ਵਿਗੜੇ ''ਕਾਕੇ'' ਮਾਰਨ ਲੱਗੇ ਬੁਲੇਟ ''ਤੇ ਡਾਕੇ, ਐਕਟਿਵਾ ਸਵਾਰ ਨੂੰ ਲੁੱਟਿਆ

Monday, Sep 30, 2019 - 02:22 PM (IST)

ਵਿਗੜੇ ''ਕਾਕੇ'' ਮਾਰਨ ਲੱਗੇ ਬੁਲੇਟ ''ਤੇ ਡਾਕੇ, ਐਕਟਿਵਾ ਸਵਾਰ ਨੂੰ ਲੁੱਟਿਆ

ਅੰਮ੍ਰਿਤਸਰ (ਜ. ਬ.) : ਹੁਣ ਵਿਗੜੇ ਕਾਕੇ ਬੁਲੇਟ ਨਾਲ ਸ਼ਹਿਰ 'ਚ ਪਟਾਕੇ ਹੀ ਨਹੀਂ ਮਾਰਦੇ, ਬਲਕਿ ਡਾਕੇ ਵੀ ਮਾਰਨ ਲੱਗੇ ਹਨ। ਅਜਿਹੀ ਘਟਨਾ ਰਾਣੀ ਕਾ ਬਾਗ 'ਚ ਐਕਟਿਵਾ ਸਵਾਰ ਅਨੁਰਾਗ ਸ਼ਰਮਾ ਤੇ ਉਸ ਦੇ ਦੋਸਤ ਪ੍ਰਥਮ ਨਾਲ ਵਾਪਰੀ। ਥਾਣਾ ਸਿਵਲ ਲਾਈਨ ਪੁਲਸ ਨੂੰ ਅਨੁਰਾਗ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ਨੰ. ਪੀ ਬੀ 02 ਡੀ ਜੀ 1535 'ਤੇ ਦੋਸਤ ਪ੍ਰਥਮ ਨਾਲ ਜਾ ਰਿਹਾ ਸੀ, ਰਾਣੀ ਕਾ ਬਾਗ ਸਥਿਤ ਮਹਿੰਦਰਾ ਕਾਲੋਨੀ ਕੋਲ ਬੁਲੇਟ ਸਵਾਰ 2 ਲੋਕਾਂ ਨੇ ਧੱਕਾ ਦੇ ਕੇ ਸੁੱਟ ਦਿੱਤਾ ਤੇ ਉਨ੍ਹਾਂ ਦੇ ਮੋਬਾਇਲ ਖੋਹ ਕੇ ਲੈ ਗਏ।

ਇਸ ਮਾਮਲੇ 'ਚ ਜਾਂਚ ਅਧਿਕਾਰੀ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਐੱਫ. ਆਈ. ਆਰ. ਨੰਬਰ 230 ਦਰਜ ਕਰਨ ਦੇ ਬਾਅਦ ਤੋਂ ਹੀ ਸ਼ਹਿਰ 'ਚ ਨਾਕਾਬੰਦੀ ਕਰ ਕੇ ਬੁਲੇਟ ਦੀ ਚੈਕਿੰਗ ਲਈ ਵਾਇਰਲੈਸ ਕਰਵਾ ਦਿੱਤੀ ਗਈ ਸੀ। ਦੋਵਾਂ ਮੁਲਜ਼ਮਾਂ ਦੀ ਪਛਾਣ ਲਈ ਰਾਣੀ ਕਾ ਬਾਗ ਦੇ ਆਲੇ-ਦੁਆਲੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ।

ਪਟਾਕੇ ਤੇ ਡਾਕੇ ਦੋਵਾਂ 'ਤੇ ਪੁਲਸ ਦੀ ਨਜ਼ਰ : ਏ. ਸੀ. ਪੀ. ਨਾਰਥ
ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਨੇ ਕਿਹਾ ਕਿ ਬੁਲੇਟ 'ਤੇ ਪਟਾਕੇ ਅਤੇ ਡਾਕੇ ਮਾਰਨ ਵਾਲੇ ਦੋਵੇਂ ਹੀ ਪੁਲਸ ਦੇ ਨਿਸ਼ਾਨੇ 'ਤੇ ਹਨ। ਸ਼ਹਿਰ 'ਚ ਪਟਾਕੇ ਮਾਰਨ ਵਾਲੇ ਬੁਲੇਟ ਦੀ ਨਿਸ਼ਾਨਦੇਹੀ ਕਰ ਕੇ ਚਲਾਨ ਕੀਤੇ ਜਾ ਰਹੇ ਹਨ। ਵਾਰਦਾਤ ਦੇ ਬਾਅਦ ਤੋਂ ਹੀ ਬੁਲੇਟ ਸਵਾਰ ਲੋਕਾਂ ਦੀ ਪਛਾਣ ਕਰ ਕੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਹਨ, ਜਲਦ ਹੀ ਮੁਲਜ਼ਮ ਗ੍ਰਿਫਤਾਰ ਹੋਣਗੇ।


author

Baljeet Kaur

Content Editor

Related News