ਬੀ. ਐੱਸ. ਐੱਫ. ਨੂੰ ਦੋਹਰੀ ਚੁਣੌਤੀ, ਸਮੋਗ ਨੇ ਬਾਰਡਰ ''ਤੇ ਬਣਾਈ 10 ਫੁੱਟ ਦੀ ਦੀਵਾਰ
Monday, Dec 09, 2019 - 10:49 AM (IST)

ਅੰਮ੍ਰਿਤਸਰ (ਨੀਰਜ) : ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਪੰਜਾਬ ਸਰਕਾਰ ਦੇ ਲੱਖ ਹੰਭਲਿਆਂ ਦੇ ਬਾਵਜੂਦ ਪਰਾਲੀ ਤੋਂ ਨਿਕਲਣ ਵਾਲੇ ਧੂੰਏਂ ਨੂੰ ਰੋਕਣ 'ਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਹਾਲਾਤ ਇਹ ਹਨ ਕਿ ਧੂੰਏਂ ਕਾਰਣ ਰਾਤ ਦੇ ਸਮੇਂ ਨੀਲਾ ਸਾਫ਼ ਆਸਮਾਨ ਨਜ਼ਰ ਨਹੀਂ ਆਉਂਦਾ। ਉਥੇ ਹੀ ਬਾਰਡਰ 'ਤੇ ਪਰਾਲੀ ਦੇ ਧੂੰਏਂ ਤੇ ਮਿੱਟੀ ਦੇ ਕਣਾਂ ਨੇ ਮਿਲ ਕੇ ਭਾਰਤ-ਪਾਕਿ ਬਾਰਡਰ 'ਤੇ 10 ਫੁੱਟ ਉੱਚੀ ਸਮੋਗ ਦੀ ਦੀਵਾਰ ਖੜ੍ਹੀ ਕਰ ਦਿੱਤੀ ਹੈ, ਜਿਸ ਨਾਲ ਬੀ. ਐੱਸ. ਐੱਫ. ਨੂੰ ਬਾਰਡਰ 'ਤੇ ਗਸ਼ਤ ਕਰਨੀ ਮੁਸ਼ਕਿਲ ਹੋ ਗਈ ਹੈ। ਜਾਣਕਾਰੀ ਅਨੁਸਾਰ ਸਵੇਰੇ 4 ਤੋਂ 7 ਵਜੇ ਤੱਕ ਬਾਰਡਰ 'ਤੇ ਵਿਜ਼ੀਬਿਲਟੀ ਬਹੁਤ ਹੀ ਘੱਟ ਹੋ ਜਾਂਦੀ ਹੈ। ਇਸ ਨੂੰ ਸਿਫ਼ਰ ਕਹਿ ਦਿੱਤਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਬਾਰਡਰ ਹੀ ਨਹੀਂ, ਸ਼ਹਿਰੀ ਇਲਾਕਿਆਂ 'ਚ ਵੀ ਰਾਤ ਦੇ ਸਮੇਂ ਆਸਮਾਨ 'ਚ ਧੂੰਏਂ ਦੀ ਹਲਕੀ ਚਾਦਰ ਨਜ਼ਰ ਆਉਂਦੀ ਹੈ, ਜੋ ਅੱਖਾਂ 'ਚ ਚੁੱਭਦੀ ਵੀ ਹੈ ਪਰ ਬਾਰਡਰ 'ਤੇ ਹਾਲਾਤ ਇਸ ਲਈ ਖਤਰਨਾਕ ਹੋ ਜਾਂਦੇ ਹਨ ਕਿਉਂਕਿ ਇਕ ਪਾਸੇ ਸਮੋਗ ਦੀ ਦੀਵਾਰ ਤਾਂ ਦੂਜੇ ਪਾਸੇ ਸਮੱਗਲਰਾਂ ਅਤੇ ਅੱਤਵਾਦੀਆਂ ਦੀਆਂ ਸਰਗਮੀਆਂ ਇਨ੍ਹਾਂ ਹਾਲਾਤ 'ਚ ਤੇਜ਼ ਹੋ ਜਾਂਦੀਆਂ ਹਨ।
ਪਾਕਿਸਤਾਨ ਨਾਲ ਲੱਗਦੇ 553 ਕਿਲੋਮੀਟਰ ਲੰਬੇ ਪੰਜਾਬ ਬਾਰਡਰ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਗੁਰਦਾਸਪੁਰ ਅਤੇ ਪਠਾਨਕੋਟ ਏਅਰਬੇਸ 'ਤੇ ਪਹਿਲਾਂ ਹੀ 2 ਵਾਰ ਅੱਤਵਾਦੀ ਹਮਲਾ ਹੋ ਚੁੱਕਾ ਹੈ। ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਵੀ ਬੰਬ ਧਮਾਕੇ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹਾਲ ਹੀ 'ਚ ਰਾਜਾਂਸਾਂਸੀ ਕਸਬੇ ਦੇ ਪਿੰਡ ਅਦਲੀਵਾਲ 'ਚ ਹੋਏ ਬੰਬ ਧਮਾਕੇ ਤੋਂ ਸਾਬਤ ਹੋ ਚੁੱਕਾ ਹੈ ਕਿ ਪਾਕਿਸਤਾਨ ਦੇ ਖਾਲਿਸਤਾਨੀ ਅੱਤਵਾਦੀ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਵਿਚ ਹੈ। ਬੀ. ਐੱਸ. ਐੱਫ. ਵੱਲੋਂ ਖਤਰਨਾਕ ਹਥਿਆਰਾਂ ਅਤੇ ਗ੍ਰਨੇਡਸ ਦੀ ਖੇਪ ਕਈ ਵਾਰ ਫੜੀ ਜਾ ਚੁੱਕੀ ਹੈ। ਇਹ ਵੀ ਅਲਰਟ ਹੈ ਕਿ ਸਰਹੱਦੀ ਇਲਾਕਿਆਂ ਦੇ ਕੁਝ ਪੁਆਇੰਟਾਂ 'ਤੇ ਹਥਿਆਰਾਂ ਦੀ ਖੇਪ ਦੱਬੀ ਹੋ ਸਕਦੀ ਹੈ, ਜਿਸ ਨਾਲ ਬੀ. ਐੱਸ. ਐੱਫ. ਦੀ ਚੁਣੌਤੀ ਦੁੱਗਣੀ ਹੋ ਗਈ ਹੈ।
ਹੈਰੋਇਨ ਸਮੱਗਲਰ ਵੀ ਸਰਗਰਮ
ਬਾਰਡਰ 'ਤੇ ਸਰਦੀ ਅਤੇ ਧੁੰਦ ਦੇ ਮੌਸਮ 'ਚ ਹੈਰੋਇਨ ਸਮੱਗਲਰ ਵੀ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੰਦੇ ਹਨ। ਹਾਲ ਹੀ 'ਚ ਬੀ. ਐੱਸ. ਐੱਫ. ਵੱਲੋਂ ਇਕ ਪਾਕਿਸਤਾਨੀ ਅੱਤਵਾਦੀ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ ਜਾਣ ਅਤੇ ਡਰੋਨ ਦੇ ਜ਼ਰੀਏ ਹਥਿਆਰਾਂ ਦਾ ਜ਼ਖੀਰਾ ਭੇਜੇ ਜਾਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ਜ਼ਿਲੇ ਦੇ 4 ਹਿਸਟਰੀ ਸ਼ੀਟਰ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਸਾਬਤ ਕਰਦਾ ਹੈ ਕਿ ਪਾਕਿਸਤਾਨ 'ਚ ਬੈਠੇ ਸਮੱਗਲਰ ਅੰਮ੍ਰਿਤਸਰ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਸਰਗਰਮ ਸਮੱਗਲਰਾਂ ਨਾਲ ਸੰਪਰਕ 'ਚ ਹਨ ਅਤੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ। ਇਹ ਮੌਕਾ ਸਮੋਗ ਦੀ ਦੀਵਾਰ, ਧੁੰਦ ਜਾਂ ਫਿਰ ਕਣਕ ਅਤੇ ਝੋਨੇ ਦੀ ਖੜ੍ਹੀ ਫਸਲ 'ਚ ਮਿਲ ਜਾਂਦਾ ਹੈ।
ਪਾਕਿਸਤਾਨੀ ਪੰਜਾਬ 'ਚ ਸ਼ਰੇਆਮ ਸਾੜੀ ਜਾਂਦੀ ਹੈ ਪਰਾਲੀ
