰੋਇਨ ਕੀਤੀ ਬਰਾਮਦ
Thursday, Mar 19, 2020 - 02:05 PM (IST)
ਅੰਮ੍ਰਿਤਸਰ (ਸੰਜੀਵ) : ਸਰਹੱਦ ਪਾਰ ਪਾਕਿਸਤਾਨ 'ਚ ਬੈਠੇ ਚੌਧਰੀ ਸਾਹਿਬ ਵਲੋਂ ਭੇਜੀ ਗਈ ਡੇਢ ਕਿਲੋ ਹੈਰੋਇਨ ਨੂੰ ਅੱਜ ਸੀ. ਆਈ. ਏ. ਸਟਾਫ ਦੀ ਪੁਲਸ ਨੇ ਰਿਕਵਰ ਕੀਤਾ। ਇਸ ਆਪ੍ਰੇਸ਼ਨ 'ਚ ਖਤਰਨਾਕ ਹੈਰੋਇਨ ਸਮੱਗਲਰ ਸੋਨੂੰ ਬਾਬੇ ਦੀ ਪਤਨੀ ਸਾਦਗੀ ਨੂੰ 2 ਕਰਿੰਦਿਆਂ ਸੋਹਨ ਲਾਲ ਉਰਫ ਸੋਨੂੰ ਵਾਸੀ ਪ੍ਰੇਮ ਨਗਰ ਕਾਲੋਨੀ ਤੇ ਮਨਜੀਤ ਸਿੰਘ ਮੋਟਾ ਵਾਸੀ ਦਾਦੂਪੁਰਾ ਸਮੇਤ ਗ੍ਰਿਫਤਾਰ ਕੀਤਾ ਗਿਆ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 7.50 ਕਰੋੜ ਰੁਪਏ ਆਂਕੀ ਗਈ ਹੈ। ਪੁਲਸ ਨੇ ਮੁਲਜ਼ਮਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ 2 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ, ਜਦੋਂ ਕਿ ਮੌਕੇ ਤੋਂ ਫਰਾਰ ਹੋਏ ਸੋਨੂੰ ਬਾਬੇ ਦੀ ਭਾਲ 'ਚ ਪੁਲਸ ਲਗਾਤਾਰ ਛਾਪੇ ਮਾਰ ਰਹੀ ਹੈ।
ਇਹ ਖੁਲਾਸਾ ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ, ਜਿਨ੍ਹਾਂ ਨਾਲ ਏ. ਡੀ. ਸੀ. ਪੀ. ਪਲਵਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਵੀ ਸਨ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਇਨਪੁਟ ਮਿਲੀ ਸੀ ਕਿ ਪਿਛਲੇ ਕੁਝ ਸਮੇਂ ਤੋਂ ਸੋਨੂੰ ਬਾਬਾ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਪੂਰੀ ਸਰਗਰਮੀ ਨਾਲ ਹੈਰੋਇਨ ਦੀ ਸਪਲਾਈ ਕਰ ਰਿਹਾ ਹੈ, ਜਿਸ 'ਤੇ ਅੱਜ ਅੰਨਗੜ੍ਹ ਸਥਿਤ ਗੰਦੇ ਨਾਲੇ ਦੇ ਪੁਲ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਬਾਈਕ 'ਤੇ ਆ ਰਹੇ ਸੋਹਨ ਲਾਲ ਅਤੇ ਮਨਜੀਤ ਮੋਟਾ ਨੂੰ ਜਾਂਚ ਲਈ ਰੋਕਿਆ, ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ 'ਚੋਂ 1 ਕਿਲੋ ਹੈਰੋਇਨ ਬਰਾਮਦ ਹੋਈ, ਜਿਸ 'ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਮੁੱਢਲੀ ਜਾਂਚ 'ਚ ਦੋਵਾਂ ਨੇ ਆਪਣੇ ਆਕਾ ਖਤਰਨਾਕ ਸਮੱਗਲਰ ਸੋਨੂੰ ਬਾਬਾ ਦਾ ਨਾਂ ਉਗਲਿਆ ਅਤੇ ਕਿਹਾ ਕਿ ਉਸ ਦੇ ਇਸ਼ਾਰੇ 'ਤੇ ਉਹ ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਸਨ, ਜਿਸ 'ਤੇ ਪੁਲਸ ਨੇ ਸੋਨੂੰ ਬਾਬਾ ਨੂੰ ਟ੍ਰੇਸ ਕਰਨ ਲਈ ਤੁਰੰਤ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਅਤੇ ਉਸ ਦੀ ਲੋਕੇਸ਼ਨ ਟ੍ਰੇਸ ਕਰ ਕੇ ਚੌਕ ਸਰਕਾਰ ਪੱਤੀ ਕੋਟ ਖਾਲਸਾ 'ਚ ਏ. ਐੱਸ. ਆਈ. ਸੁਸ਼ੀਲ ਕੁਮਾਰ ਦੀ ਪ੍ਰਧਾਨਗੀ 'ਚ ਸਪੈਸ਼ਲ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਐਕਟਿਵਾ ਨੰ. ਪੀ ਬੀ 89-4565 ਨੂੰ ਸ਼ੱਕੀ ਹਾਲਤ 'ਚ ਜਾਂਚ ਲਈ ਰੋਕਿਆ ਗਿਆ, ਜਿਸ 'ਤੇ ਸਵਾਰ ਸਾਦਗੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਉਸ ਦਾ ਪਤੀ ਸੋਨੂੰ ਬਾਬਾ ਪੁਲਸ ਨੂੰ ਚਕਮਾ ਦੇ ਮੌਕੇ ਤੋਂ ਫਰਾਰ ਹੋ ਗਿਆ। ਸਾਦਗੀ ਦੇ ਕਬਜ਼ੇ 'ਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਪੁਲਸ ਨੇ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ। ਸਾਦਗੀ ਤੇ 2 ਹੋਰ ਕਰਿੰਦਿਆਂ ਤੋਂ ਬਰਾਮਦ ਕੀਤੇ ਗਏ ਮੋਬਾਇਲ ਦੀ ਸਕੈਨਿੰਗ ਕੀਤੀ ਜਾ ਰਹੀ ਹੈ, ਬਹੁਤ ਛੇਤੀ ਫਰਾਰ ਹੋਏ ਸੋਨੂੰ ਬਾਬਾ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਲੰਮੀ ਸਜ਼ਾ ਕੱਟ ਕੇ ਡੇਢ ਸਾਲ ਪਹਿਲਾਂ ਹੀ ਬਾਹਰ ਆਇਆ ਸੀ ਬਾਬਾ
ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡੇਢ ਸਾਲ ਪਹਿਲਾਂ ਹੀ ਸੋਨੂੰ ਬਾਬਾ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ 'ਚ ਲੰਮੀ ਸਜ਼ਾ ਕੱਟਣ ਤੋਂ ਬਾਅਦ ਬਾਹਰ ਆਇਆ ਸੀ। ਸੋਨੂੰ ਬਾਬਾ 'ਤੇ 10 ਕਿਲੋ ਹੈਰੋਇਨ ਦੀ ਰਿਕਵਰੀ ਦਾ ਮਾਮਲਾ ਦਰਜ ਹੈ। ਜੇਲ 'ਚੋਂ ਬਾਹਰ ਆਉਣ ਤੋਂ ਬਾਅਦ ਉਹ ਫਿਰ ਸਮੱਗਲਿੰਗ ਦੇ ਧੰਦੇ ਵਿਚ ਲੱਗ ਗਿਆ ਅਤੇ ਸਜ਼ਾ ਦੌਰਾਨ ਉਸ ਨੇ ਜੇਲ 'ਚ ਕਈ ਸਮੱਗਲਰਾਂ ਨਾਲ ਆਪਣੀ ਪਛਾਣ ਬਣਾਈ ਸੀ। ਹੁਣ ਉਹ ਪਾਕਿਸਤਾਨ 'ਚ ਬੈਠੇ ਖਤਰਨਾਕ ਸਮੱਗਲਰ ਚੌਧਰੀ ਸਾਹਿਬ ਦੇ ਸੰਪਰਕ ਵਿਚ ਸੀ ਅਤੇ ਉਥੋਂ ਹੀ ਉਸ ਨੂੰ ਹੈਰੋਇਨ ਦੀ ਸਪਲਾਈ ਹੋ ਰਹੀ ਸੀ। ਸੋਨੂੰ ਬਾਬਾ ਦੇ ਇਸ ਧੰਦੇ ਵਿਚ ਉਸ ਦੀ ਪਤਨੀ ਪੂਰਾ ਸਾਥ ਦੇ ਰਹੀ ਸੀ ਅਤੇ ਬਾਬੇ ਦੇ ਕਹਿਣ 'ਤੇ ਇਕ ਤੋਂ ਦੂਜੀ ਜਗ੍ਹਾ 'ਤੇ ਹੈਰੋਇਨ ਡਲਿਵਰ ਕਰਨ ਵੀ ਜਾਂਦੀ ਸੀ।
ਡਰੱਗ ਮਨੀ ਤੋਂ ਬਣਾਈਆਂ ਜਾਇਦਾਦਾਂ ਨੂੰ ਸੀਲ ਕਰਨ ਦੀ ਕਵਾਇਦ ਸ਼ੁਰੂ
ਸਮੱਗਲਰ ਸੋਨੂੰ ਬਾਬਾ ਵੱਲੋਂ ਡਰੱਗ ਮਨੀ ਤੋਂ ਬਣਾਈਆਂ ਜਾਇਦਾਦਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੀਲ ਕਰਨ ਦੇ ਨਿਰਦੇਸ਼ ਲਏ ਜਾਣਗੇ। ਫਿਲਹਾਲ ਪਤਾ ਲੱਗਾ ਹੈ ਕਿ ਸੋਨੂੰ ਬਾਬਾ ਨੇ 2 ਵਿਆਹ ਕਰ ਰੱਖੇ ਹਨ ਅਤੇ ਉਸ ਨੇ ਡਰੱਗ ਮਨੀ ਤੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਬਹੁਤ ਸਾਰੀਆਂ ਜਾਇਦਾਦਾਂ ਬਣਾਈਆਂ ਹੋਈਆਂ ਹਨ। ਹੁਣ ਤੱਕ ਦੀ ਜਾਂਚ 'ਚ ਸੋਨੂੰ ਬਾਬਾ ਦੀ ਇਕ ਕੋਠੀ ਅਤੇ ਕੁਝ ਵਾਹਨ ਸਾਹਮਣੇ ਆਏ ਹਨ। ਗ੍ਰਿਫਤਾਰੀ ਤੋਂ ਬਾਅਦ ਉਸ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਉਸ ਦੇ ਪਾਕਿਸਤਾਨ 'ਚ ਬੈਠੇ ਸੰਪਰਕ ਸੂਤਰਾਂ ਨੂੰ ਵੀ ਖੰਗਾਲਿਆ ਜਾਵੇਗਾ।