ਵਿਆਹ ਕਰਵਾ ਕੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ

10/02/2023 1:46:01 PM

ਮੋਗਾ (ਆਜ਼ਾਦ) : ਮੋਗਾ ਨਿਵਾਸੀ ਮਨਦੀਪ ਕੌਰ ਨੂੰ ਵਿਆਹ ਕਰਕੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਲੱਖਾਂ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਪੁਲਸ ਨੇ ਜਾਂਚ ਤੋਂ ਬਾਅਦ ਪੀੜਤਾ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਮੋਗਾ ਵਿਚ ਉਸ ਦੇ ਪਤੀ ਗੁਰਬਿੰਦਰ ਸਿੰਘ, ਸੱਸ ਗੁਰਦੇਵ ਕੌਰ ਅਤੇ ਸਹੁਰੇ ਅਮਰਜੀਤ ਸਿੰਘ ਨਿਵਾਸੀ ਬਸਤੀ ਗੋਬਿੰਦਗੜ੍ਹ ਮੋਗਾ ਹਾਲ ਅਬਾਦ ਯੂ. ਐੱਸ. ਏ. ਖ਼ਿਲਾਫ਼ ਧੋਖਾਧੜੀ ਅਤੇ ਕਥਿਤ ਮਿਲੀਭੁਗਤ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਕਿਹਾ ਕਿ ਉਸਦਾ ਵਿਆਹ 16 ਜੂਨ 2019 ਨੂੰ ਰਾਇਲ ਪੈਲੇਸ ਮੋਗਾ ਵਿਚ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਗੁਰਵਿੰਦਰ ਸਿੰਘ ਨਾਲ ਹੋਇਆ ਸੀ, ਜਿਸ ’ਤੇ ਅਸੀਂ 9 ਲੱਖ ਰੁਪਏ ਖਰਚ ਕੀਤਾ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਸੋਨੇ ਦੇ ਗਹਿਣੇ ਦਿੱਤੇ ਗਏ, ਜਦਕਿ ਹੋਰ ਸਮਾਨ ਲਈ 3 ਲੱਖ ਰੁਪਏ ਨਕਦ ਵੀ ਦਿੱਤੇ, ਪਰ ਮੇਰੇ ਸਹੁਰੇ ਪਰਿਵਾਰ ਵਾਲੇ ਦਾਜ ਤੋਂ ਖੁਸ਼ ਨਹੀਂ ਸਨ ਅਤੇ ਮੈਨੂੰ ਤਾਨੇ-ਮਿਹਣੇ ਮਾਰਨ ਲੱਗੇ। ਵਿਆਹ ਤੋਂ ਬਾਅਦ 25 ਜੁਲਾਈ 2019 ਨੂੰ ਮੇਰਾ ਪਤੀ ਅਤੇ ਉਸ ਦੇ ਮਾਤਾ-ਪਿਤਾ ਅਮਰੀਕਾ ਵਾਪਸ ਚਲੇ ਗਏ ਅਤੇ ਕਿਹਾ ਕਿ ਜਲਦ ਹੀ ਉਹ ਸਪਾਂਸਰਸ਼ਿਪ ਭੇਜ ਦੇਣਗੇ ਅਤੇ ਵੀਜ਼ੇ ਦਾ ਪ੍ਰਬੰਧ ਕਰਨਗੇ।

ਇਸ ਦੌਰਾਨ ਜਦ ਉਹ ਫਰਵਰੀ 2020 ਵਿਚ ਵਾਪਸ ਇੰਡੀਆ ਆਏ ਤਾਂ ਕਹਿਣ ਲੱਗੇ ਕਿ ਪੈਸਿਆਂ ਦੀ ਘਾਟ ਦੇ ਕਾਰਣ ਵੀਜ਼ਾ ਅਪਲਾਈ ਨਹੀਂ ਕੀਤਾ। ਮੇਰੇ ਪਿਤਾ ਨੇ ਉਨ੍ਹਾਂ ਨੂੰ 5 ਲੱਖ ਰੁਪਏ ਦਿੱਤੇ ਅਤੇ 5 ਲੱਖ ਬਾਅਦ ਵਿਚ ਦੇਣ ਦੀ ਗੱਲ ਕੀਤੀ, ਜਿਸ ’ਤੇ ਕਥਿਤ ਦੋਸ਼ੀ ਜੂਨ 2020 ਵਿਚ ਵਾਪਸ ਚਲੇ ਗਏ ਅਤੇ ਕਿਹਾ ਕਿ ਜਲਦ ਹੀ ਉਸ ਨੂੰ ਅਮਰੀਕਾ ਬੁਲਾ ਲੈਣਗੇ। ਬੀਤੀ 29 ਨਵੰਬਰ 2020 ਨੂੰ ਮੈਂ ਇਕ ਬੇਟੇ ਨੂੰ ਜਨਮ ਦਿੱਤਾ, ਪਰ ਕੋਈ ਵੀ ਮੇਰਾ ਪਤਾ ਲੈਣ ਲਈ ਨਹੀਂ ਆਇਆ। ਜਦ ਵੀ ਮੈਂ ਫੋਨ ’ਤੇ ਗੱਲਬਾਤ ਕਰਦੀ ਤਾਂ ਉਹ ਕੋਰੋਨਾ ਕਾਲ ਦਾ ਬਹਾਨਾ ਲਾ ਕੇ ਟਾਲ-ਮਟੋਲ ਕਰ ਦਿੰਦੇ।

ਇਸ ਦੇ ਬਾਅਦ ਵੀ ਉਹ ਕਈ ਵਾਰ ਇੰਡੀਆ ਆਏ ਅਤੇ ਮੇਰੇ ਨਾਲ ਹੀ ਰਹੇ ਪਰ ਅਮਰੀਕਾ ਬੁਲਾਉਣ ਤੋਂ ਟਾਲ-ਮਟੋਲ ਕਰਨ ਲੱਗੇ ਅਤੇ ਪੰਜ ਲੱਖ ਰੁਪਏ ਦੀ ਮੰਗ ਕਰਨ ਲੱਗੇ, ਜੋ ਅਸੀਂ ਮਕਾਨ ਵਿੱਕਰੀ ਕਰ ਕੇ ਦਿੱਤੇ ਪਰ ਹੁਣ ਕਥਿਤ ਦੋਸ਼ੀਆਂ ਨੇ ਮੇਰਾ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਦਾ ਨੰਬਰ ਬਲਾਕ ਕਰ ਦਿੱਤਾ ਹੈ ਅਤੇ ਕੋਈ ਗੱਲ ਨਹੀਂ ਸੁਣ ਰਿਹਾ। ਪੀੜਤਾ ਨੇ ਕਿਹਾ ਕਿ ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਸਾਡੇ ਲੱਖਾਂ ਰੁਪਏ ਹੜੱਪ ਲਏ ਅਤੇ ਮੈਂਨੂੰ ਅਮਰੀਕਾ ਨਹੀਂ ਬੁਲਾਇਆ।
ਉਧਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਪਰ ਕਥਿਤ ਦੋਸ਼ੀ ਅਮਰੀਕਾ ਹੋਣ ਕਾਰਣ ਉਨ੍ਹਾਂ ਨੇ ਈਮੇਲ ਰਾਹੀਂ ਆਪਣਾ ਪੱਖ ਭੇਜਿਆ। ਜਾਂਚ ਅਧਿਕਾਰੀ ਨੇ ਜਾਂਚ ਸਮੇਂ ਹੋਰ ਲੋਕਾਂ ਦੇ ਵੀ ਬਿਆਨ ਦਰਜ ਕੀਤੇ। ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਅਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News