ਆੜ੍ਹਤੀਆਂ ਵਲੋਂ ਪੰਜਾਬ ਦੀਆਂ ਸਾਰੀਆਂ ਦਾਣਾ ਮੰਡੀਆਂ 3 ਦਿਨ ਬੰਦ ਕਰਨ ਦਾ ਐਲਾਨ

Saturday, Dec 05, 2020 - 09:50 AM (IST)

ਅੰਮ੍ਰਿਤਸਰ (ਦਲਜੀਤ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨ ਖ਼ਿਲਾਫ਼ ਹੁਣ ਪੰਜਾਬ 'ਚ ਆੜ੍ਹਤੀ ਵਰਗ ਵੀ ਕਿਸਾਨਾਂ ਦੇ ਸਮਰਥਨ 'ਚ ਆ ਗਿਆ ਹੈ। ਆੜ੍ਹਤੀਆਂ ਵਲੋਂ 7 ਤੋਂ 9 ਦਸੰਬਰ ਤਕ ਪੰਜਾਬ ਦੀਆਂ ਸਾਰੀਆਂ ਦਾਣਾ ਮੰਡੀਆਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 8 ਦਸੰਬਰ ਨੂੰ ਕਿਸਾਨਾਂ ਦੇ ਧਰਨੇ ਵਿਚ ਸਮਰਥਨ ਦੇਣ ਲਈ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ

ਆੜ੍ਹਤੀ ਵਰਗ ਕਿਸਾਨਾਂ ਨਾਲ ਇਕ ਪਲੇਟਫਾਰਮ 'ਤੇ ਖੜ੍ਹਾ ਹੈ
ਦਾਣਾ ਮੰਡੀ ਭਗਤਾਂਵਾਲਾ ਵਿਖੇ ਰੋਸ ਪ੍ਰਦਰਸ਼ਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਕੱਚਾ ਗੱਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਦੱਸਿਆ ਕਿ ਆੜ੍ਹਤੀ ਵਰਗ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਦਾ ਹੈ ਅਤੇ ਇਕਜੁੱਟ ਹੋ ਕੇ ਕਿਸਾਨ ਪੇਸ਼ੇ ਨੂੰ ਬਚਾਉਣ ਲਈ ਇਕ ਪਲੇਟਫਾਰਮ 'ਤੇ ਖੜ੍ਹਾ ਹੈ। ਇਸ ਮੌਕੇ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵਿਜੇ ਕਾਲੜਾ ਨੇ ਸ਼ੁੱਕਰਵਾਰ ਅੰਮ੍ਰਿਤਸਰ ਦਾ ਦੌਰਾ ਕੀਤਾ। ਇਸ ਦੌਰਾਨ ਉਹ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਦੇ ਦਫ਼ਤਰ ਵੀ ਗਏ ਅਤੇ ਉੱਥੇ ਉਨ੍ਹਾਂ ਨਾਲ ਮੁਲਾਕਾਤ ਲਈ ਵੱਲਾ ਸਬਜ਼ੀ ਮੰਡੀ ਅਤੇ ਭਗਤਾਂ ਵਾਲਾ ਦਾਣਾ ਮੰਡੀ ਦੇ ਕਾਰੋਬਾਰੀ ਵੀ ਪਹੁੰਚੇ ਹੋਏ ਸਨ ।

ਇਹ ਵੀ ਪੜ੍ਹੋ : ਕੰਗਣਾ ਦੀਆਂ ਵਧੀਆਂ ਮੁਸ਼ਕਲਾਂ, ਮੋਗਾ ਦੇ ਐਡਵੋਕੇਟ ਨੇ ਭੇਜਿਆ ਕਾਨੂੰਨੀ ਨੋਟਿਸ

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਰੁਣ ਕੁਮਾਰ ਪੱਪਲ, ਜ਼ਿਲਾ ਮੰਡੀ ਬੋਰਡ ਅਫਸਰ ਅਮਰਜੀਤ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਅਮਰਦੀਪ ਸਿੰਘ ਕੌੜਾ, ਵੱਲਾ ਮੰਡੀ ਤੋਂ ਫਰੂਟ ਐਂਡ ਵੈਜ਼ੀਟੇਬਲ ਮਰਚੈਂਟਸ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ, ਜਨਰਲ ਸਕੱਤਰ ਜਤਿੰਦਰ ਖੁਰਾਣਾ, ਉੱਪ ਪ੍ਰਧਾਨ ਅਨਿਲ ਮਹਿਰਾ, ਬੁਲਾਰਾ ਇੰਦਰ ਬੀਰ ਸਿੰਘ ਬਿੱਲਾ ਅਤੇ ਲੇਬਰ ਯੂਨੀਅਨ ਦੇ ਪ੍ਰਧਾਨ ਰਾਕੇਸ਼ ਤੁਲੀ ਆਦਿ ਹਾਜ਼ਰ ਸਨ। ਇਸ ਮੌਕੇ ਜਿੱਥੇ ਕਾਲੜਾ ਨੇ ਵਪਾਰੀਆਂ ਨੂੰ ਜਾਗਰੂਕ ਕੀਤਾ, ਉੱਥੇ ਹੀ ਕਿਸਾਨਾਂ ਦੇ ਸਮਰਥਨ ਦੀ ਅਪੀਲ ਕੀਤੀ।


Baljeet Kaur

Content Editor

Related News