ਅਮਰਿੰਦਰ ਨੇ ਰਾਜਨਾਥ ਨੂੰ ਪੱਤਰ ਲਿਖ ਕੇ ਨਸ਼ਾ ਸਮੱਗਲਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਫੈਸਲੇ ਦੀ ਜਾਣਕਾਰੀ ਦਿੱਤੀ

Thursday, Jul 05, 2018 - 02:07 AM (IST)

ਜਲੰਧਰ/ਚੰਡੀਗੜ੍ਹ  (ਧਵਨ, ਅਸ਼ਵਨੀ)  - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਕੈਬਨਿਟ ਵਲੋਂ ਨਸ਼ਾ ਸਮੱਗਲਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਪਾਸ ਕੀਤੇ ਗਏ ਪ੍ਰਸਤਾਵ ਬਾਰੇ ਲਿਖਤੀ ਤੌਰ 'ਤੇ ਜਾਣਕਾਰੀ ਦਿੱਤੀ। ਕੈਪਟਨ ਨੇ ਪੱਤਰ 'ਚ ਰਾਜਨਾਥ ਸਿੰਘ ਨੂੰ ਦੱਸਿਆ ਕਿ ਪੰਜਾਬ ਦੇਸ਼ 'ਚ ਅਜਿਹਾ ਪਹਿਲਾ ਸੂਬਾ ਹੈ, ਜਿਸਨੇ ਨਸ਼ਾ ਸਮੱਗਲਰਾਂ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ 'ਚ ਨਸ਼ਿਆਂ ਨੂੰ ਪੂਰੀ ਤਰ੍ਹਾਂ ਜੜ੍ਹੋਂ ਉਖਾੜ ਕੇ ਸੁੱਟਣ ਪ੍ਰਤੀ ਸੰਕਲਪ ਹੈ ਕਿਉਂਕਿ ਨਸ਼ਿਆਂ ਕਾਰਨ ਸੂਬੇ 'ਚ ਜਵਾਨੀ ਤਬਾਹ ਹੋ ਰਹੀ ਹੈ। ਪੰਜਾਬ 'ਚ ਨਸ਼ਿਆਂ ਨੂੰ ਖਤਮ ਕਰਨ ਦੀ ਦਿਸ਼ਾ 'ਚ ਪੰਜਾਬ ਸਰਕਾਰ ਨੇ ਪਹਿਲ ਕਰ ਦਿੱਤੀ ਹੈ। ਹੁਣ ਕੇਂਦਰ ਸਰਕਾਰ ਨੂੰ ਕੈਬਨਿਟ ਵਲੋਂ ਪਾਸ ਕੀਤੇ ਗਏ ਪ੍ਰਸਤਾਵ ਨੂੰ ਮਨਜ਼ੂਰ ਕਰਨਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਪੰਜਾਬ ਸਰਕਾਰ ਦੇ ਨਸ਼ਾ ਸਮੱਗਲਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦੇਣੀ ਚਾਹੀਦੀ ਹੈ। ਇਸ ਨਾਲ ਨਸ਼ਾ ਸਮੱਗਲਰਾਂ ਦੇ ਅੰਦਰ ਡਰ ਦੀ ਭਾਵਨਾ ਆਏਗੀ ਅਤੇ ਜਾਂ ਤਾਂ ਉਹ ਪੂਰੀ ਤਰ੍ਹਾਂ ਪੰਜਾਬ ਨੂੰ ਛੱਡ ਕੇ ਦੌੜ ਜਾਣਗੇ ਜਾਂ ਫਿਰ ਨਸ਼ਿਆਂ ਦੇ ਕੰਮ ਤੋਂ ਤੌਬਾ ਕਰ ਲੈਣਗੇ। ਨਸ਼ਿਆਂ ਦੇ ਮਾਮਲੇ 'ਚ ਸਰਕਾਰ ਹੁਣ ਹੋਰ ਪੰਜਾਬ ਦਾ ਨੁਕਸਾਨ ਨਹੀਂ ਹੋਣ ਦੇਵੇਗੀ ਅਤੇ ਨਸ਼ਿਆਂ 'ਚ ਫਸੇ ਨੌਜਵਾਨਾਂ ਦਾ ਇਲਾਜ ਪੰਜਾਬ ਸਰਕਾਰ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਕਰਵਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਸਰਕਾਰ ਉਨ੍ਹਾਂ ਦਾ ਪੁਨਰਵਾਸ ਵੀ ਕਰਵਾਏਗੀ। ਅਜਿਹਾ ਕਰਨ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚ ਜਾਣ ਤੋਂ ਰੋਕਿਆ ਜਾ ਸਕੇਗਾ। ਮੁੱਖ ਮੰਤਰੀ ਨੇ ਨਸ਼ਾ ਸਮੱਗਲਰਾਂ ਨੂੰ ਕਿਹਾ ਕਿ ਉਹ ਨਸ਼ਿਆਂ ਦੇ ਕਾਰੋਬਾਰ ਨੂੰ ਤਿਆਗ ਦੇਣ, ਨਹੀਂ ਤਾਂ ਹੁਣ ਉਨ੍ਹਾਂ ਦੀ ਖੈਰ ਨਹੀਂ। ਸਰਕਾਰ ਅਤੇ ਸੂਬਾ ਪੁਲਸ ਹੁਣ ਸੂਬੇ 'ਚ ਨਸ਼ਿਆਂ ਨੂੰ ਕਿਸੇ ਵੀ ਹਿੱਸੇ 'ਚ ਵਿਕਣ ਨਹੀਂ ਦੇਵੇਗੀ।


Related News