ਬਾਰਡਰ ਫੈਂਸਿੰਗ ਦੇ ਆਸ-ਪਾਸ ਸਮੋਗ ਦੀ ਦੀਵਾਰ ਇਸ ਲਈ ਵੀ ਬਣ ਜਾਂਦੀ ਹੈ ਕਿਉਂਕਿ ਪਾਕਿਸਤਾਨ ਦੇ ਇਲਾਕੇ 'ਚ ਵੀ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜ ਦਿੱਤਾ ਜਾਂਦਾ ਹੈ, ਜਿਸ ਨਾਲ ਭਾਰਤੀ ਅਤੇ ਪਾਕਿਸਤਾਨੀ ਖੇਤਰ ਵਿਚ ਪਰਾਲੀ ਤੋਂ ਨਿਕਲਣ ਵਾਲਾ ਧੂੰਆਂ ਇਕੱਠਾ ਹੋ ਜਾਂਦਾ ਹੈ ਅਤੇ ਮਿਲ ਕੇ ਸਮੋਗ ਬਣ ਜਾਂਦੀ ਹੈ। ਪਾਕਿ ਸਰਕਾਰ ਵੀ ਹੁਣ ਤੱਕ ਆਪਣੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਨਹੀਂ ਰੋਕ ਸਕੀ।
500 ਮੀਟਰ ਦੇ ਦਾਇਰੇ 'ਚ ਗਸ਼ਤ ਕਰਦਾ ਹੈ ਇਕ ਜਵਾਨ
ਬਾਰਡਰ 'ਤੇ ਬੀ. ਐੱਸ. ਐੱਫ. ਦੇ ਜਵਾਨਾਂ ਦੀ ਗਸ਼ਤ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਕ ਜਵਾਨ ਨੂੰ 500 ਮੀਟਰ ਦੇ ਦਾਇਰੇ ਵਿਚ ਗਸ਼ਤ ਕਰਨੀ ਪੈਂਦੀ ਹੈ। ਬਾਰਡਰ 'ਤੇ ਇਹ ਇਲਾਕਾ ਰਾਤ ਦੇ ਸਮੇਂ ਹੋਰ ਵੱਧ ਖਤਰਨਾਕ ਹੋ ਜਾਂਦਾ ਹੈ। ਵਿਸ਼ੇਸ਼ ਤੌਰ 'ਤੇ ਧੁੰਦ ਅਤੇ ਦੋਵੇਂ ਪਾਸੇ ਖੜ੍ਹੀ ਫਸਲ ਦੀ ਆੜ 'ਚ ਸਮੱਗਲਰ ਜਵਾਨਾਂ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰਦੇ ਹਨ ਪਰ ਹੁਣ ਤੱਕ ਇੱਕਾ-ਦੁੱਕਾ ਮਾਮਲਿਆਂ ਨੂੰ ਛੱਡ ਕੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਮੱਗਲਰਾਂ ਦੇ ਇਰਾਦਿਆਂ ਨੂੰ ਢੇਰ ਹੀ ਕੀਤਾ ਹੈ। ਹਾਲਾਂਕਿ ਖੇਮਕਰਨ, ਗੁਰਦਾਸਪੁਰ ਅਤੇ ਗੰਗਾਨਗਰ ਬੈਲਟ ਦੇ ਇਲਾਕਿਆਂ 'ਚ ਕਈ ਵਾਰ ਬੀ. ਐੱਸ. ਐੱਫ. ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਸਮੱਗਲਰਾਂ ਨਾਲ ਮਿਲੀਭੁਗਤ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਫਿਲਹਾਲ ਅੰਮ੍ਰਿਤਸਰ ਸੈਕਟਰ 'ਚ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਸਗੋਂ ਕਈ ਵਾਰ ਪਾਕਿਸਤਾਨੀ ਸਮੱਗਲਰਾਂ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਗੋਲੀ ਨਾਲ ਮਾਰ ਸੁੱਟਿਆ ਹੈ। ਕਈ ਵਾਰ ਤਾਂ ਭਾਰਤੀ ਸਮੱਗਲਰਾਂ ਨੂੰ ਵੀ ਬੀ. ਐੱਸ. ਐੱਫ. ਦੇ ਜਵਾਨਾਂ ਨੇ ਗੋਲੀ ਨਾਲ ਮਾਰ ਮੁਕਾਇਆ ਹੈ।
ਏ. ਕੇ. 47 ਨਾਲ ਮੁਕਾਬਲਾ ਕਰਦੇ ਹਨ ਪਾਕਿਸਤਾਨੀ ਸਮੱਗਲਰ
