ਔਜਲਾ ਵਲੋਂ ਡੇਅਰੀ ਕੰਪਲੈਕਸ ਦੇ ਪਸ਼ੂ ਹਸਪਤਾਲ ਲਈ 5 ਲੱਖ ਰੁਪਏ ਦੇਣ ਦਾ ਐਲਾਨ
Monday, Sep 09, 2019 - 11:01 AM (IST)

ਅੰਮ੍ਰਿਤਸਰ (ਵਾਲੀਆ) : ਡੇਅਰੀ ਕੰਪਲੈਕਸ ਵਿਖੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਨੌਜਵਾਨਾਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਜਿੱਤ ਦੇ ਸ਼ੁਕਰਾਨੇ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਨਤਮਸਤਕ ਹੋਣ ਪੁੱਜੇ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਤੇ ਯੂਥ ਕਾਂਗਰਸ ਆਗੂ ਵਿਕਾਸ ਸੋਨੀ ਕੌਂਸਲਰ ਨਗਰ ਨਿਗਮ ਅੰਮ੍ਰਿਤਸਰ ਨੇ ਹਾਜ਼ਰੀ ਭਰੀ। ਇਸ ਦੌਰਾਨ ਸੰਬੋਧਨ ਕਰਦਿਆਂ ਔਜਲਾ ਨੇ ਡੇਅਰੀ ਮਾਲਕਾਂ ਦੀ ਕੰਪਲੈਕਸ ਨੂੰ ਜਾਂਦੀ ਖਸਤਾ ਹਾਲਤ ਸੜਕ ਨੂੰ ਬਣਾਉਣ ਦੀ ਚਿਰੋਕਣੀ ਮੰਗ ਸਬੰਧੀ ਕਿਹਾ ਕਿ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਗੱਲਬਾਤ ਕਰ ਕੇ ਇਸ ਸੜਕ ਨੂੰ ਮੰਡੀਕਰਨ ਬੋਰਡ ਤੋਂ ਬਣਾਉਣ ਲਈ ਕਾਰਵਾਈ ਜਲਦ ਅਮਲ 'ਚ ਲਿਆਂਦੀ ਜਾਏਗੀ। ਕੰਪਲੈਕਸ ਨੂੰ ਜਾਂਦੀ ਸੜਕ ਨੂੰ ਪੱਕਾ ਤੇ ਉੱਚਾ ਬਣਾਇਆ ਜਾਵੇਗਾ।
ਔਜਲਾ ਨੇ ਕਿਹਾ ਕਿ ਡੇਅਰੀ ਕੰਪਲੈਕਸ ਵਿਖੇ 300 ਤੋਂ ਜ਼ਿਆਦਾ ਡੇਅਰੀਆਂ ਹਨ। ਇਸ ਲਈ ਕੰਪਲੈਕਸ ਵਿਖੇ ਪਸ਼ੂ ਹਸਤਪਾਲ ਦਾ ਖੁਦ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਪਸ਼ੂ ਹਸਪਤਾਲ ਦੀ ਖਸਤਾ ਹਾਲ ਇਮਾਰਤ ਨੂੰ ਦੇਖਦਿਆਂ ਹੀ ਆਪਣੇ ਅਖਤਿਆਰੀ ਫੰਡ ਵਿਚੋਂ 5 ਲੱਖ ਰੁਪਏ ਪਸ਼ੂ ਹਸਪਤਾਲ ਦੀ ਇਮਾਰਤ ਲਈ ਦੇਣ ਦਾ ਐਲਾਨ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਮਿਲਕੇ ਪੰਜਾਬ ਸਰਕਾਰ ਤੋਂ ਅੰਮ੍ਰਿਤਸਰ ਦੇ ਡੇਅਰੀ ਕੰਪਲੈਕਸ ਲਈ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਾਉਣ ਲਈ ਯਤਨ ਕਰਨਗੇ ਤੇ ਕੰਪਲੈਕਸ ਦੇ ਵਿਕਾਸ ਲਈ ਗ੍ਰਾਂਟਾਂ ਦੀ ਕਮੀਂ ਨਹੀਂ ਆਉਣ ਦੇਣਗੇ।