ਪਿਛਲੇ 2 ਸਾਲਾਂ ਦੌਰਾਨ ਇਹ ਦੇਖਣ ਵਿਚ ਆਇਆ ਹੈ ਕਿ ਪਾਕਿਸਤਾਨੀ ਸਮੱਗਲਰ ਹੈਰੋਇਨ ਦੀ ਖੇਪ ਭੇਜਦੇ ਸਮੇਂ ਏ. ਕੇ. 47 ਜਿਹੇ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਆਉਂਦੇ ਹਨ। ਖੇਪ ਨੂੰ ਭਾਰਤੀ ਸਰਹੱਦ ਵਿਚ ਸੁੱਟਦੇ ਸਮੇਂ ਬੀ. ਐੱਸ. ਐੱਫ. ਜਵਾਨਾਂ 'ਤੇ ਹਮਲਾ ਵੀ ਕਰਦੇ ਹਨ। ਜਦੋਂ ਤੋਂ ਬੀ. ਐੱਸ. ਐੱਫ. ਨੇ ਪਾਕਿਸਤਾਨੀ ਸਮੱਗਲਰਾਂ ਨੂੰ ਮਾਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਪਾਕਿਸਤਾਨੀ ਸਮੱਗਲਰਾਂ ਨੇ ਵੀ ਬੀ. ਐੱਸ. ਐੱਫ. ਦੀ ਗਸ਼ਤ ਪਾਰਟੀ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹਨ। ਧੁੰਦ 'ਚ ਤਾਂ ਇਹ ਹੋਰ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ ਕਿਉਂਕਿ ਸਮੱਗਲਰ ਸੱਟ ਲਾ ਕੇ ਹਮਲਾ ਵੀ ਕਰਦੇ ਹਨ ਪਰ ਇਸ ਵਾਰ ਧੁੰਦ ਨਹੀਂ ਸਗੋਂ ਸਮੋਗ ਦੀ ਦੀਵਾਰ ਬਾਰਡਰ 'ਤੇ ਖੜ੍ਹੀ ਹੈ, ਜਿਸ ਨਾਲ ਸਮੱਗਲਰਾਂ ਨੂੰ ਸੱਟ ਲਾਉਣ ਅਤੇ ਲੁਕਣ ਦਾ ਮੌਕਾ ਮਿਲ ਜਾਂਦਾ ਹੈ।
ਪੰਜਾਬ ਬਾਰਡਰ 'ਚ ਅੱਤਵਾਦੀ ਘੁਸਪੈਠ ਦੇ ਮਾਮਲਿਆਂ 'ਚ ਵਾਧਾ
ਇਕ ਪਾਸੇ ਜਿਥੇ ਬੀ. ਐੱਸ. ਐੱਫ. ਦੀ ਮੁਸਤੈਦੀ ਕਾਰਣ ਸਮੱਗਲਿੰਗ ਘੱਟ ਹੋਈ ਹੈ, ਦੂਜੇ ਪਾਸੇ ਪੰਜਾਬ ਬਾਰਡਰ 'ਤੇ ਇਸ ਸਮੇਂ ਅੱਤਵਾਦੀ ਘੁਸਪੈਠ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਹਾਲਾਂਕਿ ਹੁਣ ਤੱਕ ਕਿਸੇ ਵੀ ਸੁਰੱਖਿਆ ਏਜੰਸੀ ਨੇ ਪੁਖਤਾ ਸਬੂਤਾਂ ਦੇ ਤੌਰ 'ਤੇ ਇਹ ਨਹੀਂ ਦੱਸਿਆ ਕਿ ਦੀਨਾਨਗਰ ਅਤੇ ਪਠਾਨਕੋਟ ਦੇ ਹਮਲਿਆਂ ਦੇ ਅੱਤਵਾਦੀ ਪੰਜਾਬ ਬਾਰਡਰ ਤੋਂ ਆਏ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਬਾਰਡਰ 'ਚ ਗੁਰਦਾਸਪੁਰ ਦੇ ਬਮਿਆਲ ਇਲਾਕੇ ਤੋਂ ਘੁਸਪੈਠ ਸੰਭਵ ਹੈ, ਜਿਸ ਨੂੰ ਦੇਖਦਿਆਂ ਬੀ. ਐੱਸ. ਐੱਫ. ਪੂਰੀ ਤਰ੍ਹਾਂ ਚੌਕਸ ਹੈ ਅਤੇ ਗੁਰਦਾਸਪੁਰ ਤੇ ਪਠਾਨਕੋਟ ਸੈਕਟਰ ਵਿਚ 2 ਹਜ਼ਾਰ ਅਤੇ ਨੌਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।